ਅੰਤਰਰਾਸ਼ਟਰੀ ਪੰਜਾਬੀ ਮਾਂ ਬੋਲੀ ਦਿਵਸ `ਤੇ ਵਿਸ਼ੇਸ਼
ਬੱਚਿਆਂ ਨੂੰ ਪੰਜਾਬੀ ਭਾਸ਼ਾ ਨਾਲ ਜੋੜਨਾ ਸਾਡਾ ਫਰਜ਼ – ਡਾ. ਗੁਰਿੰਦਰਬੀਰ ਕੌਰ
ਮਾਂ-ਬੋਲੀ ਪੰਜਾਬੀ ਪ੍ਰਤੀ ਲਿਆ ਅਹਿਦ
ਕਪੂਰਥਲਾ, 21 ਫਰਵਰੀ (ਵਿਸ਼ਵ ਵਾਰਤਾ)-ਸਿਵਲ ਸਰਜਨ ਕਪੂਰਥਲਾ ਡਾ. ਗੁਰਿੰਦਬੀਰ ਕੌਰ ਦੀ ਯੋਗ ਅਗਾਵਈ ਹੇਠ ਅੱਜ ਸਿਵਲ ਸਰਜਨ ਦਫ਼ਤਰ ਕਪੂਰਥਲਾ ਵਿਖੇ ਸਮੂਹ ਸਟਾਫ਼ ਵੱਲੋ ਮਾਂ-ਬੋਲੀ ਪੰਜਾਬੀ ਪ੍ਰਤੀ ਅਹਿਦ ਲਿਦਿਆ ਕਿਹਾ ਗਿਆ ਕਿ “ ਮੈਂ ਮਾਤ ਭਾਸ਼ਾ ਦਿਵਸ ਦੇ ਮੁਕੱਦਸ ਮੌਕੇ `ਤੇ ਇਹ ਅਹਿਦ ਲੈਂਦੀ ਹਾਂ ਕਿ ਮੈਂ ਨਾਥਾਂ, ਸੂਫੀਆਂ, ਭਗਤਾਂ, ਗੁਰੂਆਂ, ਪੀਰਾਂ `ਤੇ ਫ਼ਕੀਰਾਂ ਦੀ ਵਰੋਸਾਈ ਮਾਂ-ਬੋਲੀ ਪੰਜਾਬੀ ਦਾ ਉਮਰ ਭਰ ਸਤਿਕਾਰ ਕਰਾਂਗੀ। ਮੈਂ ਆਪਣੀ ਮਾਂ-ਬੋਲੀ ਪੰਜਾਬੀ ਬੋਲਾਂਗੀ, ਪੰਜਾਬੀ ਪੜ੍ਹਾਂਗੀ, ਪੰਜਾਬੀ ਲਿਖਾਂਗੀ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਪੰਜਾਬੀ ਭਾਸ਼ਾ ਸਾਹਿਤ ਅਤੇ ਸੱਭਿਆਚਾਰ ਨਾਲ ਜੋੜਨ ਲਈ ਹਮੇਸ਼ਾ ਯਤਨਸ਼ੀਲ ਰਹਾਂਗੀ। ਇਸ ਮੌਕੇ ਜਾਣਕਾਰੀ ਦਿੰਦਿਆਂ ਡਾ. ਗੁਰਿੰਦਰਬੀਰ ਕੌਰ ਨੇ ਕਿਹਾ ਕੀ ਪੰਜਾਬੀ ਸਾਡੀ ਮਾਂ ਬੋਲੀ ਹੈ ਜਿਸ ਦਾ ਪ੍ਰਚਾਰ, ਪ੍ਰਸਾਰ `ਤੇ ਸੰਚਾਰ ਲਈ ਸਾਡੀਆਂ ਸੇਵਾਵਾਂ ਹਮੇਸ਼ਾ ਸਮਰਪਿਤ ਰਹਿਣਗਿਆਂ। ਉਨ੍ਹਾਂ ਇਸ ਮੌਕੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਨੂੰ ਸਾਰੀਆਂ ਨੂੰ ਦਫ਼ਤਰੀ ਕੰਮ ਜਿਵੇਂ ਕਿ ਚਿੱਠੀ ਪੱਤਰ, ਦਫ਼ਤਰੀ ਹੁਕਮ, ਦਫ਼ਤਰੀ ਰਿਕਾਰਡ ਆਦਿ ਸਭ ਪੰਜਾਬੀ ਭਾਸ਼ਾ `ਚ ਹੀ ਕਰਨਾ `ਤੇ ਰੱਖਣਾ ਚਾਹੀਦਾ ਹੈ। ਉਨ੍ਹਾਂ ਇਸ ਮੌਕੇ ਮੌਜੂਦ ਸਮੂਹ ਸਟਾਫ਼ ਨੂੰ ਆਪਣੇ ਪਰਿਵਾਰਾਂ `ਚ ਪੰਜਾਬੀ ਮਾਂ ਬੋਲੀ ਭਾਸ਼ਾ ਦਾ ਪ੍ਰਯੋਗ ਕਰਨ ਲਈ ਕਿਹਾ।ਉਨ੍ਹਾਂ ਬੱਚਿਆਂ ਅਤੇ ਨੌਜਵਾਨ ਪੀੜੀ ਨੂੰ ਵੀ ਪੰਜਾਬੀ ਭਾਸ਼ਾ ਅਤੇ ਪੰਜਾਬੀ ਸਭਿਆਚਾਰ ਨਾਲ ਹਮੇਸ਼ਾ ਜੁੜੇ ਰਹਿਣ ਦਾ ਸੁਨੇਹਾ ਦਿੱਤਾ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਕਪੂਰਥਲਾ ਅਧੀਨ ਆਉਂਦੇ ਵੱਖ-ਵੱਖ ਬਲਾਕਾਂ ਵਿੱਚ ਵੀ ਅੰਤਰਰਾਸ਼ਟਰੀ ਪੰਜਾਬੀ ਮਾਂ ਬੋਲੀ ਦਿਵਸ ਮਨਾਇਆ ਗਿਆ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਅਨੂੰ ਸ਼ਰਮਾ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਅਸ਼ੋਕ ਕੁਮਾਰ, ਜ਼ਿਲ੍ਹਾ ਸਿਹਤ ਅਫ਼ਸਰ ਡਾ. ਕੁਲਜੀਤ ਸਿੰਘ, ਜ਼ਿਲ੍ਹਾ ਡੇਂਟਲ ਹੈਲਥ ਅਫ਼ਸਰ ਕਪਿਲ ਡੋਗਰਾ, ਸੁਪਰੀਡੇਂਟ ਰਾਮ ਅਵਤਾਰ ਆਦਿ ਸਟਾਫ਼ ਹਾਜ਼ਰ ਸੀ।