ਅੱਜ ਝੋਨੇ ਦੀ ਦੂਜੇ ਪੜਾਅ ਦੀ ਲਵਾਈ ਹੋਈ ਸ਼ੁਰੂ, ਕਿਸਾਨਾਂ ਵੱਲੋਂ ਨਿਰਵਿਘਨ ਬਿਜਲੀ ਦੀ ਮੰਗ
ਲੁਧਿਆਣਾ 16 ਜੂਨ (ਵਿਸ਼ਵ ਵਾਰਤਾ ) ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਹੁਕਮਾਂ ਦੇ ਮੁਤਾਬਕ ਬੀਤੇ ਕੱਲ੍ਹ ਪੰਜਾਬ ਦੇ ਵਿੱਚ ਦੂਜੇ ਪੜਾਅ ਲਈ ਝੋਨੇ ਦੀ ਲਵਾਈ ਦੀ ਸ਼ੁਰੂਆਤ ਹੋ ਚੁੱਕੀ ਹੈ। ਅੱਜ ਤੋਂ ਮੋਗਾ ਸੰਗਰੂਰ ਬਰਨਾਲਾ ਮਲੇਰਕੋਟਲਾ ਪਟਿਆਲਾ ਫਤਿਹਗੜ੍ਹ ਸਾਹਿਬ ਐਸਏਐਸ ਨਗਰ ਰੂਪਨਗਰ ਲੁਧਿਆਣਾ ਤਰਨ ਤਾਰਨ ਅੰਮ੍ਰਿਤਸਰ ਪਠਾਣਕੋਟ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਝੋਨੇ ਦੀ ਲਵਾਈ ਸ਼ੁਰੂ ਹੋ ਗਈ ਹੈ। ਝੋਨੇ ਦੀ ਲਵਾਈ ਦੇ ਸੀਜ਼ਨ ਦੇ ਵਿੱਚ ਇਸ ਵਾਰ ਗਰਮੀ ਕੁਝ ਵੱਧ ਪੈ ਰਹੀ ਹੈ ਇਸ ਕਰਕੇ ਮਜ਼ਦੂਰਾਂ ਨੂੰ ਗਰਮੀ ਦੇ ਵਿੱਚ ਝੋਨਾ ਲਗਾਉਣ ਦੇ ਵਿੱਚ ਇਸ ਵਾਰ ਵੱਧ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨਾਂ ਵੱਲੋਂ ਅਤੇ ਕਿਸਾਨਾਂ ਦੀਆਂ ਵੱਖੋ ਵੱਖਰੀਆਂ ਜਥੇਬੰਦੀਆਂ ਵੱਲੋਂ ਨਿਰਵਿਗਨ ਰੋਜ਼ਾਨਾ ਘੱਟੋ ਘੱਟ 8 ਘੰਟੇ ਬਿਜਲੀ ਸਪਲਾਈ ਦੀ ਮੰਗ ਕੀਤੀ ਜਾ ਰਹੀ ਹੈ। ਇਥੇ ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਮੁੱਖ ਸਕੱਤਰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਇਹ ਹੁਕਮ ਜਾਰੀ ਕੀਤੇ ਗਏ ਨੇ ਕਿ ਝੋਨੇ ਦੀ ਫਸਲ ਲਾਉਣ ਦੇ ਦੌਰਾਨ ਕਿਸਾਨਾਂ ਨੂੰ ਘੱਟੋ ਘੱਟ 8 ਘੰਟੇ ਰੋਜ਼ਾਨਾ ਬਿਜਲੀ ਸਪਲਾਈ ਦਿੱਤੀ ਜਾਵੇਗੀ ਅਤੇ ਨਹਿਰੀ ਪਾਣੀ ਦੀ ਉਪਲਬਧਤਾ ਦੇ ਵਿੱਚ ਵੀ ਕੋਈ ਤਕਲੀਫ ਨਹੀਂ ਆਉਣ ਦਿੱਤੀ ਜਾਵੇਗੀ।