ਆਮ ਆਦਮੀ ਪਾਰਟੀ ਦਾ ਵੱਡਾ ਐਲਾਨ, ਹੁਣ ਜਿੱਤਾਂਗੇ ਹਿਮਾਚਲ!
ਪੜ੍ਹੋ, ‘ਆਪ’ ਹਿਮਾਚਲ ‘ਚ ਕਿੰਨੀਆਂ ਸੀਟਾਂ ‘ਤੇ ਲੜੇਗੀ ਚੋਣ
ਚੰਡੀਗੜ੍ਹ, 12ਮਾਰਚ(ਵਿਸ਼ਵ ਵਾਰਤਾ)-ਆਮ ਆਦਮੀ ਪਾਰਟੀ ਲਗਾਤਾਰ ਆਪਣਾ ਦਾਇਰਾ ਵਧਾ ਰਹੀ ਹੈ। ਪੰਜਾਬ ‘ਚ ਜ਼ਬਰਦਸਤ ਜਿੱਤ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਨੇ ਹਿਮਾਚਲ ਵੱਲ ਰੁਖ਼ ਕਰ ਲਿਆ ਹੈ। ਦਰਅਸਲ ‘ਆਪ’ ਨੇਤਾ ਅਤੇ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਐਲਾਨ ਕੀਤਾ ਹੈ ਕਿ ਆਮ ਆਦਮੀ ਪਾਰਟੀ ਹੁਣ ਹਿਮਾਚਲ ‘ਚ ਵਿਧਾਨ ਸਭਾ ਚੋਣਾਂ ਲੜੇਗੀ। ਸਤੇਂਦਰ ਜੈਨ ਨੇ ਕਿਹਾ ਕਿ ਪੰਜਾਬ ਜਿੱਤਿਆ, ਹੁਣ ਹਿਮਾਚਲ ਦੀ ਵਾਰੀ! ਅਸੀਂ ਹਿਮਾਚਲ ਪ੍ਰਦੇਸ਼ ਦੀਆਂ ਸਾਰੀਆਂ 68 ਸੀਟਾਂ ‘ਤੇ ਚੋਣ ਲੜਾਂਗੇ। ਹਿਮਾਚਲ ਪ੍ਰਦੇਸ਼ ਦੇ ਲੋਕ ਭਾਜਪਾ-ਕਾਂਗਰਸ ਦੀ ਰਾਜਨੀਤੀ ਤੋਂ ਦੁਖੀ ਹੋ ਚੁੱਕੇ ਹਨ, ਅਸੀਂ ਕੰਮ ‘ਤੇ ਵੋਟਾਂ ਮੰਗਾਂਗੇ। ਜੈਨ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਮ ਲੋਕਾਂ ਦਾ ਸਹਿਯੋਗ ਮਿਲਿਆ ਹੈ। ਹਿਮਾਚਲ ਵਿੱਚ ਵੀ ਮਿਲੇਗਾ। ਜਿਸ ਤਰ੍ਹਾਂ ਅਸੀਂ ਪੰਜਾਬ ‘ਚ ਜਿੱਤ ਪ੍ਰਾਪਤ ਕੀਤੀ ਹੈ, ਉਸੇ ਤਰ੍ਹਾਂ ਹਿਮਾਚਲ ਪ੍ਰਦੇਸ਼ ‘ਚ ਜਿੱਤ ਦਰਜ ਕਰਾਂਗੇ। ਜੈਨ ਨੇ ਅੱਗੇ ਕਿਹਾ ਕਿ ਇੱਥੇ ਸਿਹਤ ਅਤੇ ਸਿੱਖਿਆ ਪ੍ਰਣਾਲੀ ਦਾ ਬੁਰਾ ਹਾਲ ਹੈ। ਜਿਸ ਨੂੰ ਸਿਰਫ ਆਮ ਆਦਮੀ ਪਾਰਟੀ ਹੀ ਠੀਕ ਕਰ ਸਕਦੀ ਹੈ।
ਤੁਹਾਨੂੰ ਦੱਸ ਦੇਈਏ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੇ ਰਿਕਾਰਡ 92 ਸੀਟਾਂ ਜਿੱਤੀਆਂ ਹਨ। ਜਦਕਿ ਦੂਜੇ ਨੰਬਰ ‘ਤੇ ਕਾਂਗਰਸ ਸਿਰਫ਼ 18 ਸੀਟਾਂ ‘ਤੇ ਹੀ ਜਿੱਤ ਹਾਸਲ ਕਰ ਸਕੀ ਹੈ। ਇਸ ਦੇ ਨਾਲ ਹੀ ਭਾਜਪਾ ਨੇ 2 ਸੀਟਾਂ ਜਿੱਤੀਆਂ ਹਨ। ਇੱਥੇ ਬਸਪਾ ਨੂੰ 1 ਅਤੇ ਸ਼੍ਰੋਮਣੀ ਅਕਾਲੀ ਦਲ ਨੂੰ 3 ਸੀਟਾਂ ਮਿਲੀਆਂ ਹਨ।
ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਕੁੱਲ 117 ਵਿਧਾਨ ਸਭਾ ਸੀਟਾਂ ਹਨ। ਕਿਸੇ ਪਾਰਟੀ ਨੂੰ ਬਹੁਮਤ ਨਾਲ ਸਰਕਾਰ ਬਣਾਉਣ ਲਈ 59 ਸੀਟਾਂ ਦੀ ਲੋੜ ਹੁੰਦੀ ਹੈ। ਇਸੇ ਲਈ ਬੰਪਰ ਬਹੁਮਤ ਨਾਲ ‘ਆਪ’ ਨੇ ਪੰਜਾਬ ‘ਚ ਆਪਣੀ ਸਰਕਾਰ ਬਣਾਈ ਹੈ। ਜ਼ਿਕਰਯੋਗ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਨੂੰ ਆਪਣਾ ਮੁੱਖ ਮੰਤਰੀ ਉਮੀਦਵਾਰ ਐਲਾਨ ਦਿੱਤਾ ਸੀ।