ਅੰਮ੍ਰਿਤਸਰ 14 ਦਸੰਬਰ (ਵਿਸ਼ਵ ਵਾਰਤਾ )- ਆਮ ਆਦਮੀ ਪਾਰਟੀ ਨੂੰ ਅੱਜ ਗਹਿਰਾ ਝਟਕਾ ਦਿੰਦਿਆਂ ਸਾਬਕਾ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਦੀ ਪ੍ਰੇਰਨਾ ਸਦਕਾ ‘ਆਪ’ ਦੇ ਮਾਝਾ ਜ਼ੋਨ ਦੇ ਸਾਬਕਾ ਪ੍ਰਧਾਨ ਕੰਵਲਪ੍ਰੀਤ ਸਿੰਘ ਕਾਕੀ ਅਤੇ ‘ਆਪ’ ਬੀ.ਸੀ. ਵਿੰਗ ਪੰਜਾਬ ਦੇ ਪ੍ਰਧਾਨ ਮਨਮੋਹਨ ਸਿੰਘ ਭਾਗੋਵਾਲੀਆ ਨੇ ਸੈਂਕੜੇ ਸਾਥੀਆਂ ਸਮੇਤ ਸਾਬਕਾ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਦੀ ਮੌਜੂਦਗੀ ਵਿੱਚ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ।ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਵਿੱਚ ਬਿਨਾ ਸ਼ਰਤ ਸ਼ਾਮਿਲ ਹੋਏ ਆਗੂਆਂ ਦਾ ਨਿੱਘਾ ਸਵਾਗਤ ਕਰਦਿਆਂ ਉਹਨਾਂ ਨੂੰ ਪਾਰਟੀ ਵਿੱਚ ਪੂਰਾ ਮਾਨ ਸਤਿਕਾਰ ਦੇਣ ਦਾ ਭਰੋਸਾ ਦਿੱਤਾ। ਉਹਨਾਂ ਕਿਹਾ ਕਿ ਆਪ ਦੇ ਕਨਵੀਨਰ ਅਤੇ ਦਿਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀਆਂ ਪੰਜਾਬ ਵਿਰੋਧੀ ਸ਼ੱਕੀ ਕਾਰਗੁਜ਼ਾਰੀਆਂ ਕਾਰਨ ਪੰਜਾਬ ਵਿੱਚੋਂ ਆਪ ਦਾ ਸਫਾਇਆ ਹੋਣ ਜਾ ਰਿਹਾ ਹੈ। ਉਹਨਾਂ ਦਾਅਵਾ ਕੀਤਾ ਕਿ ਨਗਰ ਨਿਗਮ ਚੋਣਾਂ ਉਪਰੰਤ ਆਪ ਦਾ ਪੰਜਾਬ ਵਿੱਚੋਂ ਵਜੂਦ ਖਤਮ ਹੋ ਜਾਵੇਗਾ। ਉਹਨਾਂ ਦੱਸਿਆ ਕਿ ਆਪ ਦੇ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਆਪਣੇ ਹਲਕੇ ਵਿੱਚ ਵੀ ਸਥਾਨਿਕ ਚੋਣਾਂ ਲਈ ਕੋਈ ਉਮੀਦਵਾਰ ਖੜ੍ਹਾ ਨਹੀਂ ਕਰ ਸਕਿਆ। ਉਹਨਾਂ ਕਿਹਾ ਕਿ ਨਗਰ ਨਿਗਮ ਚੋਣਾਂ ‘ਚ ਮੁਕਾਬਲਾ ਅਕਾਲੀ ਬੀਜੇਪੀ ਅਤੇ ਕਾਂਗਰਸ ਵਿੱਚ ਹੈ।
ਉਹਨਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਬੀਜੇਪੀ ਨੇ 31 ਫੀਸਦੀ ਵੋਟਾਂ ਹਾਸਲ ਕਰਕੇ ਦੂਜੇ ਨੰਬਰ ‘ਤੇ ਰਹੀ ਜਦ ਕਿ ਝੂਠ ਬੋਲ ਕੇ 38 ਫੀਸਦੀ ਵੋਟਾਂ ਹਾਸਲ ਕਰਦਿਆਂ ਕਾਂਗਰਸ ਸਰਕਾਰ ਬਣਾਉਣ ‘ਚ ਕਾਮਯਾਬ ਰਹੀ।ਉਹਨਾਂ ਪਾਰਟੀ ਦਾ ਨਿਸ਼ਾਨਾ ਨਿਸ਼ਚਿਤ ਕਰਦਿਆਂ ਦੱਸਿਆ ਕਿ ਅਕਾਲੀ ਦਲ ਕਾਂਗਰਸ ਵੱਲੋਂ ਚੋਣਾਂ ਦੌਰਾਨ ਕੀਤੇ ਗਏ ਵਾਦਿਆਂ ਨੂੰ ਪੂਰਾ ਕਰਾਉਣ ਅਤੇ ਪਾਰਟੀ ਅਤੇ ਯੂਥ ਅਕਾਲੀ ਦਲ ਨੂੰ ਪਿੰਡ ਪੱਧਰ ‘ਤੇ ਮਜ਼ਬੂਤ ਕਰਨ ਵਲ ਵਿਸ਼ੇਸ਼ ਧਿਆਨ ਦੇਵੇਗੀ। ਬੀਤੇ ਦਿਨੀਂ ਲਗਾਏ ਗਏ ਧਰਨਿਆਂ ਪ੍ਰਤੀ ਉਹਨਾਂ ਕਿਹਾ ਕਿ ਅਕਾਲੀ ਦਲ ਲੋਕਤੰਤਰ ਦਾ ਘਾਣ ਕਰਨ ‘ਤੇ ਉਤਾਰੂ ਕਾਂਗਰਸ ਦੀ ਗੁੰਡਾਗਰਦੀ ਦਾ ਮੁਕਾਬਲਾ ਕਰਦਾ ਰਹੇਗਾ। ਉਹਨਾਂ ਦੱਸਿਆ ਕਿ ਕਾਂਗਰਸ ਦੀ ਗੁੰਡਾਗਰਦੀ ਅਤੇ ਧੱਕੇਸ਼ਾਹੀਆਂ ਨੂੰ ਰੋਕਣ ਲਈ ਪਾਰਟੀ ਪਿੰਡ ਪੱਧਰ ‘ਤੇ 10 – 10 ਵਾਲੰਟੀਰਾਂ ਨੂੰ ਸੇਵਾ ਸੌਂਪ ਰਹੀ ਹੈ। ਉਹਨਾਂ ਦੱਸਿਆ ਕਿ ਅਕਾਲੀ ਦਲ ਦੀ ਸਥਾਪਨਾ ਸ਼ਤਾਬਦੀ ਪੂਰੇ ਜੋਸ਼ ਨਾਲ ਵੱਡੀ ਪੱਧਰ ‘ਤੇ ਮਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਅਤੇ ਆਈ ਐੱਸ ਆਈ ਪੰਜਾਬ ਦਾ ਅਮਨ ਚੈਨ ਖਰਾਬ ਕਰਨ ਗੜਬੜ ਪੈਦਾ ਲਈ ਸਰਗਰਮ ਹੈ, ਜਿਸ ਬਾਰੇ ਉਹ ਪੁਲੀਸ ਮੁਖੀ ਨੂੰ ਦਸ ਚੁੱਕੇ ਹਨ। ਇਸ ਮੌਕੇ ਸ: ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕੇਜਰੀਵਾਲ ਪੂਰੀ ਤਰਾਂ ਨਾਕਾਮ ਸਿੱਧ ਹੋ ਚੁੱਕਿਆ ਹੈ, ਉਸ ਵੱਲੋਂ ਆਪਣੇ ਅਸੂਲਾਂ ਨੂੰ ਨੂੰ ਤਿਲੰਜਲੀ ਦੇ ਜਾਣ ਕਾਰਨ ਪੰਜਾਬ ਦਾ ਆਪ ਵਰਕਰ ਪ੍ਰੇਸ਼ਾਨ ਅਤੇ ਮਾਯੂਸ ਹਨ ਅਤੇ ਪੰਜਾਬ ਵਿਰੋਧੀ ਗੁਪਤ ਏਜੰਡੇ ਨੂੰ ਸਮਝਦਿਆਂ ਲੋਕਾਂ ਨੇ ਉਸ ਦੇ ਸਭ ਮਨਸੂਬੇ ਵੀ ਫੇਲ੍ਹ ਕਰਦਿਤੇ ਹਨ।
—