ਅੰਮ੍ਰਿਤਸਰ ‘ਚ ਐਡਵੋਕੇਟ ਵਿਨੀਤ ਮਹਾਜਨ ‘ਤੇ ਚੱਲੀਆਂ ਗੋਲੀਆਂ, ਪੁਲਿਸ ਜਾਂਚ ’ਚ ਜੁਟੀ
ਚੰਡੀਗੜ੍ਹ, 28ਮਈ(ਵਿਸ਼ਵ ਵਾਰਤਾ)- ਅੰਮ੍ਰਿਤਸਰ ‘ਚ ਐਡਵੋਕੇਟ ਵਿਨੀਤ ਮਹਾਜਨ ‘ਤੇ ਹਮਲਾ ਹੋਇਆ ਹੈ। ਸਵੇਰੇ ਕਰੀਬ 8 ਵਜੇ ਉਹ ਜਦੋਂ ਘਰ ਪਰਤ ਰਹੇ ਸਨ ਇਸ ਦੌਰਾਨ ਦੋ ਅਣਪਛਾਤੇ ਵਿਅਕਤੀ ਐਕਟਿਵਾ ‘ਤੇ ਆਏ ਅਤੇ 4 ਰਾਉਂਡ ਫਾਇਰ ਕੀਤੇ ਅਤੇ ਫ਼ਰਾਰ ਹੋ ਗਏ। ਹਾਲਾਂਕਿ ਵਿਨੀਤ ਮਹਾਜਨ ਦਾ ਕੋਈ ਨੁਕਸਾਨ ਨਹੀਂ ਹੋਇਆ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਵਿਨੀਤ ਮਹਾਜਨ ਨੇ ਦੱਸਿਆ ਕਿ ਸਵੇਰੇ ਉਹ ਗੋਪਾਲ ਮੰਦਰ ‘ਚ ਪੂਜਾ ਕਰਨ ਤੋਂ ਬਾਅਦ ਆਪਣੇ ਹੋਟਲ ਆਇਆ ਸੀ। ਇਸ ਸਮੇਂ ਉਸ ਦੀ ਪਤਨੀ ਵੀ ਉਸ ਦੇ ਨਾਲ ਸੀ। ਇਸ ਤੋਂ ਬਾਅਦ ਉਹ ਘਰ ਲਈ ਰਵਾਨਾ ਹੋ ਗਏ। ਉਹ ਬਟਾਲਾ ਰੋਡ ‘ਤੇ ਆਸ਼ੀਰਵਾਦ ਹੋਟਲ ਦੇ ਨਾਲ-ਨਾਲ ਗੋਪਾਲ ਮੰਦਿਰ ਨੂੰ ਜਾਂਦੀ ਗਲੀ ਤੋਂ ਜਾ ਰਹੇ ਸਨ। ਇਸ ਦੌਰਾਨ ਜਦੋਂ ਉਹ ਸੰਤ ਸਿੰਘ ਸੁੱਖਾ ਸਿੰਘ ਪਬਲਿਕ ਸਕੂਲ ਦੇ ਕੋਲੋਂ ਲੰਘ ਰਹੇ ਸਨ ਤਾਂ ਐਕਟਿਵਾ ਸਵਾਰ ਦੋ ਨੌਜਵਾਨਾਂ ਨੇ ਕਾਰ ਨੂੰ ਓਵਰਟੇਕ ਕਰ ਲਿਆ ਅਤੇ ਪਿਸਤੌਲ ਤਾਣ ਦਿੱਤੀ ਅਤੇ ਉਸ ‘ਤੇ ਗੋਲੀਆਂ ਚਲਾਈਆਂ। ਦੋ ਗੋਲੀਆਂ ਕਾਰ ਦੇ ਸ਼ੀਸ਼ੇ ਵਿੱਚ ਵੱਜੀਆਂ, ਜਦੋਂ ਕਿ ਦੋ ਗੋਲੀਆਂ ਖੁੰਝ ਗਈਆਂ। ਪੁਲਿਸ ਨੇ ਚਾਰੋਂ ਖੋਲ ਬਰਾਮਦ ਕਰ ਲਏ ਹਨ। ਪੁਲਿਸ ਨੇ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਫਿਲਹਾਲ ਜਾਂਚ ਚੱਲ ਰਹੀ ਹੈ। SHO ਅਨਿਲ ਕੁਮਾਰ ਨੇ ਦੱਸਿਆ ਕਿ ਵਿਨੀਤ ਮਹਾਜਨ ਦੇ ਕੁਝ ਪੁਰਾਣੇ ਝਗੜੇ ਹਨ ਅਤੇ ਸ਼ੁਰੂਆਤੀ ਜਾਂਚ ਵਿੱਚ ਇਹ ਹਮਲਾ ਰੰਜਿਸ਼ ਦਾ ਲੱਗ ਰਿਹਾ ਹੈ। ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।