*ਆਨਲਾਈਨ ਅਤੇ ਆਫ਼ਲਾਈਨ ਢੰਗ ਨਾਲ ਲਗਾਈ ਗਈ ਕੌਮੀ ਲੋਕ ਅਦਾਲਤ*
*339 ਬੈਂਚਾਂ ਅੱਗੇ 50 ਹਜ਼ਾਰ ਕੇਸਾਂ ਦੀ ਕੀਤੀ ਗਈ ਸੁਣਵਾਈ*
ਚੰਡੀਗੜ੍ਹ, 10 ਜੁਲਾਈ:ਪੰਜਾਬ ਭਰ ਵਿੱਚ ਮਾਨਯੋਗ ਜਸਟਿਸ ਅਜੈ ਤਿਵਾੜੀ, ਜੱਜ, ਪੰਜਾਬ ਅਤੇ ਹਰਿਆਣਾ ਹਾਈਕੋਰਟ ਅਤੇ ਕਾਰਜਕਾਰੀ ਚੇਅਰਮੈਨ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਰਪ੍ਰਸਤੀ ਹੇਠ ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਕੋਵਿਡ ਦੇ ਫੈਲਾਅ ਨੂੰ ਰੋਕਣ ਲਈ ਸਮੇਂ ਸਮੇਂ ’ਤੇ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਕੌਮੀ ਲੋਕ ਅਦਾਲਤ ਲਾਈ ਗਈ। ਇਸ ਲੋਕ ਅਦਾਲਤ ਦਾ ਆਯੋਜਨ ਆਨਲਾਈਨ ਅਤੇ ਆਾਫਲਾਈਨ ਦੋਵੇਂ ਵਿਧੀਆਂ ਰਾਹੀਂ ਕੀਤਾ ਗਿਆ।
ਲੋਕ ਅਦਾਲਤ ਦੇ ਬੈਂਚਾਂ, ਵਕੀਲਾਂ ਅਤੇ ਮੁਕੱਦਮੇਬਾਜ਼ਾਂ ਦੀ ਸਹੂਲਤ ਲਈ ਵਰਚੁਅਲ ਢੰਗ ਨਾਲ ਲੋਕ ਅਦਾਲਤ ਲਗਾਉਣ ਵਾਸਤੇ ਸੂਬੇ ਭਰ ਦੀਆਂ ਸਾਰੀਆਂ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀਆਂ ਨੂੰ ਇੱਕ ਸਟੈਂਡਰਡ ਆਪਰੇਟਿੰਗ ਪ੍ਰੋਸੀਜ਼ਰ (ਐਸ.ਓ.ਪੀ.) ਜਾਰੀ ਕੀਤਾ ਗਿਆ।
ਇਸ ਕੌਮੀ ਲੋਕ ਅਦਾਲਤ ਦੌਰਾਨ ਕੁੱਲ 339 ਬੈਂਚਾਂ ਵਿੱਚਚ ਲਗਭਗ 50000 ਕੇਸਾਂ ਦੀ ਸੁਣਵਾਈ ਕੀਤੀ ਗਈ।ਧਿਰਾਂ ਦੀ ਸਹਿਮਤੀ ਨਾਲ ਕਈ ਅਵਾਰਡ ਪਾਸ ਕੀਤੇ ਗਏ। ਕਾਨੂੰਨੀ ਸੇਵਾਵਾਂ ਅਥਾਰਟੀਜ਼ ਐਕਟ, 1987 ਦੀਆਂ ਧਾਰਾਵਾਂ ਅਨੁਸਾਰ ਕੋਰਟ ਫੀਸ ਰੀਫੰਡ ਕਰਨ ਦਾ ਆਦੇਸ਼ ਦਿੱਤਾ ਗਿਆ। ਮਾਨਯੋਗ ਕਾਰਜਕਾਰੀ ਚੇਅਰਮੈਨ ਸ੍ਰੀ ਜਸਟਿਸ ਅਜੈ ਤਿਵਾੜੀ ਦੀ ਸਰਗਰਮ ਭਾਗੀਦਾਰੀ ਨਾਲ ਵੱਡੀ ਗਿਣਤੀ ਵਿਚ ਕੇਸਾਂ ਦਾ ਨਿਪਟਾਰਾ ਕੀਤਾ ਗਿਆ ਜਿਸਨੇ ਮੁਕੱਦਮੇਬਾਜ਼ਾਂ ’ਤੇ ਚਿਹਰੇ ’ਤੇ ਖੁਸ਼ੀ ਅਤੇ ਉਮੀਦ ਲਿਆਂਦੀ।
ਲੋਕ ਅਦਾਲਤ ਵਿੱਚ ਡੂੰਘੀ ਰੁਚੀ ਲੈਂਦਿਆਂ ਮਾਨਯੋਗ ਸ਼੍ਰੀ ਜਸਟਿਸ ਅਜੈ ਤਿਵਾੜੀ, ਜੱਜ, ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅਤੇ ਕਾਰਜਕਾਰੀ ਚੇਅਰਮੈਨ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਨਿੱਜੀ ਤੌਰ ‘ਤੇ ਪਟਿਆਲਾ ਅਤੇ ਮੁਹਾਲੀ ਵਿਖੇ ਜੁਡੀਸ਼ੀਅਲ ਕੋਰਟ ਕੰਪਲੈਕਸ ਦਾ ਦੌਰਾ ਕੀਤਾ ਅਤੇ ਮੁਕੱਦਮੇਬਾਜ਼ਾਂ ਨੂੰ ਇਸ ਲੋਕ ਅਦਾਲਤ ਰਹੀਂ ਆਪਣੇ ਵਿਵਾਦਾਂ ਨੂੰ ਸੁਲਝਾਉਣ ਲਈ ਉਤਸ਼ਾਹਿਤ ਕੀਤਾ।
ਇਸ ਮੌਕੇ ਸਮੂਹ ਲੋੜਵੰਦ ਵਿਅਕਤੀਆਂ ਖਾਸ ਕਰਕੇ ਕਮਜ਼ੋਰ ਵਰਗਾਂ ਲਈ ਉਪਲੱਬਧ ਕਿਸੇ ਵੀ ਕਿਸਮ ਦੀ ਕਾਨੂੰਨੀ ਸਹਾਇਤਾ ਲਈ ਲੋਕਾਂ ਨੂੰ ਟੋਲ ਫਰੀ ਨੰਬਰ 1968 ਬਾਰੇ ਵੀ ਜਾਗਰੂਕ ਕੀਤਾ ਗਿਆ। ਜ਼ਿਲਾ ਅਤੇ ਸਬ ਡਵੀਜ਼ਨ ਪੱਧਰ ’ਤੇ ਅਦਾਲਤਾਂ ਦੀ ਥਾਂ ’ਤੇ ਸਥਾਪਿਤ ਕੀਤੇ ਗਏ ਫਰੰਟ ਆਫਿਸਿਜ਼, ਮੁਕੱਦਮੇਬਾਜ਼ਾਂ ਨੂੰ ਮੁਫਤ ਅਤੇ ਪ੍ਰਭਾਵਸ਼ਾਲੀ ਕਾਨੂੰਨੀ ਸਹਾਇਤਾ ਲੈਣ ਵਾਸਤੇ ਸੇਧ ਦੇਣ ਲਈ ਇੱਥੇ ਮੌਜੂਦ ਹਨ।
ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਮੈਂਬਰ ਸਕੱਤਰ ਅਰੁਣ ਗੁਪਤਾ ਨੇ ਦੱਸਿਆ ਹੈ ਕਿ ਕੌਮੀ ਲੋਕ ਅਦਾਲਤਾਂ ਦਾ ਆਯੋਜਨ ਨਿਯਮਤ ਤੌਰ ’ਤੇ ਸਖ਼ਤੀ ਨਾਲ ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸ਼ਡਿਊਲ ਅਨੁਸਾਰ ਕੀਤਾ ਜਾਂਦਾ ਹੈ।ਉਨਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਲੋਕ ਅਦਾਲਤਾਂ ਵਿੱਚ ਆਪਣੀਆਂ ਸ਼ਿਕਾਇਤਾਂ ਦਾ ਨਿਪਟਾਰਾ ਆਪਸੀ ਸਹਿਮਤੀ ਨਾਲ ਕਰਵਾਉਣ।