ਆਪਣੀ ਹਾਰ ਦੇਖ ਕੇ ਧਰਮ ਦੀ ਰਾਜਨੀਤੀ ਤੇ ਉਤਰੀ ਭਾਰਤੀ ਜਨਤਾ ਪਾਰਟੀ:- ਕੁਲਦੀਪ ਧਾਲੀਵਾਲ
ਲੋਕ ਸਭਾ ਵਿੱਚ ਅੰਮ੍ਰਿਤਸਰ ਦੀ ਅਵਾਜ਼ ਚੁੱਕਣ ਵਿੱਚ ਔਜਲਾ ਰਹੇ ਫੇਲ:- ਕੁਲਦੀਪ ਧਾਲੀਵਾਲ
ਆਪਣੇ ਦੋ ਸਾਲ ਦੇ ਕਾਰਜਕਾਲ ਵਿੱਚ ਆਪ ਸਰਕਾਰ ਨੇ ਕੀਤੇ ਕ੍ਰਾਂਤੀਕਾਰੀ ਕੰਮ :- ਕੁਲਦੀਪ ਧਾਲੀਵਾਲ
ਚੰਡੀਗੜ੍ਹ, 29 (ਵਿਸ਼ਵ ਵਾਰਤਾ):- ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਆਪਣੀ ਚੋਣ ਮੁਹਿੰਮ ਦੇ ਅਖੀਰਲੇ ਗੇੜ ਵਿੱਚ ਹੋ ਰਹੀਆਂ ਵੱਖ-ਵੱਖ ਹਲਕਿਆਂ ਦੀਆਂ ਰੈਲੀਆਂ ਵਿੱਚ ਕੇਂਦਰ ਦੀ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਨੂੰ ਨਿਸ਼ਾਨੇ ਤੇ ਲੈਂਦੇ ਹੋਏ ਕਿਹਾ ਕਿ ਅੱਜ ਹੁਣ ਤੱਕ ਦੇ ਹੋਏ ਛੇ ਗੇੜ ਦੀਆਂ ਵੋਟਾਂ ਵਿੱਚ ਭਾਰਤੀ ਜਨਤਾ ਪਾਰਟੀ ਦੀ ਹਾਰ ਤਹਿ ਹੋ ਗਈ ਹੈ ਅਤੇ ਅਖੀਰਲੇ ਗੇੜ ਵਿੱਚ ਪੰਜਾਬ ਵਿੱਚ ਬੁਰੀ ਤਰ੍ਹਾਂ ਨਾਲ ਹੋਣ ਵਾਲੀ ਹਾਰ ਨੂੰ ਦੇਖਦੇ ਹੋਏ ਭਾਰਤੀ ਜਨਤਾ ਪਾਰਟੀ ਧਰਮ ਦੀ ਰਾਜਨੀਤੀ ਤੇ ਉੱਤਰ ਆਈ ਹੈ। ਉਹਨਾਂ ਕਿਹਾ ਕਿ ਜੇਕਰ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਨੇ 10 ਸਾਲ ਵਿੱਚ ਜੇਕਰ ਕੋਈ ਲੋਕ ਹਿੱਤ ਦੇ ਕੰਮ ਕੀਤੇ ਹੁੰਦੇ ਤਾਂ ਅੱਜ ਭਾਜਪਾ ਨੂੰ ਧਰਮ ਅਤੇ ਲੋਕਾਂ ਵਿੱਚ ਨਫਰਤ ਫੈਲਾਉਣ ਦੀ ਰਾਜਨੀਤੀ ਨਾ ਕਰਨੀ ਪੈਂਦੀ। ਧਾਲੀਵਾਲ ਨੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਚਰਨਜੀਤ ਸਿੰਘ ਸੰਧੂ ਤੇ ਵਿਅੰਗ ਕਸਦੇ ਹੋਏ ਕਿਹਾ ਕਿ ਕਿ ਸੰਧੂ ਸਾਹਿਬ ਦੀ ਚਾਰ ਤਰੀਕ ਸ਼ਾਮ ਦੀ ਅਮਰੀਕਾ ਜਾਣ ਦੀ ਵਾਪਸੀ ਦੀ ਤਿਆਰੀ ਹੈ ਕਿਉਂਕਿ ਅੰਮ੍ਰਿਤਸਰ ਵਿੱਚੋਂ ਉਹਨਾਂ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪੈਣ ਵਾਲਾ ਹੈ । ਉਸ ਤੋਂ ਬਾਅਦ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਬਾਰੇ ਗੱਲ ਕਰਦੇ ਹੋਏ ਧਾਲੀਵਾਲ ਨੇ ਕਿਹਾ ਕਿ ਅੰਮ੍ਰਿਤਸਰ ਦੇ ਮੁੱਦੇ ਲੋਕ ਸਭਾ ਵਿੱਚ ਚੁੱਕਣ ਵਿੱਚ ਔਜਲਾ ਪੂਰੀ ਤਰ੍ਹਾਂ ਨਾਲ ਫੇਲ ਸਾਬਤ ਹੋਏ ਹਨ ਉਹਨਾਂ ਨੇ ਕਿਹਾ ਕਿ ਲੋਕ ਹੁਣ ਜਾਗਰੂਕ ਹੋ ਗਏ ਹਨ ਅਤੇ ਉਹ ਭਲੀ ਭਾਂਤ ਜਾਣਦੇ ਹਨ ਕਿ ਕਿਹੜੀ ਪਾਰਟੀ ਲੋਕ ਹਿੱਤ ਦੇ ਕੰਮ ਕਰ ਰਹੀ ਹੈ । ਉਹਨਾਂ ਕਿਹਾ ਕਿ ਲੋਕ ਸਭਾ ਹਲਕਾ ਅੰਮ੍ਰਿਤਸਰ ਦੇ ਵੱਖ ਵੱਖ ਹਲਕਿਆਂ ਵਿੱਚ ਹੁਣ ਤੱਕ 500 ਤੋਂ ਵੱਧ ਮੀਟਿੰਗਾਂ ਕਰ ਚੁੱਕੇ ਹਨ ਅਤੇ ਲੋਕਾਂ ਵੱਲੋਂ ਉਹਨਾਂ ਨੂੰ ਭਰਪੂਰ ਸਮਰਥਨ ਅਤੇ ਪਿਆਰ ਮਿਲ ਰਿਹਾ ਹੈ। ਧਾਲੀਵਾਲ ਨੇ ਕਿਹਾ ਕਿ ਉਹ ਸਾਰੀ ਉਮਰ ਅੰਮ੍ਰਿਤਸਰ ਦੇ ਲੋਕਾਂ ਵੱਲੋਂ ਮਿਲ ਰਹੇ ਪਿਆਰ ਦਾ ਕਰਜ਼ਾ ਨਹੀਂ ਉਤਾਰ ਸਕਦੇ ਪਰ ਇਸ ਵਿਸ਼ਵਾਸ ਅਤੇ ਸਮਰਥਨ ਦਾ ਮੁੱਲ ਉਹ ਲੋਕਾਂ ਦੇ ਕੰਮ ਕਰਕੇ ਮੋੜਨਗੇ। ਧਾਲੀਵਾਲ ਨੇ ਕਿਹਾ ਕਿ ਸਾਡਾ ਵਿਜਨ ਅੰਮ੍ਰਿਤਸਰ ਦਾ ਵਿਕਾਸ ਕਰਨਾ ਅਤੇ ਕੇਂਦਰ ਤੋਂ ਅੰਮ੍ਰਿਤਸਰ ਲਈ ਵਿਸ਼ਵ ਪੱਧਰੀ ਯੂਨੀਵਰਸਿਟੀ, ਪੀਜੀਆਈ ਲੈਵਲ ਦਾ ਹਸਪਤਾਲ ਲੈਕੇ ਆਉਣਾ ਹੈ। ਧਾਲੀਵਾਲ ਨੇ ਕਿਹਾ ਕਿ ਅੰਮ੍ਰਿਤਸਰ ਦੀ ਇੰਡਸਟਰੀ ਨੂੰ ਮੁੜ ਬਹਾਲ ਕਰਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਰੋਜਗਾਰ ਮੁਹਈਆ ਕਰਾਉਣਾ ਮੇਰਾ ਮੁੱਖ ਟੀਚਾ ਹੈ। ਅਕਾਲੀ ਦਲ ਬਾਰੇ ਗੱਲ ਕਰਦੇ ਹੋਏ ਧਾਲੀਵਾਲ ਨੇ ਕਿਹਾ ਕਿ ਅਕਾਲੀ ਦਲ ਦਾ ਉਮੀਦਵਾਰ ਕਿਸੇ ਰੇਸ ਵਿੱਚ ਨਹੀਂ ਹੈ ਅਤੇ 4 ਜੂਨ ਨੂੰ ਪੂਰੇ ਪੰਜਾਬ ਵਿੱਚੋਂ ਅਕਾਲੀ ਦਲ ਦੀਆਂ ਜਮਾਨਤਾਂ ਜਬਤ ਹੋਣ ਵਾਲੀਆਂ ਹਨ। ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦੋ ਸਾਲਾਂ ਵਿੱਚ ਮੁਫਤ ਬਿਜਲੀ,ਆਮ ਆਦਮੀ ਕਲੀਨਿਕ, ਸਕੂਲ ਆਫ ਐਮੀਨੈਂਸ ਅਤੇ ਸਰਕਾਰੀ ਨੌਕਰੀਆਂ ਆਮ ਘਰਾਂ ਦੇ ਬੱਚਿਆਂ ਨੂੰ ਦੇ ਕੇ ਲੋਕਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਈਆਂ ਵੋਟਾਂ ਦਾ ਮੁੱਲ ਮੋੜਿਆ ਹੈ। ਧਾਲੀਵਾਲ ਨੇ ਕਿਹਾ ਕਿ ਅੱਜ ਲੜਾਈ ਸੰਵਿਧਾਨ ਨੂੰ ਬਚਾਉਣ ਦੀ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਸਾਡੇ ਐਸ ਸੀ ਭਾਈਚਾਰੇ ਦਾ ਰਾਖਵਾਂਕਰਨ ਖਤਮ ਕਰਨਾ ਚਾਹੁੰਦੀ ਹੈ ਅਤੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦਾ ਲਿਖਿਆ ਹੋਇਆ ਸੰਵਿਧਾਨ ਬਦਲ ਕੇ ਲੋਕਾਂ ਕੋਲੋਂ ਵੋਟਿੰਗ ਦਾ ਅਧਿਕਾਰ ਖੋਹਣਾ ਚਾਹੁੰਦੀ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਗਈ ਇੱਕ ਮੌਕਾ ਦੇ ਕੇ ਉਹਨਾਂ ਨੂੰ ਲੋਕ ਸਭਾ ਵਿੱਚ ਭੇਜਿਆ ਜਾਵੇ ਤਾਂ ਜੋ ਕੇਂਦਰ ਤੋਂ ਪੰਜਾਬ ਦੇ ਹੱਕ ਲਏ ਜਾ ਸਕਣ । ਇਸ ਮੌਕੇ ਉਹਨਾਂ ਨਾਲ ਹਲਕਾ ਅਟਾਰੀ ਦੇ ਵਿਧਾਇਕ ਜਸਵਿੰਦਰ ਸਿੰਘ ਰਮਦਾਸ, ਹਲਕਾ ਪੱਛਮੀ ਦੇ ਵਿਧਾਇਕ ਡਾਕਟਰ ਜਸਬੀਰ ਸਿੰਘ ਸੰਧੂ, ਸੀਨੀਅਰ ਆਗੂ ਤਲਬੀਰ ਸਿੰਘ ਗਿੱਲ,ਸਤਪਾਲ ਸੋਖੀ, ਅਰਵਿੰਦਰ ਸਿੰਘ ਭੱਟੀ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।