ਅਫ਼ਗਾਨਿਸਤਾਨ ਵਿੱਚ ਜੁਮੇ ਦੀ ਨਮਾਜ਼ ਦੌਰਾਨ ਮਸਜਿਦ ਵਿੱਚ ਜਬਰਦਸਤ ਧਮਾਕਾ; ਤਾਲਿਬਾਨ ਦੇ ਆਗੂ ਦੀ ਮੌਤ
ਚੰਡੀਗੜ੍ਹ,2 ਸਤੰਬਰ(ਵਿਸ਼ਵ ਵਾਰਤਾ)-ਅਫਗਾਨਿਸਤਾਨ ਦੇ ਹੇਰਾਤ ਸੂਬੇ ‘ਚ ਅੱਜ ਜੁੰਮੇ ਦੀ ਨਮਾਜ਼ ਦੌਰਾਨ ਜ਼ਬਰਦਸਤ ਧਮਾਕਾ ਹੋਇਆ। ਇਸ ਵਿੱਚ ਤਾਲਿਬਾਨ ਦੇ ਸਭ ਤੋਂ ਵੱਡੇ ਧਾਰਮਿਕ ਨੇਤਾਵਾਂ ਵਿੱਚੋਂ ਇੱਕ ਮੁੱਲਾ ਮੁਜੀਬ ਉਰ ਰਹਿਮਾਨ ਅੰਸਾਰੀ ਮਾਰਿਆ ਗਿਆ ਹੈ। ਇਹ ਘਟਨਾ ਗਜਾਘਰ ਸ਼ਹਿਰ ਦੀ ਹੈ। ਪਿਛਲੇ ਮਹੀਨੇ ਵੀ ਤਾਲਿਬਾਨ ਦਾ ਇੱਕ ਪ੍ਰਮੁੱਖ ਨੇਤਾ ਮਾਰਿਆ ਗਿਆ ਸੀ। ਇਸ ਹਮਲੇ ਪਿੱਛੇ ISIS ਦੇ ਖੁਰਾਸਾਨ ਗਰੁੱਪ (ISKP) ਦਾ ਹੱਥ ਮੰਨਿਆ ਜਾ ਰਿਹਾ ਹੈ। ਤਾਲਿਬਾਨ ਨੇ ਅਜੇ ਤੱਕ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਗਜ਼ਾਘਰ ਦੀ ਮਸਜਿਦ ਵਿੱਚ ਕੁੱਲ 2 ਧਮਾਕੇ ਹੋਏ। ਇਸ ਦੌਰਾਨ ਜੁਮੇ ਦੀ ਨਮਾਜ਼ ਚੱਲ ਰਹੀ ਸੀ। ਮੁੱਲਾ ਮੁਜੀਬ ਇਸ ਮਸਜਿਦ ਦਾ ਮੁੱਖ ਇਮਾਮ ਸੀ। ਧਮਾਕਾ ਉਸ ਦੇ ਸਾਹਮਣੇ ਕਤਾਰ ਵਿੱਚ ਹੋਇਆ। ਮੰਨਿਆ ਜਾ ਰਿਹਾ ਹੈ ਕਿ ਇਹ ਫਿਦਾਇਨ ਹਮਲਾ ਸੀ ਅਤੇ ਇਸ ਵਿੱਚ ਦੋ ਲੋਕ ਸ਼ਾਮਲ ਸਨ।
ਦੂਜਾ ਧਮਾਕਾ ਉਸ ਸਮੇਂ ਹੋਇਆ ਜਦੋਂ ਲੋਕ ਬਾਹਰ ਭੱਜ ਰਹੇ ਸਨ। ਕੁਝ ਰਿਪੋਰਟਾਂ ਅਨੁਸਾਰ ਮੁੱਲਾ ਮੁਜੀਬ ਕੁਝ ਘੰਟੇ ਪਹਿਲਾਂ ਹੇਰਾਤ ਵਿੱਚ ਇੱਕ ਆਰਥਿਕ ਕਾਨਫਰੰਸ ਵਿੱਚ ਸ਼ਾਮਲ ਹੋਣ ਤੋਂ ਬਾਅਦ ਸਿੱਧਾ ਮਸਜਿਦ ਪਹੁੰਚਿਆ ਸੀ।