‘ਆਪ ‘ ਵਿਧਾਇਕਾਂ ਨੂੰ ਆਫਰ ਦਿੱਤੇ ਜਾਣ ਦੇ ਮਾਮਲੇ ‘ਚ ਜਾਂਚ ਵਿੱਚ ਰੁੱਝੀ ਵਿਜੀਲੈਂਸ
ਪੜ੍ਹੋ ਹੁਣ ਤੱਕ ਹੋਈ ਕਿਹੜੀ ਕਾਰਵਾਈ
ਚੰਡੀਗੜ੍ਹ,17 ਸਤੰਬਰ(ਵਿਸ਼ਵ ਵਾਰਤਾ)-ਆਮ ਆਦਮੀ ਪਾਰਟੀ ਵੱਲੋਂ ਆਪਣੇ ਵਿਧਾਇਕਾਂ ਨੂੰ ਪਾਰਟੀ ਛੱਡਣ ਲਈ 25-25 ਕਰੋੜ ਰੁਪਏ ਦੇ ਆਫਰ ਦਿੱਤੇ ਜਾਣ ਦੇ ਇਲਜ਼ਾਮਾਂ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਇਹ ਮਾਮਲਾ ਪੂਰੇ ਜੋਰਾਂ ਨਾਲ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਪੰਜਾਬ ਪੁਲਿਸ ਅਤੇ ਵਿਜੀਲੈਂਸ ਬਿਊਰੋ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿਧਾਇਕਾਂ ਨੂੰ ਪੇਸ਼ਕਸ਼ਾਂ ਅਤੇ ਧਮਕੀਆਂ ਦਿੱਤੇ ਜਾਣ ਦੇ ਦਾਅਵਿਆਂ ਦੀ ਜਾਂਚ ਤੇਜ਼ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਸਭ ਤੋਂ ਪਹਿਲਾਂ ਉਨ੍ਹਾਂ ਵਿਧਾਇਕਾਂ ਦੀ ਜਾਂਚ ਕੀਤੀ ਜਾ ਰਹੀ ਹੈ, ਜਿਨ੍ਹਾਂ ਨੂੰ ਧਮਕੀਆਂ ਅਤੇ 25 ਕਰੋੜ ਰੁਪਏ ਦੀ ਪੇਸ਼ਕਸ਼ ਹੋਣ ਦਾ ਦਾਅਵਾ ਕੀਤਾ ਗਿਆ ਹੈ। ਹਾਲਾਂਕਿ ਅਧਿਕਾਰੀਆਂ ਨੇ ਅਜੇ ਤੱਕ ਉਨ੍ਹਾਂ ਵਿਧਾਇਕਾਂ ਦੇ ਨਾਵਾਂ ਦਾ ਖੁਲਾਸਾ ਨਹੀਂ ਕੀਤਾ ਹੈ ਜਿਨ੍ਹਾਂ ਤੋਂ ਜਾਂਚ ਸ਼ੁਰੂ ਕੀਤੀ ਗਈ ਹੈ।
ਹੋਰ ਮਿਲੀ ਜਾਣਕਾਰੀ ਮੁਤਾਬਕ 5 ਵਿਧਾਇਕ ਅਜਿਹੇ ਹਨ ਜਿਨ੍ਹਾਂ ਕੋਲ ਉਹਨਾਂ ਨੂੰ ਮਿਲੇ ਆਫਰਾਂ ਦੀ ਫੋਨ ਕਾੱਲ ਦੀ ਆਵਾਜ਼ ਰਿਕਾਰਡਿੰਗ ਹੈ। ਜਿਸ ਦੀ ਜਾਂਚ ਲਈ ਤਕਨੀਕੀ ਟੀਮ ਬਣਾਈ ਗਈ ਹੈ। ਦੁਆਬੇ ਦੇ ਇੱਕ ਵਿਧਾਇਕ ਤੋਂ ਕਾਲਿੰਗ ਵੇਰਵੇ ਇਕੱਠੇ ਕੀਤੇ ਗਏ ਹਨ। ਇਸ ਦੇ ਨਾਲ ਹੀ ਇੱਕ ਹੋਰ ਵਿਧਾਇਕ ਨੇ ਵੀ ਰਿਕਾਰਡਿੰਗ ਦਿੱਤੀ ਹੈ, ਜਿਸ ਦੇ ਬਿਆਨ ਕਲਮਬੰਦ ਕੀਤੇ ਜਾ ਰਹੇ ਹਨ।
ਇਸ ਤੋਂ ਇਲਾਵਾ ਜਿਨ੍ਹਾਂ ਵਿਧਾਇਕਾਂ ਨੂੰ ਫੋਨ ਕਰਕੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ, ਉਨ੍ਹਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਵਿਧਾਇਕਾਂ ਨੇ ਇਹ ਵੀ ਦੋਸ਼ ਲਾਇਆ ਕਿ ਕੁਝ ਲੋਕ ਚੰਡੀਗੜ੍ਹ ਤੱਕ ਉਨ੍ਹਾਂ ਦੇ ਮਗਰ ਪਏ ਹਨ। ਉਨ੍ਹਾਂ ਕਿਹਾ ਕਿ ਜਦੋਂ ਉਹ ਆਪਣੇ ਵਿਧਾਨ ਸਭਾ ਹਲਕੇ ਭਾਵ ਆਪਣੇ ਘਰੋਂ ਨਿਕਲੇ ਸਨ ਤਾਂ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਉਨ੍ਹਾਂ ਦਾ ਪਿੱਛਾ ਕੀਤਾ ਗਿਆ।
ਇਸ ਸਬੰਧੀ ਉਸ ਦੇ ਘਰ ਨੇੜੇ ਲੱਗੇ ਟੋਲ ਪਲਾਜ਼ਾ ਤੋਂ ਵੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ। ਧਮਕੀਆਂ ਮਿਲਣ ਦਾ ਦਾਅਵਾ ਕਰਨ ਵਾਲੇ ਵਿਧਾਇਕਾਂ ਨੂੰ ਸੋਮਵਾਰ ਨੂੰ ਫੋਨ ਕਾਲਾਂ ਨਾਲ ਨਾਲ ਸਬੰਧਤ ਹੋਰ ਵੇਰਵੇ ਦੇਣ ਲਈ ਕਿਹਾ ਗਿਆ ਹੈ। ਇਨ੍ਹਾਂ ਵਿਧਾਇਕਾਂ ਨੂੰ ਉਨ੍ਹਾਂ ਸਥਾਨਕ ਲੋਕਾਂ ਦੇ ਨਾਂ ਵੀ ਦੇਣ ਲਈ ਕਿਹਾ ਗਿਆ, ਜੋ ਸ਼ੱਕੀ ਹਨ ਤਾਂ ਜੋ ਉਨ੍ਹਾਂ ਦੀ ਆਵਾਜ਼ ਦੇ ਨਮੂਨੇ ਲਏ ਜਾਣ ਅਤੇ ਜਾਂਚ ਕੀਤੀ ਜਾ ਸਕੇ। ਮੁੱਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆ ਰਹੀ ਹੈ ਕਿ ‘ਆਪ’ ਵਿਧਾਇਕਾਂ ਨੂੰ ਦੋ ਤਰੀਕਿਆਂ ਨਾਲ ਕਾਲਾਂ ਕੀਤੀਆਂ ਗਈਆਂ ਹਨ, ਇਕ ਇੰਟਰਨੈੱਟ ਕਾਲਿੰਗ ਰਾਹੀਂ ਅਤੇ ਦੂਜਾ ਸਪੂਫ ਐਪ ਰਾਹੀਂ। ਇਹ ਐਪਸ ਕਾਲਰ ਦੀ ਆਈਡੀ ਬਦਲ ਦਿੰਦੇ ਹਨ, ਜਿਸ ਨਾਲ ਵਿਅਕਤੀ ਨੂੰ ਲੱਗਦਾ ਹੈ ਕਿ ਕਾਲ ਕਿਸੇ ਖਾਸ ਵਿਅਕਤੀ ਵੱਲੋਂ ਕੀਤੀ ਗਈ ਹੈ। ਅਜਿਹੇ ਕਈ ਐਪਸ ਪਲੇ ਸਟੋਰ ‘ਤੇ ਵੀ ਉਪਲਬਧ ਹਨ।