ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਇਨਸਾਫ ਮੋਰਚੇ ਦਾ ਅੱਜ 34ਵਾਂ ਦਿਨ
ਅੱਜ ਫਿਰ ਮੁੱਖ ਮੰਤਰੀ ਰਿਹਾਇਸ਼ ਵੱਲ ਕੂਚ ਕਰੇਗਾ ਮੋਰਚੇ ਦਾ 31 ਮੈਂਬਰੀ ਜਥਾ
ਮੁਹਾਲੀ 9 ਫਰਵਰੀ (ਵਿਸ਼ਵ ਵਾਰਤਾ ਬਿਉਰੋ)- ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਲੈ ਕੇ ਪਿਛਲੇ ਇੱਕ ਮਹੀਨੇ ਤੋਂ ਜਿਆਦਾ ਸਮੇਂ ਤੋਂ ਮੁਹਾਲੀ ਵਿਖੇ ਧਰਨਾ ਲਗਾਈ ਬੈਠੇ ਕੌਮੀ ਇਨਸਾਫ ਮੋਰਚੇ ਦੇ ਜਥੇ ਦਾ ਬੀਤੇ ਕੱਲ੍ਹ ਚੰਡੀਗੜ੍ਹ-ਮੁਹਾਲੀ ਬਾਰਡਰ (ਸੈਕਟਰ 52/53 ਡਿਵਾਈਡਿੰਗ ਰੋਡ) ‘ਤੇ ਚੰਡੀਗੜ੍ਹ ਪੁਲਿਸ ਮੁਲਾਜ਼ਮਾਂ ‘ਨਾਲ ਟਕਰਾਅ ਹੋ ਗਿਆ। ਇਸ ਦੌਰਾਨ ਕੁੱਝ ਪ੍ਰਦਰਸ਼ਕਾਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਦੋਸ਼ੀਆਂ ਨੂੰ ਅੱਜ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ। ਸੈਕਟਰ 36 ਥਾਣੇ ਦੀ ਪੁਲੀਸ ਨੇ ਇਨ੍ਹਾਂ ਖ਼ਿਲਾਫ਼ ਗੰਭੀਰ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਇਸ ਦੇ ਨਾਲ ਹੀ ਮੁਹਾਲੀ ਪੁਲਿਸ ਨੇ ਵੀ ਇਸ ਸੰਬੰਧ ਵਿੱਚ ਮਾਮਲਾ ਦਰਜ ਕੀਤਾ ਹੈ। ਦੱਸ ਦਈਏ ਕਿ ਪਿਛਲੇ ਚਾਰ ਦਿਨਾਂ ਤੋਂ ਲਗਾਤਾਰ ਹਰ ਰੋਜ ਮੋਰਚੇ ਦੇ ਜਥੇ ਵੱਲੋਂ ਮੁੱਖ ਮੰਤਰੀ ਰਿਹਾਇਸ਼ ਵੱਲ ਕੂਚ ਕੀਤਾ ਜਾ ਰਿਹਾ ਹੈ। ਬੀਤੇ ਕੱਲ੍ਹ ਵੀ ਸੀਐੱਮ ਰਿਹਾਇਸ਼ ਵੱਲ ਵੱਧ ਰਹੇ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚਾਲੇ ਟਕਰਾਅ ਹੋ ਗਿਆ। ਦੱਸ ਦੇਈਏ ਕਿ ਸਿੰਘੂ ਸਰਹੱਦ ਦੀ ਤਰਜ਼ ‘ਤੇ ਬੀਤੀ 7 ਜਨਵਰੀ ਤੋਂ ਗੁਰਦੁਆਰਾ ਅੰਬ ਸਾਹਿਬ ਨੇੜੇ ਕੌਮੀ ਇਨਸਾਫ਼ ਮੋਰਚਾ ਦਾ ‘ਪੱਕਾ ਮੋਰਚਾ’ ਲਾਇਆ ਹੋਇਆ ਹੈ। ਇਸ ਦੇ ਨਾਲ ਹੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਅੱਜ ਵੀ ਕੌਮੀ ਇਨਸਾਫ ਮੋਰਚੇ ਦਾ 31 ਮੈਂਬਰੀ ਜਥਾ ਮੁੱਖ ਮੰਤਰੀ ਰਿਹਾਇਸ਼ ਵੱਲ ਕੂਚ ਕਰੇਗਾ।