‘ਆਪ’ ਵਿੱਚ ਸ਼ਾਮਲ ਹੋਏ ਕਾਂਗਰਸ ਅਤੇ ਅਕਾਲੀ ਦਲ ਬਾਦਲ ਦੇ ਕਈ ਆਗੂ
ਚੰਡੀਗੜ੍ਹ, 16 ਅਕਤੂਬਰ(ਵਿਸ਼ਵ ਵਾਰਤਾ)-ਆਮ ਆਦਮੀ ਪਾਰਟੀ (ਆਪ) ਪੰਜਾਬ ਨੂੰ ਉਦੋਂ ਜ਼ਬਰਦਸਤ ਹੁਲਾਰਾ ਮਿਲਿਆ ਜਦੋਂ ਲੁਧਿਆਣਾ ਅਤੇ ਜਲੰਧਰ ਨਾਲ ਸੰਬੰਧਿਤ ਕਾਂਗਰਸ ਅਤੇ ਅਕਾਲੀ ਦਲ ਬਾਦਲ ਦੇ ਕਈ ਆਗੂਆਂ ਨੇ ਆਪਣੇ ਸੈਂਕੜੇ ਸਾਥੀਆਂ ਨਾਲ ‘ਆਪ’ ਦਾ ਪੱਲਾ ਫੜ ਲਿਆ। ਇਹਨਾਂ ਤੋਂ ਬਿਨ੍ਹਾਂ ਨਾਮੀ ਅਕਾਦਮਿਕ ਅਤੇ ਆਰ.ਐਸ.ਐਸ. ਨਾਲ ਜੁੜੀਆਂ ਸਖ਼ਸ਼ੀਅਤਾਂ ਵੀ ‘ਆਪ’ ਵਿੱਚ ਸ਼ਾਮਲ ਹੋਈਆਂ। ‘ਆਪ’ ਦੀ ਸੀਨੀਅਰ ਆਗੂ ਅਤੇ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਕਾਂਗਰਸ ਅਤੇ ਅਕਾਲੀ ਦਲ ਬਾਦਲ ਨੂੰ ਛੱਡ ਕੇ ਆਏ ਆਗੂਆਂ ਨੂੰ ਰਸਮੀ ਤੌਰ ’ਤੇ ਪਾਰਟੀ ’ਚ ਸ਼ਾਮਲ ਕੀਤਾ।
ਸ਼ਨੀਵਾਰ ਨੂੰ ਪਾਰਟੀ ਮੁੱਖ ਦਫ਼ਤਰ ਵਿੱਚ ਕਰਵਾਏ ਸਮਾਗਮ ਦੌਰਾਨ ‘ਆਪ’ ਦੀ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਪਾਰਟੀ ’ਚ ਸ਼ਾਮਲ ਹੋਏ ਆਗੂਆਂ ਦਾ ਸਵਾਗਤ ਕਰਦਿਆਂ ਕਿਹਾ, ‘‘ਪੰਜਾਬ ਦੇ ਲੋਕ ਬਾਰੋ-ਬਾਰੀ ਰਾਜ ਕਰਨ ਵਾਲੀਆਂ ਪਾਰਟੀਆਂ ਕਾਂਗਰਸ ਅਤੇ ਅਕਾਲੀ ਦਲ ਬਾਦਲ ਦੀਆਂ ਲੋਕ ਮਾਰੂ ਨੀਤੀਆਂ ਤੋਂ ਤੰਗ ਆ ਚੁੱਕੇ ਹਨ ਅਤੇ ਇਨਾਂ ਪਾਰਟੀਆਂ ਦੇ ਆਗੂਆਂ ਵੱਲੋਂ ਚਲਾਏ ਜਾ ਰਹੇ ਮਾਫ਼ੀਆ ਰਾਜ ਤੋਂ ਛੁੱਟਕਾਰਾ ਪਾਉਣਾ ਚਾਹੁੰਦੇ ਹਨ।’’ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਲਈ ਇੱਕ ਨਵੀਂ ਉਮੀਦ ਹੈ। ਇਸ ਲਈ ਪੰਜਾਬ ਦੇ ਆਮ ਲੋਕ, ਰਾਜਨੀਤਿਕ ਆਗੂ ਅਤੇ ਸਮਾਜ ਸੇਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ, ਜਿਸ ਪਾਰਟੀ ਦਾ ਕਾਫ਼ਿਲਾ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ ਹੈ।
ਪ੍ਰੋ. ਬਲਜਿੰਦਰ ਕੌਰ ਨੇ ਕਿਹਾ, ‘‘ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦੇਸ਼ ਦੇ ਲੋਕਾਂ ਅੱਗੇ ਰਾਜਨੀਤੀ ਦੀ ਨਵੀਂ ਇਬਾਰਤ ਲਿਖੀ ਹੈ। ਮੁੱਖ ਮੰਤਰੀ ਅਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦਿੱਲੀ ਸਰਕਾਰ ਦੇ ਤਜ਼ਰਬੇ ਦੇ ਆਧਾਰ ’ਤੇ ਹੀ ਪੰਜਾਬ ਦੇ ਲੋਕਾਂ ਨੂੰ ਬਿਜਲੀ ਅਤੇ ਸਿਹਤ ਸੇਵਾਵਾਂ ਬਾਰੇ ਗਰੰਟੀਆਂ ਦਿੱਤੀਆਂ ਹਨ।’’ ਸ਼ਾਮਲ ਹੋਣ ਵਾਲਿਆਂ ਵਿੱਚ ਜਲੰਧਰ ਦੇ ਅਕਾਲੀ ਦਲ ਬਾਦਲ ਦੇ ਆਗੂ ਅਤੇ ਬਾਸਕਟਬਾਲ ਦੇ ਕੌਮਾਂਤਰੀ ਖ਼ਿਡਾਰੀ ਇਕਬਾਲ ਸਿੰਘ ਢੀਂਡਸਾ, ਲੁਧਿਆਣਾ ਦੇ ਅਕਾਲੀ ਆਗੂ ਗੁਰਮੇਲ ਸਿੰਘ ਚੌਹਾਨ, ਜਲੰਧਰ ਦੇ ਭਾਰਤੀ ਮਜ਼ਦੂਰ ਸੰਘ (ਆਰ.ਐਸ.ਐਸ) ਦੇ ਆਗੂ ਅਤੇ ਫ਼ਿਲਮ ਨਿਰਦੇਸ਼ਕ ਮਨੋਜ ਪੁੰਜ, ਲੁਧਿਆਣਾ ਦੇ ਕਾਂਗਰਸੀ ਆਗੂ ਹਰਦੀਪ ਸਿੰਘ ਮੁੰਡੀਆਂ ਅਤੇ ਸਾਬਕਾ ਪ੍ਰਿੰਸੀਪਲ ਸੁਖਵਿੰਦਰ ਕੌਰ ਪ੍ਰਮੁੱਖ ਹਨ। ਇਸ ਮੌਕੇ ਤੇ ਆਮ ਆਦਮੀ ਦੇ ਸੀਨੀਅਰ ਆਗੂ ਆਤਮ ਪ੍ਰਕਾਸ਼ ਸਿੰਘ ਬਬਲੂ ਵੀ ਮੌਜੂਦ ਸਨ।