ਅੰਮ੍ਰਿਤਸਰ ‘ਚ ਬਿਲਡਿੰਗ ਨੂੰ ਲੱਗੀ ਭਿਆਨਕ ਅੱਗ , ਜ਼ਿੰਦਾ ਸੜਿਆ ਇੱਕ ਵਿਅਕਤੀ, ਦੂਜੇ ਨੇ ਛੱਤ ਤੋਂ ਛਾਲ ਮਾਰ ਕੇ ਬਚਾਈ ਜਾਨ
ਚੰਡੀਗੜ੍ਹ 27(ਵਿਸ਼ਵ ਵਾਰਤਾ) – ਅੰਮ੍ਰਿਤਸਰ ‘ਚ ਹਰਿਮੰਦਰ ਸਾਹਿਬ ਦੇ ਨੇੜੇ ਇਕ ਇਮਾਰਤ ‘ਚ ਅੱਜ ਤੜਕੇ 3:30 ਵਜੇ ਭਿਆਨਕ ਅੱਗ ਲੱਗ ਗਈ। ਸ਼ਾਰਟ ਸਰਕਟ ਕਾਰਨ ਲੱਗੀ ਅੱਗ ਨੇ ਪੂਰੀ ਇਮਾਰਤ ਨੂੰ ਸੁਆਹ ਕਰ ਦਿੱਤਾ। ਜਿਸ ਵਿੱਚ ਦੋ ਦੁਕਾਨਾਂ ਅਤੇ ਰਿਹਾਇਸ਼ੀ ਕਮਰੇ ਬਣਾਏ ਗਏ ਸਨ। ਇਸ ਦੌਰਾਨ ਕਮਰੇ ਵਿੱਚ ਸੌਂ ਰਹੇ ਇੱਕ ਵਿਅਕਤੀ ਦੇ ਜ਼ਿੰਦਾ ਸੜਨ ਦੀ ਵੀ ਖਬਰ ਹੈ। ਇਸ ਦੇ ਨਾਲ ਹੀ ਇੱਕ ਹੋਰ ਨੌਜਵਾਨ ਨੂੰ ਗੰਭੀਰ ਸੱਟਾਂ ਲੱਗੀਆਂ ਹਨ।
ਘਟਨਾ ਸਵੇਰੇ 3:35 ਵਜੇ ਅੰਮ੍ਰਿਤਸਰ ਦੇ ਗੋਲਡਨ ਟੈਂਪਲ ਨੇੜੇ ਚੌਂਕ ਬਾਬਾ ਸਾਹਿਬ ਵਿਖੇ ਵਾਪਰੀ। ਚਸ਼ਮਦੀਦਾਂ ਨੇ ਦੱਸਿਆ ਕਿ ਇਸ ਇਮਾਰਤ ਵਿੱਚ ਹੇਠਾਂ ਦੋ ਦੁਕਾਨਾਂ ਹਨ। ਜਦੋਂ ਸਵੇਰੇ ਅੱਗ ਲੱਗੀ ਤਾਂ ਇਮਾਰਤ ਵਿੱਚ ਦੋ ਲੋਕ ਸੁੱਤੇ ਹੋਏ ਸਨ। ਨੌਜਵਾਨ ਨੇ ਛੱਤ ਤੋਂ ਛਾਲ ਮਾਰ ਕੇ ਆਪਣੀ ਜਾਨ ਤਾਂ ਬਚਾਈ ਪਰ 50 ਸਾਲਾ ਪਰਮਜੀਤ ਅੱਗ ਦੀ ਲਪੇਟ ‘ਚ ਆ ਕੇ ਜ਼ਿੰਦਾ ਸੜ ਗਿਆ। ਸਰੀਰ ਭਾਰੀ ਹੋਣ ਕਾਰਨ ਉਹ ਹੇਠਾਂ ਨਹੀਂ ਉਤਰ ਸਕਿਆ।6 ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ।
ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਸਨ। ਅੱਗ ‘ਤੇ ਕਾਬੂ ਪਾਉਣ ‘ਚ 6 ਘੰਟੇ ਲੱਗੇ। ਤੰਗ ਗਲੀਆਂ ਕਾਰਨ ਦਿੱਕਤ ਆਈ। ਹੁਣ ਤੱਕ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਹੀ ਸਾਹਮਣੇ ਆ ਰਿਹਾ ਹੈ।