ਆਮਦਨ ਕਰ ਵਿਭਾਗ ਵੱਲੋਂ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਆਈਕੋਨਿਕ ਵੀਕ’ ਤਹਿਤ ਰੁੱਖ ਲਗਾਓ ਮੁਹਿੰਮ ਦਾ ਆਯੋਜਨ
ਗੋ ਗ੍ਰੀਨ ਦੇ ਸੰਦੇਸ਼ ਨੂੰ ਫੈਲਾਉਣ ਲਈ ਟ੍ਰੀ ਬੈਂਕ ਦਾ ਕੀਤਾ ਉਦਘਾਟਨ
ਚੰਡੀਗੜ੍ਹ, 9 ਜੂਨ(ਵਿਸ਼ਵ ਵਾਰਤਾ)-ਧਰਤੀ ਨੂੰ ਸਾਫ਼-ਸੁਥਰਾ, ਹਰਿਆ-ਭਰਿਆ ਅਤੇ ਪ੍ਰਦੂਸ਼ਣ ਰਹਿਤ ਬਣਾਉਣ ਦੇ ਸੰਦੇਸ਼ ਨਾਲ ਆਮਦਨ ਕਰ ਵਿਭਾਗ ਵੱਲੋਂ ਅੱਜ ਇਥੇ ਸੈਕਟਰ 17 ਈ ਸਥਿਤ ਆਯਕਰ ਭਵਨ ਵਿਖੇ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਆਈਕੋਨਿਕ ਵੀਕ’ ਮਨਾਉਣ ਲਈ ‘ਰੁੱਖ ਲਗਾਓ ਮੁਹਿੰਮ’ ਦਾ ਆਯੋਜਨ ਕੀਤਾ ਗਿਆ।
ਆਪਣੇ ਸੰਬੋਧਨ ਦੌਰਾਨ ਮੁੱਖ ਮਹਿਮਾਨ ਪ੍ਰਿੰਸੀਪਲ ਚੀਫ਼ ਕਮਿਸ਼ਨਰ ਆਫ਼ ਇਨਕਮ ਟੈਕਸ (ਪੀ.ਆਰ. ਸੀ.ਸੀ.ਆਈ.ਟੀ.), ਉੱਤਰ ਪੱਛਮੀ ਖੇਤਰ (ਐਨ.ਡਬਲਿਊ.ਆਰ), ਚੰਡੀਗੜ੍ਹ ਪਰਨੀਤ ਸਿੰਘ ਸਚਦੇਵ ਨੇ ਮੌਜੂਦਾ ਸੰਦਰਭ ਵਿੱਚ ਪੌਦਿਆਂ ਅਤੇ ਵਾਤਾਵਰਨ ਸੁਰੱਖਿਆ ਦੀ ਮਹੱਤਤਾ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਭਾਗੀਦਾਰਾਂ ਨੂੰ ਰੁੱਖ ਲਗਾਉਣ ਅਤੇ ਉਨ੍ਹਾਂ ਦੀ ਆਪਣੇ ਬੱਚਿਆਂ ਵਾਂਗ ਦੇਖਭਾਲ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਧਰਤੀ ਨੂੰ ਸਾਫ਼-ਸੁਥਰਾ, ਹਰਿਆ-ਭਰਿਆ ਅਤੇ ਪ੍ਰਦੂਸ਼ਣ ਮੁਕਤ ਬਣਾਉਣਾ ਸਮੇਂ ਦੀ ਲੋੜ ਹੈ।
ਮੁੱਖ ਮਹਿਮਾਨ ਨੇ ਆਏ ਹੋਏ ਵਿਸ਼ੇਸ਼ ਮਹਿਮਾਨਾਂ ਨੂੰ ਬੂਟੇ ਦੇ ਕੇ ਸਨਮਾਨਿਤ ਵੀ ਕੀਤਾ ਜਿਹਨਾਂ ਵਿੱਚ ਉੱਘੇ ਸੀਨੀਅਰ ਸਿਟੀਜ਼ਨ ਟੈਕਸਦਾਤਾ ਪੂਜਾ ਪ੍ਰਕਾਸ਼ ਦੇਵ (ਕੇਬੀਡੀਏਵੀ ਸਕੂਲ ਸੈਕਟਰ 7 ਚੰਡੀਗੜ੍ਹ ਦੀ ਪ੍ਰਿੰਸੀਪਲ), ਜੇ.ਐਸ. ਜਰਿਆ (ਇੰਸਟੀਚਿਊਟ ਆਫ ਬਲਾਈਂਡ ਸੈਕਟਰ 26, ਚੰਡੀਗੜ੍ਹ ਦੇ ਪ੍ਰਿੰਸੀਪਲ), ਡਾ. ਵਾਈ.ਕੇ. ਚਾਵਲਾ (ਪੀਜੀਆਈ ਦੇ ਸਾਬਕਾ ਡਾਇਰੈਕਟਰ ਅਤੇ ਪਦਮ ਸ੍ਰੀ ਐਵਾਰਡੀ) ਅਤੇ ਬ੍ਰਿਗੇਡੀਅਰ (ਸੇਵਾਮੁਕਤ) ਕਰਨ ਮਿੱਤਲ ਸ਼ਾਮਲ ਸਨ।
ਬਾਅਦ ਵਿੱਚ ਮੁੱਖ ਮਹਿਮਾਨ ਨੇ ‘ਟ੍ਰੀ ਬੈਂਕ’ ਦਾ ਉਦਘਾਟਨ ਕੀਤਾ ਅਤੇ ‘ਗੋ ਗ੍ਰੀਨ’ ਦੇ ਸੰਦੇਸ਼ ਨੂੰ ਦੂਰ-ਦੂਰ ਤੱਕ ਫੈਲਾਉਣ ਲਈ ਆਪਣੇ ਘਰ ਜਾ ਕੇ ਸਾਰਿਆਂ ਨੂੰ ਇੱਕ-ਇੱਕ ਬੂਟਾ ਆਪਣੇ ਨਾਲ ਲੈ ਕੇ ਜਾਣ ਦੀ ਅਪੀਲ ਕੀਤੀ। ਇਨਕਮ ਟੈਕਸ ਵਿਭਾਗ ਵੱਲੋਂ ਕੀਤੀਆਂ ਹਰਿਆਵਲ ਪਹਿਲਕਦਮੀਆਂ ਦੇ ਮੱਦੇਨਜ਼ਰ ਉਹਨਾਂ ਨੇ ਭਾਗੀਦਾਰਾਂ ਨੂੰ ਆਪਣੇ ਜੀਵਨ ਕਾਲ ਵਿੱਚ ਵੱਧ ਤੋਂ ਵੱਧ ਪੌਦੇ ਲਗਾਉਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਵਾਤਾਵਰਨ ਦੀ ਸੰਭਾਲ ਕਰਨ ਲਈ ਪ੍ਰੇਰਿਤ ਕੀਤਾ।
ਇਸ ਦੌਰਾਨ, ਭਾਗੀਦਾਰਾਂ ਨੇ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ‘ ਦੇ ਹਿੱਸੇ ਵਜੋਂ ਅਜ਼ਾਦੀ ਦੇ 75 ਸਾਲਾਂ ਨੂੰ ਮਨਾਉਣ ਲਈ 75 ਬੂਟੇ ਲਗਾਏ। ਅਯਕਾਰ ਭਵਨ ਕੈਂਪਸ ਵਿੱਚ 25 ਫੁੱਲਦਾਰ ਪੌਦੇ ਅਤੇ 25 ਹਵਾ ਨੂੰ ਸ਼ੁੱਧ ਕਰਨ ਵਾਲੇ ਪੌਦੇ ਲਗਾਏ ਗਏ ਅਤੇ ਪੀ.ਆਰ.ਸੀ.ਸੀ.ਆਈ.ਟੀ. ਦੇ ਦਫ਼ਤਰ ਦੀ ਅਗਵਾਈ ਵਿੱਚ ਰੁੱਖ ਲਗਾਉਣ ਅਤੇ ਵਾਤਾਵਰਣ ਦੀ ਸੁਰੱਖਿਆ ਲਈ ਟ੍ਰਾਈ ਸਿਟੀ ਦੇ ਵੱਖ-ਵੱਖ ਸਰਕਾਰੀ ਦਫਤਰਾਂ ਦੇ ਮੁਖੀਆਂ ਨੂੰ 25 ਪੌਦੇ ਤੋਹਫੇ ਵਜੋਂ ਦਿੱਤੇ ਗਏ।
ਇਸ ਮੌਕੇ ਅਨਿਲ ਸ਼ਰਮਾ, ਆਮਦਨ ਕਰ ਇੰਸਪੈਕਟਰ ਵੱਲੋਂ ਰੁੱਖਾਂ ਬਾਰੇ ਇੱਕ ਪ੍ਰੇਰਣਾ ਦਾਇਕ ਕਵਿਤਾ ਸੁਣਾਈ ਗਈ, ਜਿਸ ਤੋਂ ਬਾਅਦ ‘ਥੀਏਟਰ ਫਾਰ ਥੀਏਟਰ’ ਗਰੁੱਪ ਵੱਲੋਂ ਇੱਕ ਪ੍ਰਭਾਵਸ਼ਾਲੀ ਨੁੱਕੜ ਨਾਟਕ ਪੇਸ਼ ਕੀਤਾ ਗਿਆ, ਜਿਸ ਵਿੱਚ ਰੁੱਖ ਲਗਾਉਣ ਦੀ ਮਹੱਤਤਾ ਅਤੇ ‘ਧਰਤੀ ਮਾਂ’ ਦੀ ਸੁਰੱਖਿਆ ‘ਤੇ ਜ਼ੋਰ ਦਿੱਤਾ ਗਿਆ। ਸਮਾਗਮ ਵਿੱਚ ਆਮਦਨ ਕਰ ਵਿਭਾਗ ਦੇ ਕਈ ਸੀਨੀਅਰ ਅਧਿਕਾਰੀਆਂ ਦੇ ਨਾਲ-ਨਾਲ ਸੀ.ਆਈ.ਆਈ., ਟੈਕਸ ਬਾਰ ਅਤੇ ਸੀ.ਏ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਸ਼ਿਰਕਤ ਕੀਤੀ।