‘ਆਪ’ ਦੇ ਸੰਸਦ ਮੈਂਬਰ ਰਾਘਵ ਚੱਢਾ ਨੇ ਫ਼ਤਿਹਗੜ੍ਹ ਸਾਹਿਬ ਤੋਂ ‘ਆਪ’ ਉਮੀਦਵਾਰ ਗੁਰਪ੍ਰੀਤ ਜੀਪੀ ਲਈ ਕੀਤਾ ਚੋਣ ਪ੍ਰਚਾਰ
ਚੰਡੀਗੜ੍ਹ/ਫ਼ਤਿਹਗੜ੍ਹ ਸਾਹਿਬ, 28 ਮਈ(ਵਿਸ਼ਵ ਵਾਰਤਾ)-ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਫ਼ਤਿਹਗੜ੍ਹ ਸਾਹਿਬ ਤੋਂ ‘ਆਪ’ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਲਈ ਚੋਣ ਪ੍ਰਚਾਰ ਕੀਤਾ। ਰਾਘਵ ਚੱਢਾ ਨੇ ‘ਆਪ’ ਉਮੀਦਵਾਰ ਦੇ ਨਾਲ ਲੁਧਿਆਣਾ ਦੇ ਸਾਹਨੇਵਾਲ, ਪਾਇਲ ਅਤੇ ਖੰਨਾ ਵਿਖੇ ਰੋਡ ਸ਼ੋਅ ਕੀਤਾ ਅਤੇ ਲੋਕਾਂ ਨੂੰ ਗੁਰਪ੍ਰੀਤ ਜੀਪੀ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦੀ ਅਪੀਲ ਕੀਤੀ।
ਸਾਹਨੇਵਾਲ ਵਿੱਚ ਲੋਕਾਂ ਨੂੰ ਸੰਬੋਧਨ ਕਰਦਿਆਂ ਰਾਘਵ ਚੱਢਾ ਨੇ ਕਿਹਾ ਕਿ ਗੁਰਪ੍ਰੀਤ ਜੀਪੀ ਦੀ ਜਿੱਤ ਪੱਕੀ ਹੈ, ਸਿਰਫ਼ ਐਲਾਨ ਹੋਣਾ ਬਾਕੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਇਨ੍ਹਾਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ 13-0 ਨਾਲ ਜਿਤਾ ਕੇ ਇਤਿਹਾਸ ਰਚਣਗੇ।
ਰਾਘਵ ਚੱਢਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਤੁਸੀਂ ਲੋਕਾਂ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ 92 ਸੀਟਾਂ ਜਿੱਤ ਕੇ ਸਾਡੀ ਸਰਕਾਰ ਬਣਾਈ ਸੀ। ਹੁਣ ਸਾਨੂੰ 13 ਸੰਸਦ ਮੈਂਬਰ ਦੇ ਕੇ ਕੇਂਦਰ ਵਿੱਚ ਆਮ ਆਦਮ ਪਾਰਟੀ ਨੂੰ ਮਜ਼ਬੂਤ ਕਰੋ ਤਾਂਕਿ ਪੰਜਾਬ ਦੇ ਹੱਕ ਵਿਚ ਆਵਾਜ਼ ਬੁਲੰਦ ਕਰਕੇ ਕੇਂਦਰ ਸਰਕਾਰ ਨਾਲ ਸਬੰਧਿਤ ਸਾਰੇ ਮਸਲੇ ਹੱਲ ਕਰਵਾ ਕੇ ਪੰਜਾਬ ਦੇ ਸਾਰੇ ਬਕਾਇਆ ਫੰਡ ਜਾਰੀ ਕਰਵਾ ਸਕੀਏ। ਚੱਢਾ ਨੇ ਕਿਹਾ ਕਿ ਸਾਡੇ ਸੰਸਦ ਮੈਂਬਰ ਪਾਰਲੀਮੈਂਟ ਵਿੱਚ ਪੰਜਾਬ ਦੀ ਆਵਾਜ਼ ਬਣ ਕੇ ਪੰਜਾਬ ਦੇ ਹੱਕਾਂ ਲਈ ਲੜਨਗੇ।
ਰਾਘਵ ਚੱਢਾ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੁਸੀਂ ਸਾਰੀਆਂ ਪਾਰਟੀਆਂ ਨੂੰ ਮੌਕਾ ਦਿੱਤਾ। ਕਿਸੇ ਨੇ ਤੁਹਾਡੇ ਲਈ ਕੁਝ ਵੀ ਨਹੀਂ ਕੀਤਾ ਅਤੇ ਨਾ ਹੀ ਤੁਹਾਡੇ ਮੁੱਦੇ ਸੰਸਦ ਵਿੱਚ ਉਠਾਏ। ਇਸ ਵਾਰ ਉਮੀਦਵਾਰ ਗੁਰਪ੍ਰੀਤ ਜੀਪੀ ਨੂੰ ਭਾਰੀ ਵੋਟਾਂ ਨਾਲ ਜਿਤਾਓ।
ਰਾਘਵ ਚੱਢਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਇਮਾਨਦਾਰ ਸਰਕਾਰ ਬਣ ਤੋਂ ਬਾਅਦ ਪੰਜਾਬ ਵਿੱਚ ਮੁਫ਼ਤ ਅਤੇ 24 ਘੰਟੇ ਬਿਜਲੀ ਮਿਲਦੀ ਹੈ, ਅੱਜ ਪੰਜਾਬ ਦੇ 83 ਫ਼ੀਸਦੀ ਲੋਕਾਂ ਨੂੰ ਜ਼ੀਰੋ ਬਿਜਲੀ ਦਾ ਬਿੱਲ ਆ ਰਿਹਾ ਹੈ। ਵੱਖ-ਵੱਖ ਥਾਵਾਂ ‘ਤੇ ਮੁਹੱਲਾ ਕਲੀਨਿਕ ਬਣਾਏ ਜਾ ਰਹੇ ਹਨ ਅਤੇ ਸਰਕਾਰੀ ਹਸਪਤਾਲਾਂ ਦੀ ਹਾਲਤ ਸੁਧਰ ਰਹੀ ਹੈ। ਚੰਗੀ ਸਿੱਖਿਆ ਲਈ ਸਕੂਲ ਆਫ਼ ਐਮਿਨੈਂਸ ਬਣਾਏ ਜਾ ਰਹੇ ਹਨ। 50 ਹਜ਼ਾਰ ਦੇ ਕਰੀਬ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਮਿਲੀ ਅਤੇ ਹਜ਼ਾਰਾਂ ਕੱਚੇ ਮੁਲਾਜ਼ਮ ਪੱਕੇ ਕੀਤੇ ਗਏ।
ਰਾਘਵ ਚੱਢਾ ਨੇ ਕਿਹਾ ਕਿ ਮੈਨੂੰ ਇਕ ਪਾਟਨਰ ਦੀ ਜ਼ਰੂਰਤ ਹੈ, ਕਿਉਂਕਿ ਮੈਂ ਸੰਸਦ ਵਿਚ ਇਕੱਲਾ ਹੀ ਪੰਜਾਬ ਦੇ ਮੁੱਦੇ ਉਠਾ ਰਿਹਾ ਹਾਂ, ਜੇਕਰ ਤੁਸੀ ਗੁਰਪ੍ਰੀਤ ਜੀਪੀ ਨੂੰ ਐਮ.ਪੀ ਬਣਾ ਕੇ ਸੰਸਦ ਵਿਚ ਭੇਜਦੇ ਹੋ ਤਾਂ ਮੈਂ (ਰਾਘਵ ਚੱਢਾ) ਅਤੇ ਗੁਰਪ੍ਰੀਤ ਜੀਪੀ ਹੋਰ ਵੀ ਮਜ਼ਬੂਤੀ ਨਾਲ ਪੰਜਾਬ ਦੇ ਹੱਕ ਲਈ ਲੜਾਂਗੇ ਅਤੇ ਪੰਜਾਬ ਦੇ ਰੋਕੇ ਫੰਡ ਨੂੰ ਜਾਰੀ ਕਰਵਾਵਾਂਗੇ।
ਰਾਘਵ ਚੱਢਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਤੁਸੀਂ ਗੁਰਪ੍ਰੀਤ ਜੀਪੀ ਨੂੰ ਭਾਰੀ ਵੋਟਾਂ ਨਾਲ ਜਿਤਾਓ ਅਤੇ 4 ਜੂਨ ਨੂੰ ਚੋਣਾਂ ਦੇ ਰਿਜ਼ਲਟ ਵਾਲੇ ਦਿਨ ਸਭ ਤੋਂ ਪਹਿਲਾਂ ਖ਼ਬਰ ਇੱਥੋਂ ਆਵੇ ਕਿ ਗੁਰਪ੍ਰੀਤ ਜੀਪੀ ਭਾਰੀ ਵੋਟਾਂ ਨਾਲ ਜਿੱਤ ਦਰਜ ਕਰਵਾ ਚੁੱਕੇ ਹਨ। ਫੇਰ ਤੁਹਾਡੀ ਜ਼ਿੰਮੇਵਾਰੀ ਖ਼ਤਮ ਅਤੇ ਸਾਡੀ ਜ਼ਿੰਮੇਵਾਰੀ ਸ਼ੁਰੂ ਹੋ ਜਾਵੇਗੀ।