ਆਮ ਆਦਮੀ ਪਾਰਟੀ ਦੇ ਵਿਧਾਇਕ ਖਿਲਾਫ ਕੁੱਟਮਾਰ ਦਾ ਮਾਮਲਾ ਦਰਜ
ਚੰਡੀਗੜ੍ਹ,7 ਜੁਲਾਈ(ਵਿਸ਼ਵ ਵਾਰਤਾ)-ਆਮ ਆਦਮੀ ਪਾਰਟੀ ਦੇ ਦਿੱਲੀ ਦੇ ਵਿਧਾਇਕ ਅਖਿਲੇਸ਼ ਤ੍ਰਿਪਾਠੀ ‘ਤੇ ਦਿੱਲੀ ‘ਚ ਦੋ ਵਿਅਕਤੀਆਂ ‘ਤੇ ਕਥਿਤ ਤੌਰ ‘ਤੇ ਹਮਲਾ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਹਨਾਂ ਉੱਤੇ ਗੁੱਡੂ ਹਲਵਾਈ ਅਤੇ ਮੁਕੇਸ਼ ਬਾਬੂ ਵਜੋਂ ਪਛਾਣੇ ਗਏ ਦੋ ਵਿਅਕਤੀਆਂ ‘ਤੇ ਹਮਲਾ ਕਰਨ ਦਾ ਦੋਸ਼ ਹੈ । ਜਾਣਕਾਰੀ ਅਨੁਸਾਰ ਹਲਵਾਈ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਉਹ ਤ੍ਰਿਪਾਠੀ ਨੂੰ ਇੱਕ ਸਮਾਗਮ ਵਿੱਚ ਮਿਲਿਆ ਸੀ ਜਿੱਥੇ ਉਹ ਕੇਟਰਰ ਸੀ। ਹਲਵਾਈ ਨੇ ਕਿਹਾ ਕਿ ਉਸ ਨੇ ਇਲਾਕੇ ਵਿੱਚ ਸੀਵਰੇਜ ਦੀ ਸਮੱਸਿਆ ਬਾਰੇ ਵਿਧਾਇਕ ਨੂੰ ਸ਼ਿਕਾਇਤ ਕੀਤੀ ਸੀ। ਇਸ ਤੋਂ ਬਾਅਦ ਵਿਧਾਇਕ ਨੇ ਗੁੱਸੇ ‘ਚ ਆ ਕੇ ਉਨ੍ਹਾਂ ‘ਤੇ ਇੱਟ ਮਾਰ ਦਿੱਤੀ। ਹਲਵਾਈ ਦੇ ਰਿਸ਼ਤੇਦਾਰ ਬਾਬੂ ਨੇ ਦਖਲ ਦੇਣ ਦੀ ਕੋਸ਼ਿਸ਼ ਕੀਤੀ ਪਰ ਉਸਤੇ ਵੀ ਹਮਲਾ ਕਰ ਦਿੱਤਾ ਹੈ। ਜਿਸ ਤੋਂ ਬਾਅਦ ਉਹ ਜਖਮੀ ਹੋ ਗਏ ਅਤੇ ਉਹਨਾਂ ਨੂੰ ਨਾਲ ਦੇ ਹਸਪਤਾਲ ਪਹੁੰਚਾਇਆ ਗਿਆ। ਪੁਲਿਸ ਵੱਲੋਂ ਵਿਧਾਇਕ ਖਿਲਾਫ ਮਾਮਲਾ ਦਰਜ ਕਰਨ ਤੋਂ ਬਾਅਦ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।