ਆਮ ਆਦਮੀ ਪਾਰਟੀ ਨੇ ਸ਼ਹੀਦ ਕਿਸਾਨ ਗੱਜਣ ਸਿੰਘ ਦੇ ਪਰਿਵਾਰ ਨੂੰ 2 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਭੇਂਟ ਕੀਤੀ
-ਦੇਸ਼ ਦੇ ਅੰਨਦਾਤਾ ਦੀ ਬਾਂਹ ਫੜਨੀ ਸਾਡਾ ਮੁੱਢਲਾ ਫ਼ਰਜ਼- ਕੁਲਤਾਰ ਸਿੰਘ ਸੰਧਵਾਂ
ਸਮਰਾਲਾ/ਲੁਧਿਆਣਾ, 16 ਦਸੰਬਰ, 2020 (ਵਿਸ਼ਵ ਵਾਰਤਾ)-ਮੋਦੀ ਸਰਕਾਰ ਦੁਆਰਾ ਲਾਗੂ ਕੀਤੇ ਕਾਲੇ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਦਿੱਲੀ ਵਿਖੇ ਸੰਘਰਸ਼ ਦੌਰਾਨ ਸ਼ਹੀਦੀ ਪ੍ਰਾਪਤ ਕਰਨ ਵਾਲੇ ਸਮਰਾਲਾ ਵਿਧਾਨ ਸਭਾ ਦੇ ਪਿੰਡ ਖੱਟਰਾਂ ਨਾਲ ਸਬੰਧਿਤ ਕਿਸਾਨ ਸ਼ਹੀਦ ਗੱਜਣ ਸਿੰਘ ਦੇ ਭੋਗ ਦੇ ਮੌਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਸੂਬਾ ਕਿਸਾਨ ਵਿੰਗ ਦੇ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ, ਜੈ ਕਿਸਨ ਸਿੰਘ ਰੋੜੀ, ਮਨਜੀਤ ਸਿੰਘ ਬਿਲਾਸਪੁਰ, ਕੁਲਵੰਤ ਸਿੰਘ ਪੰਡੋਰੀ ਅਤੇ ਅਮਰਜੀਤ ਸਿੰਘ ਸੰਧੋਆਂ ਨੇ ਪਹੁੰਚ ਕੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ‘ਆਪ ਐਨਆਰਆਈ ਫੋਰ ਪੰਜਾਬ’ ਦੇ ਸਹਿਯੋਗ ਨਾਲ ਇਕੱਤਰ ਕੀਤੀ 2 ਲੱਖ ਰੁਪਏ ਦੀ ਰਾਸ਼ੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੇ ਰਾਹੀ ਸ਼ਹੀਦ ਪਰਿਵਾਰ ਨੂੰ ਦਿੱਤੀ ਗਈ।
ਇਸ ਮੌਕੇ ਬੋਲਦਿਆਂ ਸੰਧਵਾ ਨੇ ਕਿਹਾ ਕਿ ਮੋਦੀ ਸਰਕਾਰ ਆਪਣੀ ਜ਼ਿੱਦ ਕਾਰਨ ਸੂਬੇ ਅਤੇ ਦੇਸ਼ ਦੇ ਕਿਸਾਨਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ ਜਿਸ ਕਾਰਨ ਲੱਖਾਂ ਦੀ ਗਿਣਤੀ ਵਿਚ ਕਿਸਾਨ ਸਰਦ ਰਾਤਾਂ ਵਿੱਚ ਸੜਕਾਂ ਉੱਤੇ ਸੌਣ ਲਈ ਮਜਬੂਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਸਾਰੇ ਦੇਸ਼ ਦਾ ਢਿੱਡ ਭਰਿਆ ਹੈ ਪ੍ਰੰਤੂ ਫੇਰ ਵੀ ਅੰਨਦਾਤਾ ਨਾਲ ਮੌਜੂਦਾ ਸਰਕਾਰ ਵੱਲੋਂ ਅਜਿਹਾ ਵਿਵਹਾਰ ਅਤਿ ਨਿੰਦਣਯੋਗ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਖੇਤੀ ਮੰਤਰੀ ਨਰੇਂਦਰ ਤੋਮਰ ਤੇ ਹਮਲਾ ਬੋਲਦਿਆਂ ਸੰਧਵਾਂ ਨੇ ਕਿਹਾ ਕਿ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਅਤਿਵਾਦੀ ਦੱਸਣਾ ਓੁਹਨਾ ਦੇ ਮਾਨਸਿਕ ਦੀਵਾਲੀਆਪਨ ਦੀ ਨਿਸ਼ਾਨੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਜਰਾਤ ਜਾ ਕੇ ਨਕਲੀ ਕਿਸਾਨਾਂ ਨੂੰ ਮਿਲਣ ਦੀ ਥਾਂ ਦਿੱਲੀ ਦੇ ਹੱਦ ਉੱਤੇ ਬੈਠੇ ਲੱਖਾਂ ਕਿਸਾਨਾਂ ਨਾਲ ਗੱਲਬਾਤ ਕਰਕੇ ਇਸ ਮੁੱਦੇ ਦਾ ਹੱਲ ਕਰਨ।
ਇਸ ਮੌਕੇ ਉਨ੍ਹਾਂ ਨਾਲ ਜਗਤਾਰ ਸਿੰਘ ਦਿਆਲਪੁਰਾ ਸੀਨੀਅਰ ਆਗੂ ਹਲਕਾ ਸਮਰਾਲਾ, ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਗਿੱਲ , ਕਸ਼ਮੀਰੀ ਲਾਲ ਸਮਰਾਲਾ, ਮੇਜਰ ਸਿੰਘ ਬਾਲਿਉਂ, ਮਲਕੀਤ ਸਿੰਘ, ਸੁਖਵਿੰਦਰ ਸਿੰਘ ਖੱਟਰਾਂ ਆਦਿ ਵੀ ਹਾਜ਼ਰ ਸਨ।