*ਅੰਨਦਾਤਾ ਨੂੰ ਨੀਵਾਂ ਦਿਖਾਉਣ ਲਈ ਮੁਆਫ਼ੀ ਮੰਗਣ ਨਵਜੋਤ ਸਿੰਘ ਸਿੱਧੂ- ਕੁਲਤਾਰ ਸਿੰਘ ਸੰਧਵਾਂ*
*… ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਪੰਡਿਤ ਨਹਿਰੂ ਅਤੇ ਲਾਲ ਬਹਾਦਰ ਸ਼ਾਸਤਰੀ ਕਿਸਾਨਾਂ ਕੋਲ ਆਪ ਆਉਂਦੇ ਸਨ*
*.. .. ਨਵਜੋਤ ਸਿੱਧੂ ਪੰਜਾਬ ਦੇ ਕਿਸਾਨਾਂ ਨੂੰ ਲਾਚਾਰ ਸਿੱਧ ਕਰਨ ਦੀ ਕੋਝੀ ਕੋਸ਼ਿਸ਼ ਨਾ ਕਰੇ*
ਚੰਡੀਗੜ੍ਹ, 24 ਜੁਲਾਈ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵਨਿਯੁਕਤ ਪ੍ਰਧਾਨ ਨਵਜੋਤ ਸਿੱਧੂ ਵੱਲੋਂ ਆਪਣੇ ਤਾਜਪੋਸ਼ੀ ਜਸ਼ਨਾਂ ਦੌਰਾਨ ਕਿਸਾਨਾਂ ਦੇ ਹਵਾਲੇ ਨਾਲ ਪਿਆਸੇ ਨੂੰ ਖੂਹ ਕੋਲ ਚੱਲ ਕੇ ਆਉਣ ਬਾਰੇ ਕੀਤੀ ਟਿੱਪਣੀ ਦਾ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸਖ਼ਤ ਨੋਟਿਸ ਲਿਆ ਅਤੇ ਕਿਹਾ ਕਿ ਅਜਿਹੇ ਬੋਲਾਂ ‘ਚੋਂ ਹੰਕਾਰ ਦੀ ਬੂ ਆਉਂਦੀ ਹੈ।
‘ਆਪ’ ਦੇ ਪੰਜਾਬ ਕਿਸਾਨ ਵਿੰਗ ਦੇ ਪ੍ਰਧਾਨ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਾਂਗਰਸ ਦੇ ਤਾਜ਼ਾ ਤਾਜ਼ਾ ਬਣੇ ਪ੍ਰਧਾਨ ਨਵਜੋਤ ਸਿੱਧੂ ਨੇ ਕੱਲ੍ਹ ਸਟੇਜ ਤੋਂ ਐਲਾਨ ਕੀਤਾ ਸੀ ਕਿ ਉਨ੍ਹਾਂ ਆਪਣੀ ਮੈਂ (ਹੰਕਾਰ) ਮੁਕਾ ਲਈ ਹੈ। ਖ਼ੈਰ ਚੰਗਾ ਲੱਗਾ ਕਿ ਸੁਣ ਕੇ ਕਿ ਤੁਸੀਂ ਇਹ ਤਾਂ ਮੰਨਿਆ ਕਿ ਤੁਹਾਡੇ ‘ਚ ਮੈ (ਹੰਕਾਰ) ਹੈ। ਪਰ ਅਫ਼ਸੋਸ ਇਹ ਹੈ ਕਿ ਇੱਕ ਪਾਸੇ ਨਵਜੋਤ ਸਿੱਧੂ ਨੇ ਆਪਣੀ ਮੈਂ ਮਾਰਨ ਦਾ ਐਲਾਨ ਕੀਤਾ, ਦੂਜੇ ਪਾਸੇ ਕਿਸਾਨਾਂ ਦੇ ਹੱਕ ਵਿੱਚ ਖੜਨ ਲਈ ਵੀ ਸ਼ਰਤ ਲਾ ਦਿੱਤੀ ਕਿ ਪਿਆਸੇ (ਕਿਸਾਨਾਂ) ਨੂੰ ਖੂਹ (ਨਵਜੋਤ ਸਿੱਧੂ) ਕੋਲ ਆਉਣਾ ਪਵੇਗਾ ਕਿਉਂਕਿ ਖੂਹ ਪਿਆਸੇ ਕੋਲ ਨਹੀਂ ਜਾਂਦਾ। ਉਨ੍ਹਾਂ ਕਿਹਾ ਕਿ ਦੇਸ਼ ਦੇ ਅੰਨਦਾਤਾ ਨੂੰ ਲਾਚਾਰ ਸਿੱਧ ਕਰਦੀ ਨਵਜੋਤ ਸਿੱਧੂ ਦੇ ਹਲਕੇ ਬੋਲ ਬੇਹੱਦ ਨਿੰਦਣਯੋਗ ਹਨ।
ਸ਼ਨੀਵਾਰ ਨੂੰ ਇੱਥੇ ਪਾਰਟੀ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਕੁਲਤਾਰ ਸਿੰਘ ਸੰਧਵਾਂ ਨੇ ਨਵਜੋਤ ਸਿੱਧੂ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਕਿਸਾਨਾਂ ਪ੍ਰਤੀ ਇਸ ਤਰਾਂ ਦੇ ਬੋਲ ਕਬੋਲ ਲਈ ਤੁਰੰਤ ਮੁਆਫ਼ੀ ਮੰਗਣੀ ਚਾਹੀਦੀ ਹੈ ਕਿਉਂਕਿ ਕਿਸਾਨ ਦੇਸ਼ ਦੇ ਅੰਨਦਾਤਾ ਹਨ। ਜੋ ਬਿਨਾਂ ਕਿਸੇ ਕੁਰਸੀ ਦੇ ਲਾਲਚ ਦੇਸ਼ਵਾਸੀਆਂ ਲਈ ਅੰਨ, ਦਾਲਾਂ, ਸਬਜ਼ੀਆਂ, ਤੇਲ ਅਤੇ ਫਲ ਆਦਿ ਪੈਦਾ ਕਰਦੇ ਹਨ। ਉਨ੍ਹਾਂ ਸਿੱਧੂ ਨੂੰ ਦੇਸ਼ ਦੀ ਆਜ਼ਾਦੀ ਤੋਂ ਬਾਅਦ ਦਾ ਇਤਿਹਾਸ ਪੜ੍ਹਨ ਦੀ ਨਸੀਹਤ ਦਿੰਦਿਆਂ ਕਿਹਾ ਕਿ ਜਦੋਂ ਦੇਸ ‘ਚ ਅਨਾਜ, ਦੁੱਧ, ਸਬਜ਼ੀਆਂ ਅਤੇ ਹੋਰ ਖਾਣ ਪੀਣ ਦੀਆਂ ਵਸਤਾਂ ਦੀ ਘਾਟ ਸੀ ਤਾਂ ਦੇਸ਼ ਦੇ ਤਤਕਾਲੀ ਪ੍ਰਧਾਨ ਮੰਤਰੀਆਂ ਪੰਡਿਤ ਜਵਾਹਰ ਲਾਲ ਨਹਿਰੂ ਅਤੇ ਲਾਲ ਬਹਾਦਰ ਸ਼ਾਸਤਰੀ ਪੰਜਾਬ ਦੇ ਕਿਸਾਨਾਂ ਕੋਲ ਚੱਲ ਕੇ ਆਏ ਸਨ ਤਾਂ ਜੋ ਦੇਸ਼ ਵਿੱਚ ਅਨਾਜ ਦੀ ਘਾਟ ਨੂੰ ਪੂਰਾ ਕੀਤਾ ਜਾਵੇ। ਇਸ ਸੰਦਰਭ ‘ਚ ਨਵਜੋਤ ਸਿੱਧੂ ਦੀ ਅਜਿਹੀ ਵੰਗਾਰ ਕਿਸਾਨਾਂ ਨੂੰ ਚੇਤਾਵਨੀ ਦੀ ਤਰਾਂ ਹੈ, ਜਿਸ ਦੀ ਆਮ ਆਦਮੀ ਪਾਰਟੀ ਸਖ਼ਤ ਨਿਖੇਧੀ ਕਰਦੀ ਹੈ।
ਕੁਲਤਾਰ ਸਿੰਘ ਸੰਧਵਾਂ ਨੇ ਨਵਜੋਤ ਸਿੱਧੂ ਨੂੰ ਸੰਬੋਧਨ ਹੁੰਦਿਆਂ ਕਿਹਾ, ‘ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਸਿੱਧੂ ਸਾਹਿਬ ਕਿ ਅੰਨਦਾਤਾ ਜਿੱਥੇ ਪੂਰੇ ਮੁਲਕ ਦਾ ਪੇਟ ਭਰਨ ਲਈ ਆਪਣੇ ਖੂਹ ਆਪ ਪੁੱਟ ਕੇ ਫ਼ਸਲ ਵੀ ਪਾਲ਼ਦਾ ਅਤੇ ਦੂਜਿਆਂ ਦੀ ਪਿਆਸ ਵੀ ਬੁਝਾਉਂਦਾ ਹੈ। ਇਹੋ ਕਾਰਨ ਹੈ ਕਿ ਅੰਦੋਲਨ ‘ਤੇ ਡਟੇ ਹੋਏ ਕਿਸਾਨ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦਾ ਪਾਣੀ ਵੀ ਨਹੀਂ ਪੀਂਦੇ, ਅੰਨ ਖਾਣਾ ਤਾਂ ਦੂਰ ਦੀ ਗੱਲ ਹੈ।’ ਉਨ੍ਹਾਂ ਨਵਜੋਤ ਸਿੱਧੂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਆਪਣੇ ਸ਼ਬਦ ਵਾਪਸ ਲੈਣ ਅਤੇ ਆਪਣੀ ਮੈ ਮਾਰ ਕੇ ਅੰਨਦਾਤਾ ਤੋਂ ਮੁਆਫ਼ੀ ਮੰਗਣ। ਕਿਤੇ ਇਹ ਨਾ ਹੋਵੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੀ ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਵਾਂਗ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੇ ਵੀ ਪੰਜਾਬ- ਹਰਿਆਣਾ ‘ਚ ਪੁਤਲੇ ਫੂਕਣੇ ਸ਼ੁਰੂ ਹੋ ਜਾਣ।