ਫੂਡ ਸਪਲਾਈ ਵਿਭਾਗ ਦੇ ਅਧਿਕਾਰੀਆਂ ਦੀ ਦੇਖ-ਰੇਖ ਹੇਠ ਡਿਪੂ ਹੋਲਡਰਾਂ ਰਾਹੀਂ ਕੀਤੀ ਜਾ ਰਹੀ ਹੈ
ਕਣਕ ਦੀ ਘਰ-ਘਰ ਸਪਲਾਈ
ਤਰਨ ਤਾਰਨ, 30 ਮਾਰਚ( ਵਿਸ਼ਵ ਵਾਰਤਾ)-ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਵਿਡ-19 ਦੇ ਮੱਦੇਨਜ਼ਰ ਲਗਾਏ ਗਏ ਕਰਫਿਊ ਦੌਰਾਨ ਜਿਥੇ ਜ਼ਿਲ੍ਹਾ ਵਾਸੀਆਂ ਨੂੰ ਫ਼ਲ, ਸਬਜ਼ੀਆਂ, ਦਵਾਈਆਂ ਅਤੇ ਹੋਰ ਜ਼ਰੂਰੀ ਵਸਤਾਂ ਦੀ ‘ਹੋਮ ਡਿਲੀਵਰੀ’ ਯਕੀਨੀ ਬਣਾਈ ਜਾ ਰਹੀ ਹੈ, ਉਥੇ ਪਿੰਡਾਂ ਤੇ ਸ਼ਹਿਰਾਂ ਦੇ ਘਰਾਂ ਅੰਦਰ ਰਾਜ ਸਰਕਾਰ ਦੀ ਆਟਾ-ਦਾਲ ਸਕੀਮ ਤਹਿਤ ਯੋਗ ਲਾਭਪਾਤਰੀਆਂ ਨੂੰ ਫੂਡ ਸਪਲਾਈ ਵਿਭਾਗ ਦੇ ਅਧਿਕਾਰੀਆਂ ਦੀ ਦੇਖ-ਰੇਖ ਹੇਠ ਡਿਪੂ ਹੋਲਡਰਾਂ ਰਾਹੀਂ ਕਣਕ ਦੀ ਸਪਲਾਈ ਘਰ-ਘਰ ਕੀਤੀ ਜਾ ਰਹੀ ਹੈ।
ਸ੍ਰੀ ਸੱਭਰਵਾਲ ਨੇ ਕਿਹਾ ਕਿ ਰਾਜ ਸਰਕਾਰ ਦੀ ਆਟਾ-ਦਾਲ ਸਕੀਮ ਤਹਿਤ ਜ਼ਿਲ੍ਹੇ ਦੇ 1 ਲੱਖ 54 ਹਜ਼ਾਰ ਪਰਿਵਾਰਾਂ ਨੂੰ 24 ਹਜ਼ਾਰ ਮੀਟਰਿਕ ਟਨ ਕਣਕ ਵੰਡੀ ਜਾਵੇਗੀ, ਜਿਸ ਦਾ ਲੱਗਭੱਗ 5 ਲੱਖ 50 ਹਜ਼ਾਰ ਯੋਗ ਲਾਭਪਾਤਰੀਆਂ ਨੂੰ ਲਾਭ ਪਹੁੰਚੇਗਾ।ਉਹਨਾਂ ਦੱਸਿਆ ਕਿ ਆਟਾ ਦਾਲ ਸਕੀਮ ਤਹਿਤ 6 ਮਹੀਨਿਆਂ ਦੀ ਪ੍ਰਤੀ ਜੀਅ 30 ਕਿਲੋ ਕਣਕ ਮੁਹੱਈਆ ਕਰਵਾਈ ਜਾਂਦੀ ਹੈ। ਉਹਨਾਂ ਕਿਹਾ ਕਿ ਕਣਕ ਦੀ ਇਹ ਵੰਡ ਅਕਤੂਬਰ 2019 ਤੋਂ 31 ਮਾਰਚ, 2020 ਤੱਕ ਦੀ ਹੈ।
ਉਨ੍ਹਾਂ ਕਿਹਾ ਕਿ ਕੋਵਿਡ 19 ਦੇ ਸੰਕਟ ਨੂੰ ਦੇਖਦਿਆਂ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਮਹਿਫੂਜ਼ ਰੱਖਣ ਦੇ ਮਕਸਦ ਨਾਲ ਕਣਕ ਦੀ ਸਪਲਾਈ ਹਰੇਕ ਲੋੜਵੰਦ ਦੇ ਘਰ ਤੱਕ ਪੁੱਜਦੀ ਕਰਨਾ ਸਮੇਂ ਦੀ ਲੋੜ ਹੈ।ਉਨ੍ਹਾਂ ਰਾਜ ਸਰਕਾਰ ਦੀ ਆਟਾ-ਦਾਲ ਸਕੀਮ ਅਧੀਨ ਜ਼ਿਲ੍ਹੇ ਦੇ ਯੋਗ ਲਾਭਪਾਤਰੀਆਂ ਤੱਕ ਕਣਕ ਪਹੁੰਚਾਉਣ ਲਈ ਲਗਾਏ ਗਏ ਸਮੁੱਚੇ ਅਮਲੇ ਅਤੇ ਡਿਪੂ ਹੋਲਡਰਾਂ ਨੂੰ ਪਾਰਦਰਸ਼ੀ ਅਤੇ ਤਨਦੇਹੀ ਨਾਲ ਡਿਊਟੀ ਨਿਭਾਉਣ ਹਦਾਇਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅਜਿਹੀ ਔਖੀ ਘੜੀ ਮੌਕੇ ਲੋਕ ਸੁਵਿਧਾਵਾਂ ਦਾ ਲੋੜਵੰਦਾਂ ਤਕ ਲਾਭ ਪੁੱਜਦਾ ਕਰਨਾ ਜਿਥੇ ਸਾਡੀ ਡਿਊਟੀ ਬਣਦੀ ਹੈ, ਉਥੇ ਹਰੇਕ ਵਿਭਾਗੀ ਅਧਿਕਾਰੀ ਦਾ ਨੈਤਿਕ ਫਰਜ਼ ਵੀ ਹੈ।
ਉਨ੍ਹਾਂ ਵਿਸ਼ਵਾਸ ਦਵਾਇਆ ਕਿ ਜ਼ਿਲ੍ਹਾ ਵਾਸੀਆਂ ਨੂੰ ਕਿਸੇ ਵੀ ਵਸਤੂ ਦੀ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਜ਼ਿਲੇ੍ਹ ਦੇ ਸਮੂਹ ਨਾਗਰਿਕਾਂ ਨੂੰ ਮੁੜ ਅਪੀਲ ਕਰਦਿਆਂ ਕਿਹਾ ਕਿ ਕੋਰੋਨਾ ਵਾਇਰਸ ਦੇ ਪ੍ਰਭਾਵ ਤੋਂ ਬੱਚਣ ਲਈ ਆਪਣੇ ਘਰਾਂ ਵਿੱਚ ਹੀ ਰਹਿਣਾ ਯਕੀਨੀ ਬਣਾਇਆ ਜਾਵੇ ਅਤੇ ਕਿਸੇ ਵੀ ਹਾਲਤ ਵਿੱਚ ਕਰਫ਼ਿਊ ਦੇ ਨਿਯਮਾਂ ਦੀ ਉਲੰਘਣਾ ਨਾ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਇਹ ਕਰਫ਼ਿਊ ਮਨੁੱਖੀ ਸਿਹਤ ਪ੍ਰਤੀ ਪੈਦਾ ਹੋਏ ਸੰਕਟ ਨੂੰ ਖਤਮ ਕਰਨ ਲਈ ਲਗਾਇਆ ਗਿਆ ਹੈ ਅਤੇ ਇਸ ਦੌਰਾਨ ਹਰ ਕਿਸੇ ਨੂੰ ਆਪਣੇ ਘਰ ਵਿੱਚ ਹੀ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਲੋੜਵੰਦ ਪਰਿਵਾਰਾਂ ਦੀ ਸਰਕਾਰ ਨੂੰ ਪੂਰੀ ਫਿਕਰ ਹੈ ਅਤੇ ਅਜਿਹੇ ਪਰਿਵਾਰਾਂ ਦੇ ਘਰਾਂ ਤੱਕ ਰਾਸ਼ਨ ਤੇ ਹੋਰ ਲੋੜੀਂਦੀ ਸਮੱਗਰੀ ਪਹੁੰਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਕਾਰਜਸ਼ੀਲ ਹੈ।