ਕੇਂਦਰ ਵਿੱਚ ਇਸ ਵਾਰ ਬਣੇਗੀ “ਇੰਡਿਆ ਗਠਬੰਧਨ” ਦੀ ਸਰਕਾਰ:- ਧਾਲੀਵਾਲ
ਅੰਮ੍ਰਿਤਸਰ 22 ਮਈ( ਵਿਸ਼ਵ ਵਾਰਤਾ)-ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਕੈਬਿਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਹਲਕਾ ਅਟਾਰੀ ਦੇ ਪਿੰਡ ਵਰਪਾਲ ਵਿੱਚ ਰੱਖੀ ਗਈ ਇੱਕ ਮੀਟਿੰਗ ਰੈਲੀ ਦਾ ਰੂਪ ਧਾਰਨ ਕਰ ਗਈ। ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਅਕਾਲੀ ਦਲ ਅਤੇ ਕਾਂਗਰਸ ਨੇ ਹਮੇਸ਼ਾ ਪੰਜਾਬ ਨੂੰ ਦੋਵਾਂ ਹੱਥਾਂ ਨਾਲ ਲੁੱਟਿਆ ਹੈ। ਇਹਨਾਂ ਦੇ ਏਜੰਡੇ ਤੇ ਆਮ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣਾ ਅਤੇ ਵਿਕਾਸ ਕਰਨਾ ਕਦੀ ਵੀ ਨਹੀਂ ਰਿਹਾ। ਧਾਲੀਵਾਲ ਨੇ ਕਿਹਾ ਕਿ ਅੰਮ੍ਰਿਤਸਰ ਇੱਕ ਇਤਿਹਾਸਿਕ ਸ਼ਹਿਰ ਹੋਣ ਦੇ ਬਾਵਜੂਦ ਵੀ ਅੱਜ ਤੱਕ ਕਿਸੇ ਵੀ ਕੇਂਦਰ ਸਰਕਾਰ ਨੇ ਇੱਥੇ ਟੂਰਿਜ਼ਮ,ਵਪਾਰ ਅਤੇ ਇੰਡਸਟਰੀ ਨੂੰ ਵਿਸ਼ਵ ਪੱਧਰ ਦੀਆਂ ਸਹੂਲਤਾਂ ਦੇਣ ਵੱਲ ਧਿਆਨ ਨਹੀਂ ਦਿੱਤਾ । ਉਹਨਾਂ ਨੇ ਕਿਹਾ ਕਿ ਜਿਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ਵਿੱਚ ਵਪਾਰ ਅਤੇ ਇੰਡਸਟਰੀ ਨੂੰ ਮੁੜ ਖੁਸ਼ਹਾਲ ਬਣਾਉਣ ਲਈ ਯਤਨ ਕਰ ਰਹੀ ਹੈ ਉਸੇ ਪ੍ਰਕਾਰ ਉਹ ਵੀ ਲੋਕ ਸਭਾ ਵਿੱਚ ਪਹੁੰਚ ਕੇ ਅੰਮ੍ਰਿਤਸਰ ਦੇ ਵਪਾਰ ਨੂੰ ਬਾਰਡਰ ਰਾਹੀਂ ਗਵਾਂਢੀ ਮੁਲਕਾਂ ਨਾਲ ਖੋਲਣ ਅਤੇ ਅੰਮ੍ਰਿਤਸਰ ਦੀ ਇੰਡਸਟਰੀ ਨੂੰ ਵਿਸ਼ੇਸ਼ ਪੈਕੇਜ ਦਵਾ ਕੇ ਮੁੜ ਖੁਸ਼ਹਾਲ ਬਣਾਉਣ ਲਈ ਕੋਸ਼ਿਸ਼ ਕਰਨਗੇ । ਉਹਨਾਂ ਕਿਹਾ ਕਿ 10 ਸਾਲ ਤੋਂ ਕੇਂਦਰ ਵਿੱਚ ਕਾਬਜ਼ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਹਮੇਸ਼ਾ ਪੰਜਾਬ ਨਾਲ ਪੱਖਪਾਤ ਕੀਤਾ ਹੈ ਅਤੇ ਪੰਜਾਬੀਆਂ ਦੇ ਨਾਲ ਵਿਤਕਰਾ ਕੀਤਾ ਹੈ ਉਹਨਾਂ ਕਿਹਾ ਕਿ ਅੱਜ ਪੂਰੇ ਦੇਸ਼ ਵਿੱਚ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਲਹਿਰ ਚੱਲ ਰਹੀ ਹੈ ਕਿਉਂਕਿ ਲੋਕ ਇਹ ਸਮਝ ਗਏ ਹਨ ਕਿ ਅੱਛੇ ਦਿਨ ਦਾ ਖ਼ੁਆਬ ਲੋਕਾਂ ਨੂੰ ਦਿਖਾ ਕੇ ਮੋਦੀ ਨੇ ਅੰਬਾਨੀਆਂ ਅਡਾਨੀਆਂ ਅਤੇ ਬੈਂਕਾਂ ਤੋਂ ਪੈਸਾ ਲੈ ਕੇ ਭੱਜਣ ਵਾਲੇ ਆਪਣੇ ਮਿੱਤਰਾਂ ਦੇ ਹੀ ਅੱਛੇ ਦਿਨ ਲੈ ਕੇ ਆਂਦੇ ਹਨ। ਦੂਜੇ ਪਾਸੇ ਗਰੀਬ ਹੋਰ ਗਰੀਬ ਹੁੰਦਾ ਗਿਆ ਅਤੇ ਅੱਜ ਦੇਸ਼ ਵਿੱਚ ਮਹਿੰਗਾਈ ਅਤੇ ਬੇਰੁਜ਼ਗਾਰੀ ਚਰਮ ਸੀਮਾ ਤੇ ਪਹੁੰਚ ਗਈ ਹੈ । ਉਹਨਾਂ ਨੇ ਕਿਹਾ ਕਿ ਹੁਣ ਤੱਕ ਜਿੰਨੀਆਂ ਸੀਟਾਂ ਤੇ ਚੋਣਾਂ ਹੋ ਚੁੱਕੀਆਂ ਹਨ ਉਥੋਂ ਦੇ ਰੁਝਾਨਾਂ ਦੇ ਹਿਸਾਬ ਨਾਲ ਕੇਂਦਰ ਵਿੱਚ ਇੰਡੀਆ ਗਠਬੰਧਨ ਦੀ ਸਰਕਾਰ ਬਣਨਾ ਤਹਿ ਹੈ। ਜਿਸ ਵਿੱਚ ਆਮ ਆਦਮੀ ਪਾਰਟੀ ਦੀ ਅਹਿਮ ਭੂਮਿਕਾ ਹੋਵੇਗੀ ਅਤੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਅਤੇ ਅੰਮ੍ਰਿਤਸਰ ਦੇ ਲਈ ਕੇਂਦਰ ਤੋ ਪ੍ਰੋਜੈਕਟ ਲੈ ਕੇ ਆਂਦੇ ਜਾਣਗੇ। ਇਸ ਮੌਕੇ ਉਹਨਾਂ ਨੇ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਪਹੁੰਚੀਆਂ ਮਹਿਲਾਵਾਂ ਨੂੰ ਕਿਹਾ ਕਿ ਆਮ ਆਦਮੀ ਪਾਰਟੀ ਦੀ ਆਖਰੀ ਗਰੰਟੀ ਮਹਿਲਾਵਾਂ ਨੂੰ ਹਰ ਮਹੀਨੇ ਸਨਮਾਨ ਰਾਸ਼ੀ ਇੱਕ ਹਜ਼ਾਰ ਰੁਪਏ ਦੇਣ ਵਾਲੀ ਬਹੁਤ ਜਲਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੂਰਾ ਕਰਨ ਜਾ ਰਹੀ ਹੈ । ਧਾਲੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਆਪਣੇ ਦੋ ਸਾਲ ਦੇ ਕਾਰਜਕਾਲ ਵਿੱਚ ਉਹ ਕੰਮ ਕੀਤੇ ਹਨ ਜਿਹੜੇ ਅੱਜ ਆਮ ਆਦਮੀ ਪਾਰਟੀ ਦੀ ਕੰਮ ਦੀ ਰਾਜਨੀਤੀ ਦਾ ਪ੍ਰਮਾਨ ਹਨ । ਭਾਵੇਂ ਉਹ ਮੁਫਤ ਬਿਜਲੀ ਹੋਵੇ,ਮਹਿਲਾ ਵਾਲੇ ਮੁਫਤ ਸਫਰ ਹੋਵੇ, ਆਮ ਆਦਮੀ ਕਲੀਨਿਕ ਹੋਣ ,ਸਕੂਲ ਆਫ ਐਮੀਨੇਸ ਹੋਣ, ਬਿਨਾਂ ਸਿਫਾਰਿਸ਼ ਤੋਂ ਸਰਕਾਰੀ ਨੌਕਰੀਆਂ ਹੋਣ ਜਾਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਾ ਹੋਵੇ। ਉਹਨਾਂ ਕਿਹਾ ਕਿ ਅੱਜ ਆਮ ਆਦਮੀ ਪਾਰਟੀ ਵੱਲ ਵੇਖ ਕੇ ਭਾਰਤੀ ਜਨਤਾ ਪਾਰਟੀ ਗਰੰਟੀਆਂ ਦੀ ਗੱਲ ਕਰਨ ਲੱਗੀ ਹੈ ਜਦ ਕਿ ਉਹਨਾਂ ਦੇ ਨੇਤਾਵਾਂ ਨੂੰ ਖੁਦ ਇਹ ਗਰੰਟੀ ਨਹੀਂ ਹੈ ਕਿ ਉਹ ਦੁਬਾਰਾ ਸੱਤਾ ਵਿੱਚ ਆ ਸਕਣਗੇ ਜਾਂ ਨਹੀਂ। ਇਸ ਮੌਕੇ ਉਹਨਾਂ ਦੇ ਨਾਲ ਹਲਕਾ ਵਿਧਾਇਕ ਜਸਵਿੰਦਰ ਸਿੰਘ ਰਮਦਾਸ,ਸੀਨੀਅਰ ਆਗੂ ਤਰਸੇਮ ਸਿੰਘ ਸਿਆਲਕਾ,ਮਹਿਲਾ ਵਿੰਗ ਦੀ ਸੂਬਾ ਮੀਤ ਪ੍ਰਧਾਨ ਮੈਡਮ ਸੀਮਾ ਸੋਡੀ, ਐਸ ਸੀ ਵਿੰਗ ਦੇ ਸੂਬਾ ਮੀਤ ਪ੍ਰਧਾਨ ਰਵਿੰਦਰ ਹੰਸ,ਜਿਲਾ ਦਿਹਾਤੀ ਪ੍ਰਧਾਨ ਬਲਜਿੰਦਰ ਸਿੰਘ ਥਾਂਦੇ,ਜਿਲਾ ਐਸ ਸੀ ਵਿੰਗ ਦੇ ਪ੍ਰਧਾਨ ਡਾਕਟਰ ਇੰਦਰਪਾਲ,ਚੇਅਰਮੈਨ ਜਿਲਾ ਯੋਜਨਾ ਬੋਰਡ ਜਸਪ੍ਰੀਤ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੈਨੇਟ ਮੈਂਬਰ ਸਤਪਾਲ ਸੋਖੀ, ਸੀਨੀਅਰ ਆਗੂ ਸਤਵਿੰਦਰ ਸਿੰਘ ਜੌਹਲ, ਬਲਾਕ ਪ੍ਰਧਾਨ ਲਵਪ੍ਰੀਤ ਸਿੰਘ ਵਰਪਾਲ ਸਮੇਤ ਸਮੁੱਚੀ ਆਮ ਆਦਮੀ ਪਾਰਟੀ ਦਿਹਾਤੀ ਦੀ ਲੀਡਰਸ਼ਿਪ ਅਤੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।