ਜੰਡਿਆਲਾ ਗੁਰੂ ਹਲਕੇ ਦੇ ਵਪਾਰੀ ਆਮ ਆਦਮੀ ਪਾਰਟੀ ਦੇ ਹੱਕ ਵਿਚ ਨਿੱਤਰੇ
ਜੰਡਿਆਲਾ ਗੁਰੂ, 25 ਅਪ੍ਰੈਲ (ਵਿਸ਼ਵ ਵਾਰਤਾ )– ਆ ਰਹੀਆਂ ਲੋਕ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਵੱਲੋਂ ਹਲਕਾ ਖਡੂਰ ਸਾਹਿਬ ਤੋਂ ਚੋਣ ਮੈਦਾਨ ਵਿਚ ਉਤਾਰੇ ਗਏ ਉਮੀਦਵਾਰ ਸ. ਲਾਲਜੀਤ ਸਿੰਘ ਭੁੱਲਰ ਲੋਕ ਨੇਤਾ ਹੈ ਅਤੇ ਉਹ ਹਲਕੇ ਦੇ ਲੋਕਾਂ ਵੱਲੋਂ ਮਿਲ ਰਹੇ ਪਿਆਰ ਸਦਕਾ ਇਸ ਹਲਕੇ ਤੋਂ ਭਾਰੀ ਬਹੁਮਤ ਨਾਲ ਸੀਟ ਜਿੱਤ ਕੇ ਇੰਡੀਆ ਗਠਜੋੜ ਦੇ ਹੱਥ ਮਜ਼ਬੂਤ ਕਰੇਗਾ। ਅੱਜ ਜੰਡਿਆਲਾ ਗੁਰੂ ਹਲਕੇ ਦੇ ਟਰੇਡ ਵਿੰਗ ਨਾਲ ਮੀਟਿੰਗ ਕਰਨ ਮਗਰੋਂ ਸ. ਹਰਭਜਨ ਸਿੰਘ ਨੇ ਕਿਹਾ ਕਿ ਪੰਜਾਬ ਦੇ ਸੂਝਵਾਨ ਲੋਕ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀਆਂ ਲੋਕ ਪੱਖੀ ਨੀਤੀਆਂ ਦੇ ਕਦਰਦਾਨ ਹਨ ਅਤੇ ਚੋਣ ਪ੍ਰਚਾਰ ਦੌਰਾਨ ਲੋਕਾਂ ਦਾ ਮਿਲ ਰਿਹਾ ਰੱਜਵਾਂ ਪਿਆਰ ਇਸ ਗੱਲ ਦਾ ਗਵਾਹ ਹੈ ਕਿ ਸਾਡੇ ਉਮੀਦਵਾਰ ਦੀ ਜਿੱਤ ਯਕੀਨੀ ਹੈ, ਬਸ ਐਲਾਨ ਹੋਣਾ ਬਾਕੀ ਹੈ। ਉਨਾਂ ਕਿਹਾ ਕਿ ਤੁਹਾਡੇ ਦੁਆਰਾ ਚੁਣੀ ਗਈ ਸਰਕਾਰ ਨੇ ਪਿਛਲੇ ਦੋ ਸਾਲਾਂ ਵਿਚ ਜੋ ਕੀਰਤੀਮਾਨ ਕਰ ਵਿਖਾਏ ਹਨ, ਉਹ ਪਿਛਲੀਆਂ ਸਰਕਾਰਾਂ 75 ਸਾਲਾਂ ਵਿਚ ਕਰ ਤਾਂ ਕੀ ਸੋਚ ਵੀ ਨਹੀਂ ਸਕੀਆਂ। ਹਰ ਘਰ ਨੂੰ ਮਿਲਦੀ ਮੁਫ਼ਤ ਬਿਜਲੀ, ਚਮਕਾਂ ਮਾਰਦੇ ਸਰਕਾਰੀ ਸਕੂਲ, ਪਿੰਡ-ਪਿੰਡ ਖੁੱਲ ਰਹੇ ਆਮ ਆਦਮੀ ਕਲੀਨਿਕ, ਘਰ-ਘਰ ਮਿਲ ਰਹੀਆਂ ਸਰਕਾਰੀ ਨੌਕਰੀਆਂ, ਨਿੱਜੀ ਖੇਤਰ ਦੇ ਥਰਮਲ ਵਰਗੇ ਪਲਾਂਟ ਲੋਕਾਂ ਲਈ ਖਰੀਦਣੇ ਵਰਗੇ ਕੰਮ ਜੇਕਰ ਕੋਈ ਸਰਕਾਰ ਕਰ ਸਕਦੀ ਹੈ ਤਾਂ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਉਨਾਂ ਕਿਹਾ ਕਿ ਹੁਣ ਵੇਲਾ ਹੈ ਕਿ ਆਮ ਆਦਮੀ ਨੂੰ ਦੋਹਰੀ ਤਾਕਤ ਦਈਏ ਤੇ ਕੇਂਦਰ ਵਿਚ ਵੀ ਸਾਡੀ ਪਾਰਟੀ ਦੀ ਮਦਦ ਨਾਲ ਸਰਕਾਰ ਬਣੇ ਤਾਂ ਜੋ ਦੇਸ਼ ਦਾ ਸਮੁੱਚਾ ਵਿਕਾਸ ਹੋ ਸਕੇ। ਉਨਾਂ ਕਿਹਾ ਕਿ ਅੱਜ ਇੰਡੀਆ ਗਠਜੋੜ ਮੁੱਖ ਵਿਰੋਧੀ ਪਾਰਟੀ ਨਾਲੋਂ ਬਹੁਤ ਅੱਗੇ ਚੱਲ ਰਿਹਾ ਹੈ ਅਤੇ 4 ਮਈ ਦੇ ਨਤੀਜੇ ਦੇਸ਼ ਮਾਰੂ ਤਾਕਤਾਂ ਨੂੰ ਸੱਤਾ ਤੋਂ ਬਾਹਰ ਕਰਕੇ ਲੋਕ ਪੱਖੀ ਸਰਕਾਰ ਬਨਾਉਣਗੇ। ਉਨਾਂ ਵਪਾਰੀਆਂ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕਰਦੇ ਕਿਹਾ ਕਿ ਤੁਸੀਂ ਇਕੱਲੇ ਵੋਟਰ ਹੀ ਨਹੀਂ, ਬਲਕਿ ਸਾਡੀ ਵੱਡੀ ਸਪੋਰਟ ਵੀ ਹੋ। ਤੁਹਾਡੇ ਸਾਥ ਨਾਲ ਸਾਡੀ ਜਿੱਤ ਉਤੇ ਮੋਹਰ ਲੱਗੀ ਹੈ। ਇਸ ਮੌਕੇ ਟਰੇਡ ਵਿੰਗ ਪ੍ਰਧਾਨ ਜੰਡਿਆਲਾ ਗੁਰੂ ਗੁਰਬਿੰਦਰ ਸਿੰਘ ਬੱਲ ਬੁੱਟਰ ਨੇ ਸ. ਹਰਭਜਨ ਸਿੰਘ ਈ ਟੀ ਓ ਨੂੰ ਭਰੋਸਾ ਦਿੱਤਾ ਕਿ ਸਾਡਾ ਇਕ-ਇਕ ਮੈਂਬਰ ਤੁਹਾਡੇ ਨਾਲ ਖੜਾ ਹੈ ਅਤੇ ਅਸੀਂ ਕੇਵਲ ਵੋਟ ਹੀ ਨਹੀਂ ਪਾਵਾਂਗੇ, ਬਲਕਿ ਆਮ ਆਦਮੀ ਦੇ ਉਮੀਦਵਾਰ ਦਾ ਪ੍ਰਚਾਰ ਕਰਕੇ ਆਪਣੇ ਭਵਿੱਖ ਨੂੰ ਚੰਗੇ ਹੱਥਾਂ ਵਿਚ ਸੌਂਪਣ ਲਈ ਅੱਗੇ ਹੋ ਕੇ ਲੜਾਂਗੇ। ਇਸ ਮੌਕੇ ਕਰਿਆਨਾ ਯੂਨੀਅਨ ਦੇ ਪ੍ਰਧਾਨ ਸੁਰਿੰਦਰ ਸਿੰਘ, ਸੈਕਟਰੀ ਸ਼ੇਰ ਸਿੰਘ ਟੱਕਰ, ਨਰਿੰਦਰ ਕੁਮਾਰ ਸਿਡਾਨਾ, ਜਗਜੀਤ ਸਿੰਘ ਬਿੱਟੂ, ਧੀਰਜ ਕੁਮਾਰ, ਗੋਪਾਲ ਆਹੂਜਾ, ਸੋਮੂ ਮਿਗਲਾਨੀ, ਚਰਨ ਦਾਸ, ਗੁਲਸ਼ਨ ਜੈਨ, ਅਮਿਤ ਜੈਤ, ਸੁਰਿੰਦਰ ਕੁਮਾਰ, ਰਮਨ ਕੁਮਾਰ, ਰਾਜੇਸ਼ ਚਾਵਲਾ, ਦੀਪਕ ਕੁਮਾਰ, ਲਾਡੀ ਟੱਕਰ, ਸਰਦਾਰ ਮੈਡੀਕੋਜ਼, ਐਮ ਕੇ ਮੈਡੀਕਲ, ਕਥੂਰੀਆ ਕਰਿਆਨਾ ਸਟੋਰ, ਮੁਨੀਸ਼ ਜੈਨ, ਪਵਨ ਕੁਮਾਰ, ਰਮਨ ਕੁਮਾਰ ਕੋਚਰ ਅਤੇ ਹੋਰ ਵਪਾਰੀ ਵੱਡੀ ਗਿਣਤੀ ਵਿਚ ਹਾਜ਼ਰ ਸਨ।