ਆਯੂਸ਼ਮਾਨ ਸਿਹਤ ਬੀਮਾ ਯੋਜਨਾ ਵਿਚ 88 ਕਰੋੜ ਰੁਪਏ ਤੋਂ ਵੱਧ ਦੇ ਕਲੇਮ ਦਿੱਤੇ-ਡਿਪਟੀ ਕਮਿਸ਼ਨਰ
ਹਰੇਕ ਸਰਕਾਰੀ ਹਸਪਤਾਲ ਵਿਚ ਇਲਾਜ ਸਬੰਧੀ ਸਹੂਲਤਾਂ ਦਰਸਾਉਂਦੀ ਐਲ. ਈ. ਡੀ. ਲਗਾਉਣ ਦੀ ਹਦਾਇਤ
ਅੰਮਿ੍ਰਤਸਰ, 25 ਜੂਨ -ਡਿਪਟੀ ਕਮਿਸ਼ਨਰ ਅੰਮਿ੍ਰਤਸਰ ਸ. ਗੁਰਪ੍ਰੀਤ ਸਿੰਘ ਖਹਿਰਾ ਨੇ ਆਯੂਸ਼ਮਾਨ ਭਾਰਤ ਸਰਬਤ ਸਿਹਤ ਬੀਮਾ ਯੋਜਨਾ ਦੀ ਪ੍ਰਗਤੀ ਰਿਪੋਰਟ ਦੀ ਸਮੀਖਿਆ ਕਰਦੇ ਸਿਵਲ ਸਰਜਨ ਡਾ. ਚਰਨਜੀਤ ਸਿੰਘ ਨੂੰ ਹਦਾਇਤ ਕੀਤੀ ਕਿ ਉਹ ਹਰੇਕ ਸਰਕਾਰੀ ਹਸਪਤਾਲ ਵਿਚ ਇਲਾਜ ਸਬੰਧੀ ਸਹੂਲਤਾਂ ਦੀ ਜਾਣਕਾਰੀ ਦੇਣ ਲਈ ਐਲ. ਈ. ਡੀ. ਲਗਾਉਣ, ਤਾਂ ਜੋ ਹਸਪਤਾਲ ਆਉਣ ਵਾਲੇ ਲੋਕਾਂ ਨੂੰ ਸਹੂਲਤਾਂ ਲਈ ਖੱਜ਼ਲ ਨਾ ਹੋਣਾ ਪਵੇ। ਸ. ਖਹਿਰਾ ਨੇ ਕਿਹਾ ਕਿ ਸਰਕਾਰ ਦੀ ਇਹ ਸਕੀਮ ਆਮ ਲੋਕਾਂ ਲਈ ਵੱਡੀ ਰਾਹਤ ਹੈ, ਜਿਸ ਨਾਲ ਰਜਿਸਟਰਡ ਕੀਤੇ ਪਰਿਵਾਰਾਂ ਦਾ ਇਲਾਜ ਬਿਨਾਂ ਕਿਸੇ ਖਰਚੇ ਦੇ ਕੀਤਾ ਜਾਂਦਾ ਹੈ। ਉਨਾਂ ਕਿਹਾ ਕਿ ਭਾਵੇਂ ਸਾਡੇ ਜਿਲ੍ਹੇ ਵਿਚ ਇਸ ਸਕੀਮ ਅਧੀਨ 88 ਕਰੋੜ ਰੁਪਏ ਤੋਂ ਵੱਧ ਦੇ ਕਲੇਮ ਦਰਜ ਕੀਤੇ ਗਏ ਹਨ, ਪਰ ਇਸ ਵਿਚ ਹੋਰ ਵਾਧਾ ਕਰਨ ਦੀ ਲੋੜ ਹੈ। ਸ. ਖਹਿਰਾ ਨੇ ਕਿਹਾ ਕਿ ਸਰਕਾਰੀ ਹਸਪਤਾਲਾਂ ਵਿਚ ਹੁਣ ਕਿਸੇ ਵੀ ਤਰਾਂ ਦੀ ਕਮੀ ਨਹੀਂ ਪਰ ਲੋਕਾਂ ਨੂੰ ਇਨਾਂ ਪ੍ਰਤੀ ਖਿੱਚਣ ਲਈ ਜ਼ਰੂਰੀ ਹੈ ਕਿ ਸਟਾਫ ਦਾ ਵਿਵਹਾਰ ਆਏ ਮਰੀਜਾਂ ਨਾਲ ਹਮਦਰਦੀ ਵਾਲਾ ਹੋਵੇ।
ਇਸ ਮੌਕੇ ਸਿਵਲ ਸਰਜਨ ਡਾ. ਚਰਨਜੀਤ ਸਿੰਘ ਨੇ ਦੱਸਿਆ ਕਿ ਸਾਡੇ ਜਿਲ੍ਹੇ ਵਿਚ 3 ਲੱਖ 28 ਹਜ਼ਾਰ 459 ਪਰਿਵਾਰਾਂ ਦੇ ਕਾਰਡ ਇਸ ਸਕੀਮ ਅਧੀਨ ਬਣਾਏ ਗਏ ਹਨ, ਜਿੰਨਾਂ ਵਿਚ 288103 ਰਾਸ਼ਨ ਕਾਰਡ ਹੋਲਡਰ, ਉਸਾਰੀ ਕਿਰਤੀਆਂ ਦੇ 12060, ਜੇ ਫਾਰਮ ਲੈਣ ਵਾਲੇ ਕਿਸਾਨਾਂ ਦੇ 25632, ਛੋਟੇ ਵਪਾਰੀਆਂ ਦੇ 2381 ਅਤੇ ਪ੍ਰੈਸ ਰਿਪੋਰਟਰ ਦੇ 283 ਕਾਰਡ ਬਣੇ ਹਨ। ਉਨਾਂ ਦੱਸਿਆ ਕਿ ਅੱਜ ਤੱਕ 2 ਲੱਖ 41 ਹਜ਼ਾਰ ਪਰਿਵਾਰ ਇਸ ਸਕੀਮ ਦਾ ਲਾਭ ਲੈ ਚੁੱਕੇ ਹਨ ਅਤੇ ਉਨਾਂ ਵੱਖ-ਵੱਖ ਸਰਕਾਰੀ ਤੇ ਗੈਰ ਸਰਕਾਰੀ ਹਸਪਤਾਲਾਂ ਵਿਚੋਂ ਮੁਫ਼ਤ ਇਲਾਜ ਕਰਵਾਇਆ ਹੈ। ਡਾ. ਚਰਨਜੀਤ ਸਿੰਘ ਨੇ ਦੱਸਿਆ ਕਿ ਅੰਮਿ੍ਰਤਸਰ ਜ਼ਿਲ੍ਹੇ ਵਿਚ ਕੁੱਲ 105 ਹਸਪਤਾਲਾਂ ਨੂੰ ਇਸ ਸਕੀਮ ਅਧੀਨ ਇਲਾਜ ਦੇਣ ਵਾਲੇ ਰਜਿਸਟਰਡ ਕੀਤਾ ਗਿਆ ਹੈ, ਜਿਸ ਵਿਚ 10 ਸਰਕਾਰੀ ਅਤੇ 95 ਗੈਰ ਸਰਕਾਰੀ ਹਸਪਤਾਲ ਸ਼ਾਮਿਲ ਹਨ। ਸਿਵਲ ਸਰਜਨ ਨੇ ਦੱਸਿਆ ਕਿ ਇਸ ਸਕੀਮ ਅਧੀਨ 1469 ਬਿਮਾਰੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ, ਜਿਸ ਵਿਚੋਂ 180 ਬਿਮਾਰੀਆਂ ਦਾ ਇਲਾਜ ਕੇਵਲ ਸਰਕਾਰੀ ਹਸਪਤਾਲਾਂ ਵਿਚੋਂ ਹੀ ਕਰਵਾਇਆ ਜਾ ਸਕਦਾ ਹੈ। ਉਨਾਂ ਕਿਹਾ ਕਿ ਜੇਕਰ ਕਿਸੇ ਕਾਰਨ ਉਕਤ ਬਿਮਾਰੀ ਦਾ ਡਾਕਟਰ ਸਬੰਧਤ ਸਰਕਾਰੀ ਹਸਪਤਾਲ ਵਿਚ ਨਾ ਹੋਵੇ ਤਾਂ ਸਰਕਾਰੀ ਹਸਪਤਾਲ ਤੋਂ ਰੈਫਰ ਕਰਵਾ ਕੇ ਇਹ ਇਲਾਜ ਨਿੱਜੀ ਹਸਪਤਾਲ ਵਿਚੋਂ ਵੀ ਇਸ ਸਕੀਮ ਅਧੀਨ ਮੁਫਤ ਕਰਵਾਇਆ ਜਾ ਸਕਦਾ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਕੀਮ ਦਾ ਲਾਭ ਲੈਣ ਅਤੇ ਰਜਿਸਟਰਡ ਹਸਪਤਾਲਾਂ ਵਿਚ ਹੀ ਪਹੁੰਚ ਕਰਨ। ਇਸ ਮੌਕੇ ਸਹਾਇਕ ਕਮਿਸ਼ਨਰ ਸ੍ਰੀਮਤੀ ਅਲਕਾ ਕਾਲੀਆ ਤੇ ਸ੍ਰੀਮਤੀ ਅਨਮਜੋਤ ਕੌਰ, ਡਿਪਟੀ ਮੈਡੀਕਲ ਕਮਿਸ਼ਨਰ ਗੁਰਮੀਤ ਕੌਰ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।