ਅਮਰੀਕੀ ਜਿੰਮ ਟਰੇਨਰ ਨੇ ਪਿੱਠ ਤੇ ਲਿਖਵਾਈਆਂ ਗੁਰਬਾਣੀ ਦੀਆਂ ਤੁਕਾਂ
ਸ਼੍ਰੋਮਣੀ ਕਮੇਟੀ ਨੇ ਸਖ਼ਤ ਕਾਰਵਾਈ ਦੀ ਕੀਤੀ ਮੰਗ
ਚੰਡੀਗੜ੍ਹ,6 ਅਗਸਤ(ਵਿਸ਼ਵ ਵਾਰਤਾ)- ਅਮਰੀਕਾ ਦੀ ਰਹਿਣ ਵਾਲੀ ਭਾਰਤੀ ਮੂਲ ਦੀ ਜਿੰਮ ਟਰੇਨਰ ਸੁਮੀਤ ਸਾਹਨੀ ਨੇ ਆਪਣੀ ਪਿੱਠ ’ਤੇ ਗੁਰਬਾਣੀ ਦੀਆਂ ਤੁਕਾਂ ਲਿਖਵਾਈਆਂ ਹੋਈਆਂ ਹਨ। ਜਿਹਨਾਂ ਦੇ ਸਾਹਮਣੇ ਆਉਣ ਨਾਲ ਸਿੱਖ ਧਰਮ ਨਾਲ ਸੰਬੰਧਿਤ ਲੋਕਾਂ ਨੇ ਭਾਰੀ ਰੋਸ ਜਤਾਇਆ ਹੈ।ਇਸੇ ਸੰਬੰਧ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮਾਮਲੇ ਦਾ ਨੋਟਿਸ ਦਾ ਸਖਤ ਨੋਟਿਸ ਲੈਂਦਿਆਂ ਉਕਤ ਟਰੇਨਰ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਗੁਰਬਾਣੀ ਸਿੱਖਾਂ ਦੀ ਆਸਥਾ ਹੈ ਅਤੇ ਇਸ ਔਰਤ ਨੇ ਆਪਣੇ ਸਰੀਰ ਤੇ ਗੁਰਬਾਣੀ ਦੀਆਂ ਤੁਕਾਂ ਲਿਖਵਾ ਕੇ ਗੁਰਬਾਣੀ ਦਾ ਨਿਰਾਦਰ ਕੀਤਾ ਹੈ।
ਉਨ੍ਹਾਂ ਕਿਹਾ ਕਿ ਇਸ ਔਰਤ ਦੀ ਅਜਿਹੀ ਹਰਕਤ ਨਾਲ ਸਿੱਖ ਸੰਗਤਾਂ ਦੇ ਮਨਾ ਨੂੰ ਭਾਰੀ ਠੇਸ ਪੁੱਜੀ ਹੈ, ਜਿਸ ਕਾਰਨ ਸੰਗਤਾਂ ਅੰਦਰ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਜਾਣਬੁੱਝ ਕੇ ਸੱਟ ਮਾਰ ਰਹੇ ਹਨ, ਜਿਨ੍ਹਾਂ ਨੂੰ ਆਪਣੀਆਂ ਹਰਕਤਾਂ ਤੋਂ ਬਾਝ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਭਾਰਤ ਵਿਚ ਅਮਰੀਕਾ ਦੇ ਦੂਤਾਵਾਸ ਅਤੇ ਅਮਰੀਕਾ ਸਰਕਾਰ ਨੂੰ ਪੱਤਰ ਲਿਖਆ ਜਾ ਰਿਹਾ ਹੈ ਤਾਂ ਜੋ ਇਸ ਦੇ ਖਿਲਾਫ ਸਿੱਖ ਭਾਵਨਾਵਾਂ ਅਨੁਸਾਰ ਕਾਰਵਾਈ ਕਰਵਾਈ ਜਾ ਸਕੇ।