ਅੱਜ ਸ਼ਾਮ ਨੂੰ ਮਾਨਸਾ ਦੇ ਪਿੰਡ ਖੀਵਾ ਦਿਆਲੂ ਵਾਲਾ ਵਿਖੇ ਹਵੇਗਾ ਟਿਕਰੀ ਬਾਰਡਰ ਤੇ ਟਿੱਪਰ ਥੱਲੇ ਆ ਕੇ ਜਾਨ ਗਵਾਉਣ ਵਾਲੀਆਂ ਮਾਤਾਵਾਂ ਦਾ ਅੰਤਿਮ ਸੰਸਕਾਰ
ਮਾਨਸਾ 29 ਅਕਤੂਬਰ (ਵਿਸ਼ਵ ਵਾਰਤਾ)-ਦਿੱਲੀ ਦੇ ਕਿਸਾਨ ਅੰਦੋਲਨ ਤੋਂ ਵਾਪਸ ਘਰ ਨੂੰ ਪਰਤਣ ਲਈ ਆਟੋ ਰਿਕਸ਼ਾ ਦੀ ਉਡੀਕ ਕਰ ਰਹੀਆਂ ਮਾਨਸਾ ਜ਼ਿਲ੍ਹੇ ਦੇ ਪਿੰਡ ਖੀਵਾ ਦਿਆਲੂ ਵਾਲਾ ਦੀਆਂ ਜਿਹੜੀਆਂ 3 ਮਾਈਆਂ ਨੂੰ ਤੇਜ਼ ਰਫ਼ਤਾਰ ਟਰੱਕ ( ਟਿੱਪਰ) ਨੇ ਬੀਤੀ ਕਲ੍ਹ ਦਰੜਕੇ ਮਾਰ ਦਿੱਤਾ ਸੀ, ਉਨ੍ਹਾਂ ਦਾ ਅੱਜ ਸ਼ਾਮ ਨੂੰ ਅੰਤਿਮ ਸੰਸਕਾਰ ਕਰ ਦਿੱਤਾ ਜਾਵੇਗਾ। ਇਹ ਅੰਤਿਮ ਸੰਸਕਾਰ ਪਿੰਡ ਖੀਵਾ ਦਿਆਲੂ ਵਾਲਾ ਵਿਖੇ ਹੋਵੇਗਾ।ਇਸ ਤੋਂ ਪਹਿਲਾਂ ਅੱਜ ਬਹਾਦਰਗੜ੍ਹ ਵਿਖੇ ਤਿੰਨਾਂ ਔਰਤਾਂ ਦਾ ਪਰਿਵਾਰ ਦੀ ਸਹਿਮਤੀ ਨਾਲ ਸਿਵਲ ਹਸਪਤਾਲ ਵਿੱਚ ਪੋਸਟ ਮਾਰਟਮ ਕਰਵਾਇਆ ਗਿਆ।
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਅੱਜ ਵੱਡੇ ਤੜਕੇ ਦੇ ਬਹਾਦਰਗੜ੍ਹ ਵਿਖੇ ਪੁੱਜੇ ਹੋਏ ਹਨ ਅਤੇ ਉਨ੍ਹਾਂ ਨੇ ਜਥੇਬੰਦਕ ਨੇਤਾਵਾਂ ਨਾਲ ਮੀਟਿੰਗ ਕਰਨ ਤੋਂ ਬਾਅਦ ਪੋਸਟ ਮਾਰਟਮ ਕਰਵਾਇਆ ਗਿਆ।
ਕਿਸਾਨ ਆਗੂ ਰਾਮ ਸਿੰਘ ਭੈਣੀ ਬਾਘਾ ਨੇ ਇੱਕ ਪੱਤਰਕਾਰ ਨੂੰ ਫੋਨ ਰਾਹੀਂ ਦੱਸਿਆ ਕਿ ਉਹ ਮਿ੍ਤਕ ਦੇਹਾਂ ਨੂੰ ਐਂਬੂਲੈਂਸਾਂ ਵਿਚ ਲੈਕੇ ਪੰਜਾਬ ਲਈ ਚੱਲ ਪਏ ਹਨ ਅਤੇ ਅੱਜ ਹੀ ਸ਼ਾਮ ਨੂੰ ਤਿੰਨਾਂ ਮਾਈਆਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹਨਾਂ ਮਾਈਆਂ ਨੂੰ ਜਥੇਬੰਦੀ ਦੀਆਂ ਕਾਲ਼ੇ ਖੇਤੀ ਕਾਨੂੰਨਾਂ ਦੀਆਂ ਸ਼ਹੀਦ ਐਲਾਨਿਆ ਗਿਆ ਹੈ ਅਤੇ ਅੱਜ ਅੰਤਿਮ ਸੰਸਕਾਰ ਤੋਂ ਪਹਿਲਾਂ ਪਿੰਡ ਸਮਾਉ ਤੋਂ ਖੀਵਾ ਦਿਆਲੂ ਵਾਲਾ ਤੱਕ ਮਿ੍ਤਕ ਦੇਹਾਂ ਨੂੰ ਕਾਫ਼ਲੇ ਦੇ ਰੂਪ ਵਿਚ ਲਿਜਾਇਆ ਜਾਵੇਗਾ।
ਜ਼ਿਕਰਯੋਗ ਹੈ ਕਿ ਇਹ ਸਾਰੀਆਂ ਔਰਤਾਂ ਮਾਨਸਾ ਜ਼ਿਲ੍ਹੇ ਦੇ ਪਿੰਡ ਖੀਵਾ ਦਿਆਲੂ ਵਾਲੇ ਦੀਆਂ ਵਸਨੀਕ ਹਨ ਅਤੇ ਇਹ ਕਈ ਦਿਨਾਂ ਤੋਂ ਦਿੱਲੀ ਦੇ ਕਿਸਾਨ ਅੰਦੋਲਨ ਵਿਚ ਭਾਗ ਲੈਣ ਲਈ ਗਈਆ ਹੋਈਆਂ ਸਨ।
ਇਨ੍ਹਾਂ ਮਿ੍ਤਕ ਔਰਤਾਂ ਵਿਚ ਅਮਰਜੀਤ ਕੌਰ ਪਤਨੀ ਹਰਜੀਤ ਸਿੰਘ (58), ਗੁਰਮੇਲ ਕੌਰ ਪਤਨੀ ਭੋਲਾ ਸਿੰਘ ( 60), ਛਿੰਦਰ ਕੌਰ ਪਤਨੀ ਭਾਨ ਸਿੰਘ ( 61) ਸ਼ਾਮਲ ਹਨ।
ਇਹ ਔਰਤਾਂ ਦਿੱਲੀ ਤੋਂ ਬਹਾਦਰਗੜ੍ਹ ਹੋਕੇ ਪੰਜਾਬ ਪਰਤਣ ਲਈ ਆਟੋ ਰਿਕਸ਼ਾ ਦੀ ਉਡੀਕ ਕਰ ਰਹੀਆਂ ਸਨ ਕਿ ਅਚਾਨਕ ਇੱਕ ਟਰੱਕ ਨੇ ਬੇਕਾਬੂ ਹੋਕੇ ਇਹਨਾਂ ਨੂੰ ਦਰੜ ਦਿੱਤਾ।