ਵੱਡੀ ਖ਼ਬਰ
ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਆਗੂ ਗ੍ਰਿਫਤਾਰ
ਵਜ਼ੀਫਾ ਘੁਟਾਲੇ ਨੂੰ ਲੈ ਕੇ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਕਰ ਰਹੇ ਸਨ ਪ੍ਰਦਰਸ਼ਨ
ਚੰਡੀਗੜ੍ਹ, 14ਜੂਨ(ਵਿਸ਼ਵ ਵਾਰਤਾ)- ਦਲਿਤ ਵਰਗ ਦੇ ਲੱਖਾਂ ਵਿਦਿਆਰਥੀਆਂ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ (ਵਜ਼ੀਫ਼ਾ) ਘੁਟਾਲੇ ਦੇ ਮਾਮਲੇ ਵਿੱਚ ਰੋਸ ਵਜੋਂ ਆਮ ਆਦਮੀ ਪਾਰਟੀ ਪੰਜਾਬ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਿਹਾਇਸ਼ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਨੂੰ ਲੈ ਕੇ ਮੁੱਖ ਮੰਤਰੀ ਦੀ ਰਿਹਾਇਸ਼ ਨੇੜੇ ਧਰਨੇ ਉਤੇ ਬੈਠੇ ਆਪ ਆਗੂਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ।
ਇਸ ਮੌਕੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ, ਉਪ ਆਗੂ ਸਰਬਜੀਤ ਕੌਰ ਮਾਣੂੰਕੇ, ਵਿਧਾਇਕ ਪ੍ਰਿੰਸੀਪਲ ਬੁੱਧਰਾਮ, ਮਾਸਟਰ ਬਲਦੇਵ ਸਿੰਘ, ‘ਆਪ’ ਦੇ ਸੀਨੀਅਰ ਆਗੂ ਮਨਵਿੰਦਰ ਸਿੰਘ ਗਿਆਸਪੁਰਾ ਤੋਂ ਇਲਾਵਾ ਹੋਰ ਸੀਨੀਅਰ ਆਗੂ ਹਾਜ਼ਰ ਸਨ। ਪੁਲਿਸ ਸਾਰੇ ਆਗੂਆਂ ਨੂੰ ਗ੍ਰਿਫਤਾਰ ਕਰਕੇ ਥਾਣੇ ਲੈ ਗਈ, ਜਿੱਥੇ ਉਨ੍ਹਾਂ ਪ੍ਰਦਰਸ਼ਨ ਜਾਰੀ ਰੱਖਿਆ।
ਆਗੂਆਂ ਨੇ ਕਿਹਾ ਕਿ ਅਸੀਂ ਕਾਲਜਾਂ ਵੱਲੋਂ ਦਲਿਤ ਵਿੱਦਿਆਰਥੀਆਂ ਦੇ ਰੋਕੇ ਜਾ ਰਹੇ ਰੋਲ ਨੰਬਰ ਜਾਰੀ ਕਰਾਉਣ ਦੀ ਮੰਗ ਕਰ ਰਹੇ ਹਾਂ ਅਤੇ ਅਸੀਂ ਸ਼ਾਂਤਮਈ ਢੰਗ ਨਾਲ ਸਰਕਾਰ ਕੋਲ ਆਪਣੀ ਮੰਗ ਰੱਖਣ ਆਏ ਹਾਂ। ਪਰ ਚੰਡੀਗੜ੍ਹ ਪੁਲਿਸ ਸਾਨੂੰ ਆਪਣੀ ਗੱਲ ਵੀ ਰੱਖਣ ਤੋਂ ਰੋਕ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ‘ਅਸੀਂ ਦਲਿਤ ਬੱਚਿਆਂ ਨਾਲ ਖੜ੍ਹੇ ਹਾਂ ਤੇ ਖੜ੍ਹੇ ਰਹਾਂਗੇ।’