ਆਮ ਆਦਮੀ ਪਾਰਟੀ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਭੇਜ ਸਕਦੀ ਹੈ ਰਾਜ ਸਭਾ!
ਖਾਲੀ ਹੋਣ ਵਾਲੀਆਂ 2 ਰਾਜ ਸਭਾ ਸੀਟਾਂ ਦੀਆਂ ਚੋਣਾਂ ਲਈ ਨਾਮਜ਼ਦਗੀਆਂ ਭਰਨ ਦੇ ਸਿਰਫ 3 ਦਿਨ ਬਾਕੀ
ਚੰਡੀਗੜ੍ਹ,28 ਮਈ(ਵਿਸ਼ਵ ਵਾਰਤਾ)- ਪੰਜਾਬ ਦੀਆਂ ਖਾਲੀ ਹੋ ਰਹੀਆਂ 2 ਰਾਜ ਸਭਾ ਸੀਟਾਂ ਤੇ 92 ਵਿਧਾਇਕਾਂ ਵਾਲੀ ਆਮ ਆਦਮੀ ਪਾਰਟੀ ਵੱਲੋਂ ਕਬਜਾ ਤਾਂ ਤੈਅ ਹੀ ਹੈ ਪਰ,ਪਾਰਟੀ ਵੱਲੋਂ ਅਜੇ ਤੱਕ ਆਪਣੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਗਿਆ ਹੈ। ਇਸ ਵਿਚਾਲੇ ਬੀਤੇ ਕੱਲ੍ਹ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਕੀਤੀ ਗਈ ਮੁਲਾਕਾਤ ਤੋਂ ਬਾਅਦ ਇਹ ਕਿਆਸਰਾਈਆਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ ਕਿ ਆਮ ਆਦਮੀ ਪਾਰਟੀ ਉਹਨਾਂ ਨੂੰ ਰਾਜ ਸਭਾ ਵਿੱਚ ਭੇਜ ਸਕਦੀ ਹੈ । ਦੱਸ ਦਈਏ ਕਿ ਸੰਤ ਬਲਬੀਰ ਸਿੰਘ ਸੀਚੇਵਾਲ ਇੱਕ ਸਮਾਜਿਕ ਵਾਤਵਾਰਣ ਕਾਰਜਕਰਤਾ ਹਨ ਪੰਜਾਬ ਵਿੱਚ ਨਦੀ ਪ੍ਰਦੂਸ਼ਣ ਵਿਰੋਧੀ ਮੁਹਿੰਮ ਦੀ ਅਗਵਾਈ ਕੀਤੀ ਅਤੇ 110 ਮੀਲ ਲੰਬੀ ਕਾਲੀ ਬੇਂਈ ਨਦੀ ਨੂੰ ਸਾਫ ਕਰਕੇ ਮੁੜ ਸੁਰਜੀਤ ਕੀਤਾ ਹੈ। ਉਹਨਾਂ ਦੇ ਇਸ ਕੰਮ ਲਈ ਭਾਰਤ ਸਰਕਾਰ ਉਹਨਾਂ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਵੀ ਕਰ ਚੁੱਕੀ ਹੈ। ਇਸ ਦੇ ਨਾਲ ਹੀ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਦਾ ਨਾਮ ਵੀ ਚਰਚਾ ਵਿੱਚ ਹੈ। ਦੱਸ ਦਈਏ ਕਿ ਪਿਛਲੀ ਵਾਰ ਵੀ ਉਹਨਾਂ ਦਾ ਨਾਮ ਲਗਭਗ ਤੈਅ ਮੰਨਿਆ ਜਾ ਰਿਹਾ ਸੀ। ਪਰ ਪਾਰਟੀ ਨੇ ਪੰਜਾਬ ਵਿੱਚ ਪਾਰਟੀ ਦੇ ਸਹਿ ਇੰਚਾਰਜ ਰਾਘਵ ਚੱਢਾ, ਸਾਬਕਾ ਕ੍ਰਿਕਟਰ ਹਰਭਜਨ ਸਿੰਘ, ਆਈਆਈਟੀ ਦਿੱਲੀ ਦੇ ਅਸਿਸਟੈਂਟ ਪ੍ਰੋਫੈਸਰ ਸੰਦੀਪ ਪਾਠਕ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਚਾਂਸਲਰ ਅਸ਼ੋਕ ਮਿੱਤਲ ਅਤੇ ਪੰਜਾਬ ਦੇ ਉਦਯੋਗਪਤੀ ਸੰਜੀਵ ਅਰੋੜਾ ਨੂੰ ਰਾਜ ਸਭਾ ਭੇਜ ਦਿੱਤਾ ਸੀ। ਦੱਸ ਦਈਏ ਕਿ ਪੰਜਾਬ ਤੋਂ ਕਾਂਗਰਸ ਦੇ ਰਾਜ ਸਭਾ ਮੈਂਬਰ ਅੰਬਿਕਾ ਸੋਨੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬਲਵਿੰਦਰ ਸਿੰਘ ਭੂੰਦੜ ਦਾ ਕਾਰਜਕਾਲ ਅਗਲੇ ਮਹੀਨੇ 4 ਤਰੀਕ ਨੂੰ ਪੂਰਾ ਹੋਣ ਵਾਲਾ ਹੈ। ਇਹ ਵੀ ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਦੀਆਂ ਪੰਜ ਰਾਜ ਸਭਾ ਸੀਟਾਂ ਤੇ ਆਮ ਆਦਮੀ ਪਾਰਟੀ ਨੇ ਬਿਨਾਂ ਮੁਕਾਬਲਾ ਹੀ ਆਪਣੇ ਉਮੀਦਵਾਰ ਰਾਜ ਸਭਾ ਭੇਜ ਦਿੱਤੇ ਹਨ।