ਅੱਜ ਪੰਜ ਤੱਤਾਂ ’ਚ ਵਿਲੀਨ ਹੋਣਗੇ ਪੰਜਾਬੀ ਸਾਹਿਤ ਦੇ ਬਾਬਾ ਬੋਹੜ ਡਾ. ਸੁਰਜੀਤ ਪਾਤਰ
ਚੰਡੀਗੜ੍ਹ, 13 ਮਈ(ਵਿਸ਼ਵ ਵਾਰਤਾ)-ਪੰਜਾਬ ਦੇ ਪ੍ਰਸਿੱਧ ਕਵੀਆਂ ਵਿਚੋਂ ਇਕ ਸੁਰਜੀਤ ਪਾਤਰ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ 79 ਸਾਲ ਦੀ ਉਮਰ ‘ਚ ਆਖਰੀ ਸਾਹ ਲਿਆ। ਜਾਣਕਾਰੀ ਮੁਤਾਬਕ ਉਨ੍ਹਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਉਨ੍ਹਾਂ ਨੇ ਲੁਧਿਆਣਾ ਵਿਖੇ ਆਖਰੀ ਸਾਹ ਲਿਆ। ਪਾਤਰ ਦੀ ਮੌਤ ਤੋਂ ਬਾਅਦ ਸਮੁੱਚੇ ਪੰਜਾਬੀ ਸਾਹਿਤ ਜਗਤ ਵਿਚ ਸੋਗ ਦੀ ਲਹਿਰ ਹੈ।
ਸੁਰਜੀਤ ਪਾਤਰ ਦਾ ਅੰਤਿਮ ਸੰਸਕਾਰ ਅੱਜ 13 ਮਈ ਸੋਮਵਾਰ ਨੂੰ ਸਵੇਰੇ 11 ਵਜੇ ਮਾਡਲ ਟਾਊਨ ਐਕਸਟੈਨਸ਼ਨ, ਲੁਧਿਆਣਾ ਦੇ ਸ਼ਮਸ਼ਾਨਘਾਟ ਵਿਖੇ ਸਰਕਾਰੀ ਸਨਮਾਨਾਂ ਨਾਲ ਕੀਤਾ ਜਾਵੇਗਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਅੰਤਿਮ ਸੰਸਕਾਰ ਵਿਚ ਸ਼ਾਮਲ ਹੋਣਗੇ ਅਤੇ ਸੁਰਜੀਤ ਪਾਤਰ ਦੇ ਪਰਿਵਾਰ ਨੂੰ ਮਿਲਣਗੇ। ਕੇਂਦਰ ਸਰਕਾਰ ਨੇ ਉਨ੍ਹਾਂ ਨੂੰ 2012 ਵਿਚ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ ਸੀ। ਪਾਤਰ ਨੇ ਕਿਸਾਨ ਅੰਦੋਲਨ ਵਿਚ ਕਿਸਾਨਾਂ ਦੇ ਸਮਰਥਨ ਵਿਚ ਪਦਮਸ਼੍ਰੀ ਵਾਪਸ ਕਰਨ ਦਾ ਐਲਾਨ ਵੀ ਕੀਤਾ ਸੀ।
ਦੱਸ ਦੇਈਏ ਕਿ ਜਲੰਧਰ ਦੇ ਪਿੰਡ ਪੱਤੜ ਕਲਾਂ ਦੇ ਜੰਮਪਲ ਸੁਰਜੀਤ ਪਾਤਰ ਨੇ ਸਾਹਿਤ ਦੇ ਖੇਤਰ ਵਿਚ ਅਹਿਮ ਪ੍ਰਾਪਤੀਆਂ ਕੀਤੀਆਂ ਹਨ। ਉਨ੍ਹਾਂ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਵਜੋਂ ਵੀ ਸੇਵਾ ਨਿਭਾਈ। ਪੰਜਾਬ ਯੂਨੀਵਰਸਿਟੀ, ਪਟਿਆਲਾ ਤੋਂ ਅਪਣੀ ਮਾਸਟਰ ਡਿਗਰੀ ਪੂਰੀ ਕਰਨ ਤੋਂ ਬਾਅਦ, ਪਾਤਰ ਨੇ ਗੁਰੂ ਨਾਨਕ ਦੇਵ (ਅੰਮ੍ਰਿਤਸਰ) ਯੂਨੀਵਰਸਿਟੀ ਤੋਂ ਪੀਐਚਡੀ ਕੀਤੀ। ਇਸ ਤੋਂ ਬਾਅਦ ਉਨ੍ਹਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਲੁਧਿਆਣਾ) ਵਿਚ ਪੰਜਾਬੀ ਦੇ ਪ੍ਰੋਫੈਸਰ ਵਜੋਂ ਯੋਗਦਾਨ ਪਾਇਆ ਅਤੇ ਉੱਥੋਂ ਸੇਵਾਮੁਕਤ ਹੋ ਗਏ।
ਉਨ੍ਹਾਂ ਨੇ ਕਈ ਪ੍ਰਸਿੱਧ ਕਵਿਤਾਵਾਂ ਲਿਖੀਆਂ। ਇਨ੍ਹਾਂ ਵਿਚ ਹਵਾ ਵਿਚ ਲਿਖੇ ਹਰਫ਼, ਲਫ਼ਜ਼ਾਂ ਦੀ ਦਰਗਾਹ, ਸੁਰ ਜ਼ਮੀਨ, ਬ੍ਰਿਖ ਅਰਜ ਕਰੇ, ਹਨੇਰੇ ਵਿਚ ਸੁਲਗਦੀ ਵਰਨਮਾਲਾ ਸ਼ਾਮਲ ਹਨ। ਸੁਰਜੀਤ ਪਾਤਰ ਨੂੰ 2012 ‘ਚ ਪਦਮ ਸ਼੍ਰੀ ਤੋਂ ਇਲਾਵਾ 1979 ਵਿਚ ਪੰਜਾਬ ਸਾਹਿਤ ਅਕਾਦਮੀ ਅਵਾਰਡ, 1993 ਵਿਚ ਸਾਹਿਤ ਅਕਾਦਮੀ ਅਵਾਰਡ, 1999 ਵਿਚ ਪੰਚਾਨੰਦ ਅਵਾਰਡ, 2007 ਵਿਚ ਅਨੰਦ ਕਾਵਯ ਸਨਮਾਨ, 2009 ਵਿਚ ਸਰਸਵਤੀ ਸਨਮਾਨ ਅਤੇ ਗੰਗਾਧਰ ਰਾਸ਼ਟਰੀ ਕਵਿਤਾ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ।