ਅੱਜ ਵੀ ਪਾਰਟੀ ਦਫ਼ਤਰ ਵਿੱਚ ਪੇਸ਼ ਨਹੀਂ ਹੋਏ ਬੀਬੀ ਜਗੀਰ ਕੌਰ, ਪਾਰਟੀ ਨੇ ਆਪਣਾ ਪੱਖ ਰੱਖਣ ਲਈ ਦਿੱਤਾ ਸੀ ਤੀਜਾ ਮੌਕਾ
ਚੰਡੀਗੜ੍ਹ 7 ਨਵੰਬਰ(ਵਿਸ਼ਵ ਵਾਰਤਾ)- ਪਾਰਟੀ ਵਿਰੋਧੀ ਗਤਿਵਿਧੀਆਂ ਦੇ ਇਲਜ਼ਾਮਾਂ ਹੇਠ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਮੁਅੱਤਲ ਕੀਤੀ ਗਈ ਸਾਬਕਾ ਐਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ ਅੱਜ ਵੀ ਪਾਰਟੀ ਦਫ਼ਤਰ ਵਿੱਚ ਪੇਸ਼ ਨਹੀਂ ਹੋਏ ਹਨ। ਦੱਸ ਦਈਏ ਕਿ ਉਹਨਾਂ ਨੂੰ ਪਾਰਟੀ ਨੇ ਆਪਣਾ ਜਵਾਬ ਦੇਣ ਲਈ ਅੱਜ ਦੁਪਹਿਰ 12 ਵਜੇ ਤੱਕ ਦਾ ਸਮਾਂ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਇਹ ਵੀ ਦੱਸ ਦਈਏ ਕਿ ਬੀਤੇ ਕੱਲ੍ਹ ਉਹਨਾਂ ਨੂੰ ਤੀਜੀ ਵਾਰ ਆਪਣਾ ਜਵਾਬ ਦੇਣ ਦਾ ਸਮਾਂ ਦਿੱਤਾ ਗਿਆ ਸੀ। ਇਸਤੋਂ ਪਹਿਲਾਂ ਵੀ ਦੋ ਵਾਰ ਪਹਿਲਾਂ 48 ਘੰਟੇ ਅਤੇ ਬਾਅਦ ਵਿੱਚ 24 ਘੰਟੇ ਦਾ ਸਮਾਂ ਪਾਰਟੀ ਨੇ ਉਹਨਾਂ ਨੂੰ ਦਿੱਤਾ ਸੀ। ਇਸ ਦੇ ਨਾਲ ਹੀ ਥੋੜ੍ਹੀ ਦੇਰ ਵਿੱਚ ਸ਼੍ਰੋਮਣੀ ਅਕਾਲ ਦਲ ਦੀ ਅਨੁਸ਼ਾਸਨੀ ਕਮੇਟੀ ਦੀ ਮੀਟਿੰਗ ਹੋਣ ਜਾ ਰਹੀ ਹੈ। ਇਸ ਮੀਟਿੰਗ ਵਿੱਚ ਪਾਰਟੀ ਬੀਬੀ ਜਗੀਰ ਕੌਰ ਖਿਲਾਫ ਕੋਈ ਠੋਸ ਕਾਰਵਾਈ ਕਰ ਸਕਦੀ ਹੈ। ਦੱਸ ਦਈਏ ਕਿ ਬੀਬੀ ਜਗੀਰ ਕੌਰ ਨੇ ਐਸਜੀਪੀਸੀ ਪ੍ਰਧਾਨ ਲਈ ਚੋਣ ਲੜਨ ਦਾ ਐਲਾਨ ਕੀਤਾ ਸੀ, ਪਰ ਅਕਾਲੀ ਦਲ ਨੇ ਮੌਜੂਦਾ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਬੀਬੀ ਜਗੀਰ ਕੌਰ ਪ੍ਰਧਾਨ ਦੀ ਚੋਣ ਲੜਨ ਲਈ ਬਜਿੱਦ ਹਨ ਅਤੇ ਪਾਰਟੀ ਵੱਲੋਂ ਜਵਾਬ ਦੇਣ ਲਈ ਦਿੱਤੇ ਤਿੰਨ ਮੌਕਿਆਂ ਤੋਂ ਬਾਅਦ ਵੀ ਦਫ਼ਤਰ ਵਿੱਚ ਪੇਸ਼ ਨਹੀਂ ਹੋਏ ਹਨ। ਇਸ ਦੇ ਨਾਲ ਹੀ ਦੱਸ ਦਈਏ ਕਿ ਐਸਜੀਪੀਸੀ ਚੋਣਾਂ 9 ਨਵੰਬਰ ਨੂੰ ਹੋਣੀਆਂ ਹਨ।