ਆਧਾਰ ਕਾਰਡ ਬਨਾਉਣ ’ਚ ਕਪੂਰਥਲਾ ਜ਼ਿਲ੍ਹਾ ਸੂਬੇ ਭਰ ’ਚ ਮੋਹਰੀ
ਨਾਗਰਿਕ ਸੇਵਾਵਾਂ ਵੀ ਘੱਟੋ-ਘੱਟ ਸਮੇਂ ’ਚ ਮਿਲਣਗੀਆਂ : ਡਿਪਟੀ ਕਮਿਸ਼ਨਰ
ਕਪੂਰਥਲਾ, 19 ਅਪ੍ਰੈਲ (ਸਤੀਸ਼ ਕੁਮਾਰ ਪੱਪੀ):- ਜ਼ਿਲ੍ਹਾ ਕਪੂਰਥਲਾ ਨੇ ਸੂਬੇ ਵਿਚ ਆਧਾਰ ਕਾਰਡ ਦੀ ਵੈਰੀਫਿਕੇਸ਼ਨ ਅਤੇ ਪ੍ਰਵਾਨ ਕਰਨ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੈ।
ਆਧਾਰ ਕਾਰਡ ਵੈਰੀਫਿਕੇਸ਼ਨ ਵਿਚ ਮੋਹਰੀ ਰਹਿਣ ’ਤੇ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਾਰੀਆਂ ਟੀਮਾਂ ਨੂੰ ਆਧਾਰ ਕਾਰਡ ਨਾਲ ਸਬੰਧਿਤ ਸੇਵਾਵਾਂ ਨੂੰ ਫਾਸਟਟ੍ਰੈਕ ਕਰਵਾਉਂਦਿਆਂ ਇਹ ਸੇਵਾਵਾਂ ਤੈਅ ਸਮੇਂ ਦੇ ਵਿੱਚ-ਵਿੱਚ ਮੁਹੱਈਆ ਕਰਵਾਉਣੀਆਂ ਯਕੀਨੀ ਬਣਾਈਆਂ ਗਈਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਸੇਵਾਵਾਂ ਦੀ ਲਗਾਤਾਰ ਨਜ਼ਰਸਾਨੀ ਕੀਤੀ ਜਾ ਰਹੀ ਹੈ ਤਾਂ ਜੋ ਲੋਕਾਂ ਨੂੰ ਬਿਨ੍ਹਾਂ ਕਿਸੇ ਬੇਲੋੜੀ ਦੇਰੀ ਤੋਂ ਲੋੜੀਂਦਾ ਦਸਤਾਵੇਜ ਦਿੱਤਾ ਜਾ ਸਕੇ।
ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਬਿਨੈਕਾਰ ਆਧਾਰ ਕਾਰਡ ਬਨਵਾਉਣ ਲਈ ਨੇੜਲੇ ਸੇਵਾ ਕੇਂਦਰਾਂ ਵਿਚ ਸਮੇਤ ਲੋੜੀਂਦੇ ਦਸਤਾਵੇਜਾਂ ਬਿਨੈਪੱਤਰ ਦੇ ਸਕਦੇ ਹਨ। ਉਨ੍ਹਾਂ ਦੱਸਿਆ ਕਿ ਬਿਨੈਪੱਤਰ ਦੀ ਪ੍ਰਾਪਤੀ ਉਪਰੰਤ ਸਬੰਧਿਤ ਐਸ.ਡੀ.ਐਮ ਦਫਤਰ ਵਲੋਂ ਵੈਰੀਫਿਕੇਸ਼ਨ ਉਪਰੰਤ ਵਿਲੱਖਣ ਪਛਾਣ ਪੱਤਰ ਅਥਾਰਟੀ ਆਫ ਇੰਡੀਆ (ਯੂ.ਆਈ.ਏ.ਡੀ.ਆਈ) ਵਲੋਂ ਆਧਾਰ ਕਾਰਡ ਜਾਰੀ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ 19 ਅਪ੍ਰੈਲ 2024 ਤੱਕ ਜ਼ਿਲ੍ਹੇ ਵਿਚ ਪ੍ਰਾਪਤ ਅਰਜ਼ੀਆਂ ’ਚੋਂ 1321 ਆਧਾਰ ਕਾਰਡ ਮਨਜ਼ੂਰ ਕੀਤੇ ਗਏ ਅਤੇ 27 ਅਰਜ਼ੀਆਂ ਵਿਚਾਰ ਅਧੀਨ ਹਨ ਜਿਸ ਨਾਲ ਜ਼ਿਲ੍ਹੇ ਦੀਆਂ ਅਰਜ਼ੀਆਂ ਦੀ ਬਕਾਇਆ ਦਰ ਰਾਜ ਭਰ ਵਿਚ ਸਭ ਤੋਂ ਘੱਟ ਹੈ।
ਲੋਕਾਂ ਨੂੰ ਨਾਗਰਿਕ ਸੇਵਾਵਾਂ ਹਰ ਹਾਲ ਸਮੇਂ ਸਿਰ ਮੁਹੱਈਆ ਕਰਵਾਉਣ ਦੀ ਵਚਨਬੱਧਤਾ ਦੁਹਰਾਉਂਦਿਆਂ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਕਿਹਾ ਕਿ ਜ਼ਿਲ੍ਹੇ ਵਿਚ ਸੇਵਾ ਕੇਂਦਰਾਂ ਰਾਹੀਂ ਨਾਗਰਿਕ ਸੇਵਾਵਾਂ ਦੇਣ ਦੀ ਪ੍ਰਕਿਰਿਆ ਨੂੰ ਵੀ ਹੋਰ ਤੇਜ਼ ਕੀਤਾ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਲੋੜੀਂਦੇ ਦਸਤਾਵੇਜ਼ ਘੱਟੋ-ਘੱਟ ਸਮੇਂ ਵਿਚ ਦਿੱਤੇ ਜਾ ਸਕਣ। ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਨਾਗਰਿਕ ਸੇਵਾਵਾਂ ਦੀ ਸਮੁੱਚੀ ਪ੍ਰਕਿਰਿਆ ਦੀ ਮੋਨੀਟਰਿੰਗ ਕੀਤੀ ਜਾ ਰਹੀ ਹੈ ਤਾਂ ਕਿ ਢੁਕਵੇਂ ਕਦਮ ਚੁੱਕਦਿਆਂ ਲੋਕਾਂ ਨੂੰ ਹੋਰ ਵੀ ਸੁਖਾਲੇ ਢੰਗ ਨਾਲ ਇਹ ਸੇਵਾਵਾਂ ਦੇਣ ਨੂੰ ਯਕੀਨੀ ਬਣਾਇਆ ਜਾ ਸਕੇ।