ਆਪ੍ਰੇਸ਼ਨ ਲੋਟਸ ਨੂੁੰ ਲੈ ਕੇ 7 ਹੋਰ ਵਿਧਾਇਕਾਂ ਦੇ ਬਿਆਨ ਦਰਜ ਕਰੇਗੀ ਵਿਜੀਲੈਂਸ
ਚੰਡੀਗੜ੍ਹ,5 ਅਕਤੂਬਰ(ਵਿਸ਼ਵ ਵਾਰਤਾ)–ਪੰਜਾਬ ‘ਚ ਆਪਰੇਸ਼ਨ ਲੋਟਸ ਤਹਿਤ ਵਿਧਾਇਕਾਂ ਦੀ ਖਰੀਦੋ ਫਰੋਖਤ ਦੇ ਮਾਮਲੇ ‘ਚ ਵਿਜੀਲੈਂਸ ਆਮ ਆਦਮੀ ਪਾਰਟੀ ਦੇ 7 ਹੋਰ ਵਿਧਾਇਕਾਂ ਦੇ ਬਿਆਨ ਦਰਜ ਕਰੇਗੀ। ਵਿਜੀਲੈਂਸ ਟੀਮ ਨੇ ਹੁਣ ਤੱਕ ਸਿਰਫ਼ ਵਿਧਾਇਕ ਸ਼ੀਤਲ ਅੰਗੁਰਾਲ ਅਤੇ ਰਮਨ ਅਰੋੜਾ ਦੇ ਹੀ ਬਿਆਨ ਦਰਜ ਕੀਤੇ ਹਨ। ਡੀਜੀਪੀ ਗੌਰਵ ਯਾਦਵ ਨੂੰ ਦਿੱਤੀ ਸ਼ਿਕਾਇਤ ‘ਚ ‘ਆਪ’ ਵਿਧਾਇਕਾਂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਭਾਜਪਾ ‘ਚ ਸ਼ਾਮਲ ਹੋਣ ਲਈ ਪੈਸੇ ਅਤੇ ਧਮਕੀਆਂ ਦੀ ਪੇਸ਼ਕਸ਼ ਕੀਤੀ ਗਈ ਸੀ।ਇਸ ਮਾਮਲੇ ‘ਚ ਬਿਊਰੋ ਆਫ਼ ਇਨਵੈਸਟੀਗੇਸ਼ਨ ਦੇ ਲਾਅ ਅਫ਼ਸਰ ਦੀ ਕਾਨੂੰਨੀ ਰਾਏ ‘ਤੇ ਸਟੇਟ ਕ੍ਰਾਈਮ ਸੈੱਲ ‘ਚ ਅਣਪਛਾਤੇ ਲੋਕਾਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਸ ਤੋਂ ਬਾਅਦ ਸਰਕਾਰ ਨੇ ਜਾਂਚ ਵਿਜੀਲੈਂਸ ਬਿਊਰੋ ਨੂੰ ਸੌਂਪ ਦਿੱਤੀ। ਵਿਜੀਲੈਂਸ ਬਿਊਰੋ ਨੇ ਮਾਮਲੇ ਦੀ ਜਾਂਚ ਲਈ ਐਸਆਈਟੀ ਦਾ ਗਠਨ ਕੀਤਾ ਸੀ ਪਰ ਅਜੇ ਤੱਕ ਕਿਸੇ ਵਿਅਕਤੀ ਦਾ ਨਾਮ ਨਹੀਂ ਲਿਆ ਗਿਆ ਹੈ।
ਹੁਣ ਤੱਕ ਸਿਰਫ ਸੋਮਵਾਰ ਨੂੰ ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਅਤੇ ਜਲੰਧਰ ਸੈਂਟਰਲ ਤੋਂ ਵਿਧਾਇਕ ਰਮਨ ਅਰੋੜਾ ਵੱਲੋਂ ਬਿਆਨ ਦਰਜ ਕਰਵਾਏ ਗਏ। ਹੁਣ ਹਲਕਾ ਗੜ੍ਹਸ਼ੰਕਰ ਤੋਂ ਵਿਧਾਇਕ ਜੈ ਕਿਸ਼ਨ ਰੌੜੀ, ਬੱਸੀ ਪਠਾਣਾ ਤੋਂ ਵਿਧਾਇਕ ਰੁਪਿੰਦਰ ਹੈਪੀ, ਬੁਢਲਾਡਾ ਦੇ ਵਿਧਾਇਕ ਬੁੱਧਰਾਮ, ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ, ਨਾਹਰ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਅਤੇ ਭੁੱਚੋ ਮੰਡੀ ਦੇ ਵਿਧਾਇਕ ਮਾਸਟਰ ਜਗਸੀਰ ਸਿੰਘ ਕੇ ਦੇ ਬਿਆਨ ਦਰਜ ਕੀਤੇ ਜਾਣਗੇ।