ਅੰਮ੍ਰਿਤਸਰ ਵਿੱਚ ‘ਆਪ’ ਦਾ ਜੇਤੂ ਰੋਡ ਸ਼ੋਅ ਅੱਜ
ਪਾਰਟੀ ਕਨਵੀਨਰ ਅਤੇ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਵੀ ਕਰਨਗੇ ਸ਼ਿਰਕਤ
ਕੇਜਰੀਵਾਲ ਤੇ ਭਗਵੰਤ ਮਾਨ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਹੋਣਗੇ ਨਤਮਸਤਕ
ਚੰਡੀਗੜ੍ਹ, 13ਮਾਰਚ(ਵਿਸ਼ਵ ਵਾਰਤਾ)-ਪੰਜਾਬ ‘ਚ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਐਤਵਾਰ ਨੂੰ ਅੰਮ੍ਰਿਤਸਰ ‘ਚ ਜੇਤੂ ਰੋਡ ਸ਼ੋਅ ਕੱਢਣ ਜਾ ਰਹੀ ਹੈ। ‘ਆਪ’ ਨੇ ਫੈਸਲਾ ਕੀਤਾ ਹੈ ਕਿ ਰੋਡ ਸ਼ੋਅ ‘ਚ ਜ਼ਿਆਦਾ ਧੂਮਧਾਮ ਨਹੀਂ ਹੋਵੇਗੀ। ‘ਆਪ’ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਦੇ ਭਵਿੱਖੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਹਰਿਮੰਦਰ ਸਾਹਿਬ ਨਤਮਸਤਕ ਹੋਣਗੇ। ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੀ ਮੌਜੂਦ ਰਹਿਣਗੇ। ਇੱਥੇ ਮੱਥਾ ਟੇਕਣ ਤੋਂ ਬਾਅਦ ਰੋਡ ਸ਼ੋਅ ਸ਼ੁਰੂ ਹੋਵੇਗਾ।
ਜਾਣਕਾਰੀ ਅਨੁਸਾਰ ਦੁਰਗਿਆਣਾ ਮੰਦਿਰ ਅਤੇ ਸ਼੍ਰੀ ਰਾਮਤੀਰਥ ਧਾਮ ਜਾਣ ਦਾ ਵੀ ਪ੍ਰੋਗਰਾਮ ਹੈ। ‘ਆਪ’ ਨੇ ਸਮਰਥਕਾਂ ਨੂੰ ਰੋਡ ਸ਼ੋਅ ਤੋਂ ਦੂਰ ਰਹਿਣ ਦੀ ਹਦਾਇਤ ਕੀਤੀ ਗਈ ਹੈ। ਅਜਿਹਾ ਸੁਰੱਖਿਆ ਕਾਰਨਾਂ ਕਰਕੇ ਕੀਤਾ ਜਾ ਰਿਹਾ ਹੈ। ਫੁੱਲ ਸੁੱਟਣ ਦੀ ਵੀ ਮਨਾਹੀ ਹੈ।
ਸ਼ਡਿਊਲ ਅਨੁਸਾਰ ਭਗਵੰਤ ਮਾਨ ਸਵੇਰੇ 11.20 ਵਜੇ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚਣਗੇ। ਉਹ ਇੱਥੇ ਕੇਜਰੀਵਾਲ ਅਤੇ ਸਿਸੋਦੀਆ ਨੂੰ ਮਿਲਣਗੇ। ਇਸ ਮੌਕੇ ‘ਤੇ ਸਿਰਫ ਖਾਸ ਲੋਕ ਹੀ ਨਜ਼ਰ ਆਉਣਗੇ। ਇਨ੍ਹਾਂ ਤੋਂ ਇਲਾਵਾ ਕਿਸੇ ਨੂੰ ਵੀ ਨੇੜੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ। ਇੱਥੋਂ ਸਾਰੇ ਹਰਿਮੰਦਰ ਸਾਹਿਬ ਲਈ ਰਵਾਨਾ ਹੋਣਗੇ। ਸੁਰੱਖਿਆ ਦੇ ਖਾਸ ਪ੍ਰਬੰਧ ਹਨ, ਜਿਸ ਦੇ ਚਲਦਿਆਂ ਸਿਵਲ ਵਰਦੀ ਵਿੱਚ ਪੁਲੀਸ ਵੀ ਤਾਇਨਾਤ ਕੀਤੀ ਗਈ ਹੈ। ਇਸ ਤੋਂ ਬਾਅਦ ਸਾਰੇ ਜਲਿਆਂਵਾਲਾ ਬਾਗ ਜਾਣਗੇ। ਮਾਨ ਤੇ ਕੇਜਰੀਵਾਲ ਦਾ ਕਾਫਲਾ ਦੁਰਗਿਆਣਾ ਮੰਦਰ ਜਾਵੇਗਾ।
ਦੱਸ ਦੱਈਏ ਕਿ ਭਗਵੰਤ ਮਾਨ 16 ਮਾਰਚ ਨੂੰ ਅਮਰ ਸ਼ਹੀਦ ਭਗਤ ਸਿੰਘ ਦੇ ਜਨਮ ਅਸਥਾਨ ਪਿੰਡ ਖਟਕੜਕਲਾਂ ਵਿੱਚ ਇੱਕ ਸਮਾਗਮ ਦੌਰਾਨ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ।