ਆਂਗਣਵਾੜੀ ਵਰਕਰ ਤੋਂ ਰਿਸ਼ਵਤ ਮੰਗਣ ਵਾਲਾ ਅਫਸਰ ਸਸਪੈਂਡ
ਚੰਡੀਗੜ੍ਹ: 1 ਫਰਵਰੀ (ਵਿਸ਼ਵ ਵਾਰਤਾ ਬਿਊਰੋ)- ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਪ੍ਰਤੀ ਜ਼ੀਰੋ ਟਾਲਰੈਂਸ ਨੀਤੀ ਅਪਣਾਈ ਹੋਈ ਹੈ। ਇਸੇ ਸੰਬੰਧ ਵਿੱਚ ਅਜਨਾਲਾ ਦੇ ਬਾਲ ਵਿਕਾਸ ਪ੍ਰੋਜੈਕਟ ਅਫਸਰ ਜਸਪ੍ਰੀਤ ਸਿੰਘ ਨੂੰ ਰਿਸ਼ਵਤ ਲੈਣ ਤੇ ਆਂਗਣਵਾੜੀ ਵਰਕਰ ਨੂੰ ਤੰਗ ਪ੍ਰੇਸ਼ਾਨ ਕਰਨ ‘ਤੇ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ।ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਵਧੀਕ ਮੁੱਖ ਸਕੱਤਰ ਕ੍ਰਿਪਾ ਸ਼ੰਕਰ ਸਰੋਜ ਵੱਲੋਂ ਜਾਰੀ ਹੁਕਮਾਂ ਅਨੁਸਾਰ ਜਸਪ੍ਰੀਤ ਸਿੰਘ ‘ਤੇ ਦੋਸ਼ ਹੈ ਕਿ ਉਹ ਸੈਂਟਰ ਕਰੀਮਪੁਰਾ ਸਰਕਲ ਗੁੱਜਰਪੁਰ ਦੀ ਆਂਗਣਵਾੜੀ ਵਰਕਰ ਅਮਨਦੀਪ ਕੌਰ ਤੋਂ ਰਿਸ਼ਵਤ ਮੰਗਦਾ ਸੀ ਤੇ ਉਸ ਨੂੰ ਬਿਨਾਂ ਵਜਾਹ ਤੰਗ ਪ੍ਰੇਸ਼ਾਨ ਕਰਦਾ ਸੀ। ਮੁਅੱਤਲੀ ਦੌਰਾਨ ਕਰਮਚਾਰੀ ਦਾ ਹੈਡਕੁਆਟਰ ਡਾਇਰੈਕਟਰ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਭਲਾਈ ਵਿਭਾਗ ਹੋਵੇਗਾ ਅਤੇ ਉਹ ਬਿਨਾਂ ਪ੍ਰਵਾਨਗੀ ਤੋਂ ਕਿਧਰੇ ਨਹੀਂ ਜਾਵੇਗਾ।