ਲੁਧਿਆਣਾ 12 ਮਾਰਚ ( ਵਿਸ਼ਵ ਵਾਰਤਾ)- ਵਿਸ਼ਵ ਪੱਧਰੀ ਖੇਤੀ ਵਿਗਿਆਨੀ ਡਾ: ਦਰਸ਼ਨ ਸਿੰਘ ਬਰਾੜ ਰਾਤੀਂ ਲੁਧਿਆਣਾ ਚ ਸਦੀਵੀ ਵਿਛੋੜਾ ਦੇ ਗਏ ਹਨ।
ਡਾ: ਬਰਾੜ ਇਸ ਵੇਲੇ ਭਾਰਤ ਚ ਵੱਸਦੇ ਅੰਤਰ ਰਾਸ਼ਟਰੀ ਖੇਤੀ ਵਿਗਿਆਨੀਆਂ ਚੋਂ ਪਹਿਲੀ ਕਤਾਰ ਦੇ ਪਲਾਂਟ ਬਰਿਡਿੰਗ ਤੇ ਬਾਇ ਟੈਕਨਾਲੋਜੀ ਖੇਤਰ ਦੇ ਸਿਰਕੱਢ ਵਿਗਿਆਨੀ ਸਨ।
ਡਾ: ਗੁਰਦੇਵ ਸਿੰਘ ਖ਼ੁਸ਼ ਵਰਗੇ ਵਿਗਿਆਨੀ ਦੀ ਸੱਜੀ ਬਾਂਹ ਸਨ ਉਹ। ਉਨ੍ਹਾਂ ਦੀ ਪ੍ਰੇਰਨਾ ਨਾਲ ਹੀ ਉਹ ਪੰਜਾਬ ਖੇਤੀ ਯੂਨੀਵਰਸਿਟੀ ਤੋਂ ਅਠਵੇਂ ਦਹਾਕੇ ਚ ਅੰਤਰ ਰਾਸ਼ਟਰੀ ਝੋਨਾ ਖੋਜ ਕੇਂਦਰ ਮਨੀਲਾ ਫਿਲਪਾਈਨਜ਼ ਚਲੇ ਗਏ ਸਨ। ਇਥੇ ਉਹ ਪਲਾਂਟ ਬਰੀਡਿੰਗ ਤੇ ਜੈਨੇਟਿਕਸ ਵਿਭਾਗ ਦੇ ਮੁਖੀ ਵਜੋਂ ਸੇਵਾ ਮੁਕਤ ਹੋ ਕੇ ਲੁਧਿਆਣਾ ਆ ਗਏ।
ਡਾ: ਦਰਸ਼ਨ ਸਿੰਘ ਬਰਾੜ ਦਾ ਜੱਦੀ ਪਿੰਡ ਬਿਸ਼ਨੰਦੀ ਸੀ ਜਿੱਥੇ ਉਹ 7ਮਾਰਚ 1944 ਨੂੰ ਪੈਦਾ ਹੋਏ। ਸਰਕਾਰੀ ਹਾਈ ਸਕੂਲ ਜੈਤੋ(ਫ਼ਰੀਦਕੋਟ) ਤੋਂ ਦਸਵੀਂ ਪਾਸ ਕਰਕੇ ਗੌਰਮਿੰਟ ਬਰਜਿੰਦਰਾ ਕਾਲਿਜ ਚ ਦਾਖ਼ਲ ਹੋ ਗਏ ਤੇ ਇਥੋਂ ਪੰਜਾਬ ਖੇਤੀ ਯੂਨੀਵਰਸਿਟੀ ਚ ਪੜ੍ਹਨ ਆ ਗਏ। 1969 ਚ ਐੱਮ ਐੱਸ ਸੀ ਤੇ 1973 ਚ ਡਾਕਟਰੇਟ ਕਰਕੇ ਇਥੇ ਹੀ ਪਲਾਂਟ ਬਰੀਡਿੰਗ ਵਿਭਾਗ ਚ ਕੰਮ ਕਰਨ ਲੱਗ ਪਏ।
ਲੰਮਾ ਸਮਾਂ ਮਨੀਲਾ ਚ ਅੰਤਰ ਰਾਸ਼ਟਰੀ ਮਿਆਰ ਦੇ ਖੋਜ ਕਾਰਜ ਕਰਕੇ ਵਤਨ ਪਰਤੇ ਤਾਂ ਪੰਜਾਬ ਖੇਤੀ ਯੂਨੀਵਰਸਿਟੀ ਚ ਨਿਸ਼ਕਾਮ ਵਿਗਿਆਨੀ ਵਜੋਂ ਕੰਮ ਕਰਨ ਲੱਗ ਪਏ। ਉਹ ਆਪਣੀ ਸਾਦਗੀ, ਸਮਰਪਣ, ਸਿਰੜ, ਸਿਦਕਦਿਲੀ, ਸਾਬਤ ਕਦਮੀ ਤੇ ਸੁਹਿਰਦ ਸੋਚ ਕਾਰਨ ਹਰ ਮਨ ਵਿੱਚ ਸਤਿਕਾਰਤ ਸਨ।
ਇਸ ਵੇਲੇ ਉਹ ਪੀਏ ਯੂ ਪ੍ਰਬੰਧਕੀ ਬੋਰਡ ਦੇ ਵੀ ਮੈਂਬਰ ਸਨ। ਕੌਮੀ ਵਿਗਿਆਨ ਅਕਾਡਮੀ(ਨਾਸ) ਦੇ ਵੀ ਫੈਲੋ ਹੋਣ ਤੋਂ ਇਲਾਵਾ ਕਈ ਕੌਮੀ ਤੇ ਕੌਮਾਂਤਰੀ ਸਨਮਾਨਾਂ ਨਾਲ ਸੁਸੱਜਿਤ ਸਨ।
ਬੀਤੀ ਰਾਤ 11ਵਜੇ ਉਨ੍ਹਾਂ ਦੇ ਅਕਾਲ ਚਲਾਣੇ ਨਾਲ ਵਿਗਿਆਨ , ਸਮਾਜਿਕ ਜਗਤ ਤੇ ਸਮੂਹ ਪੰਜਾਬੀਆਂ ਵਿੱਚ ਭਾਰੀ ਸੋਗ ਪਿਆ ਹੈ।
ਸਾਡੇ ਮਿੱਤਰ ਜਗਦੇਵ ਸਿੰਘ ਤੂਰ (ਸਾਬਕਾ ਸਰਪੰਚ ਬੱਗਾ ਖ਼ੁਰਦ ਜ਼ਿਲ੍ਹਾ ਲੁਧਿਆਣਾ) ਤੇ ਹਰਿੰਦਰ ਕੌਰ ਦੇ ਇਕਲੌਤੇ ਬੇਟੇ ਰੁਸਤਮ ਸਿੰਘ ਨਾਲ ਉਨ੍ਹਾਂ ਦੀ ਬੇਟੀ ਵਿਆਹੀ ਹੋਈ ਹੈ। ਤੂਰ ਪਰਿਵਾਰ ਨੇ ਦੱਸਿਆ ਕਿ ਕੈਨੇਡਾ ਵੱਸਦੇ ਬੱਚਿਆਂ ਨੇ ਇੱਕ ਦੋ ਦਿਨਾਂ ਤੀਕ ਵਤਨ ਆਉਣਾ ਸੀ ਪਰ ਰਾਤੀਂ ਭਾਰਤ ਸਰਕਾਰ ਦੇ ਸਭ ਪਰਦੇਸੀਆਂ ਦੇ ਵੀਜ਼ਾ ਰੱਦ ਕਰਨ ਕਾਰਨ ਹੁਣ ਅਨਿਸ਼ਚਤਤਾ ਬਣ ਗਈ ਹੈ।
ਅੰਤਿਮ ਸੰਸਕਾਰ ਬਾਰੇ ਪੂਰੀ ਜਾਣਕਾਰੀ ਮਿਲਣ ਤੇ ਸੂਚਿਤ ਕੀਤਾ ਜਾਵੇਗਾ।
ਹਰ ਮਿਲਣੀ ਤੇ ਮੁਹੱਬਤਾਂ ਦੇਣ ਵਾਲੇ ਦਰਵੇਸ਼ ਰੂਹ ਉੱਚ ਦੋਮਾਲੜੇ ਵੀਰ ਦੇ ਜਾਣ ਤੇ ਸਾਡੇ ਮਿੱਤਰ ਦਾਇਰੇ ਦਾ ਮਨ ਉਦਾਸ ਹੈ।