ਅਮਰੀਕਾ ਦੀ ਅਫਗਾਨਿਸਤਾਨ ਵਿੱਚ ਫਿਰ ਤੋਂ ਇੱਕ ਵੱਡੀ ਕਾਰਵਾਈ
ਡ੍ਰੋਨ ਹਮਲੇ ਵਿੱਚ ਲੱਭ ਕੇ ਮਾਰਿਆ ਅਲ-ਕਾਇਦਾ ਚੀਫ ਅਲ-ਜ਼ਵਾਹਿਰੀ
ਚੰਡੀਗੜ੍ਹ,2 ਅਗਸਤ(ਵਿਸ਼ਵ ਵਾਰਤਾ)- ਅਮਰੀਕਾ ਨੇ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਡਰੋਨ ਹਮਲੇ ਰਾਂਹੀਂ ਅਲ-ਕਾਇਦਾ ਦੇ ਆਗੂ ਅਲ-ਜ਼ਵਾਹਿਰੀ ਨੂੰ ਮਾਰ ਦਿੱਤਾ ਹੈ। ਖੁਫੀਆ ਸੂਚਨਾ ਮਿਲਣ ਤੋਂ ਬਾਅਦ ਐਤਵਾਰ ਦੁਪਹਿਰ ਜਵਾਹਿਰੀ ‘ਤੇ ਡਰੋਨ ਹਮਲਾ ਕੀਤਾ ਗਿਆ, ਜਿਸ ‘ਚ ਉਸ ਦੀ ਮੌਤ ਹੋ ਗਈ। ਅਲ-ਕਾਇਦਾ ਦੇ ਸੰਸਥਾਪਕ ਓਸਾਮਾ ਬਿਨ ਲਾਦੇਨ ਦੀ ਹੱਤਿਆ ਤੋਂ ਬਾਅਦ ਜਵਾਹਿਰੀ ਨੇ 2011 ਵਿੱਚ ਅੱਤਵਾਦੀ ਸੰਗਠਨ ਦੀ ਵਾਗਡੋਰ ਸੰਭਾਲੀ ਸੀ।
ਨਿਊਯਾਰਕ ਟਾਈਮਜ਼ ਦੀਆਂ ਰਿਪੋਰਟਾਂ ਮੁਤਾਬਕ ਇਹ ਡਰੋਨ ਹਮਲਾ ਅਮਰੀਕੀ ਖੁਫੀਆ ਏਜੰਸੀ ਸੀਆਈਏ ਦੀ ਵਿਸ਼ੇਸ਼ ਟੀਮ ਨੇ ਕੀਤਾ ਹੈ। ਅਗਸਤ 2021 ਵਿੱਚ ਅਫਗਾਨਿਸਤਾਨ ਵਿੱਚ ਤਾਲਿਬਾਨ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਜ਼ਵਾਹਿਰੀ ਕਾਬੁਲ ਵਿੱਚ ਰਹਿ ਰਿਹਾ ਸੀ। ਇਸ ਦੇ ਨਾਲ ਹੀ ਅਮਰੀਕੀ ਕਾਰਵਾਈ ‘ਤੇ ਤਾਲਿਬਾਨ ਭੜਕ ਗਿਆ ਹੈ ਅਤੇ ਇਸ ਨੂੰ ਦੋਹਾ ਸਮਝੌਤੇ ਦੀ ਉਲੰਘਣਾ ਦੱਸਿਆ ਹੈ।
ਜਿਕਰਯੋਗ ਹੈ ਕਿ 11 ਸਤੰਬਰ, 2001 ਨੂੰ, 19 ਅੱਤਵਾਦੀਆਂ ਨੇ 4 ਵਪਾਰਕ ਜਹਾਜ਼ਾਂ ਨੂੰ ਹਾਈਜੈਕ ਕਰ ਲਿਆ ਸੀ ਅਤੇ ਅਮਰੀਕਾ ਦੇ ਵਰਲਡ ਟ੍ਰੇਡ ਸੈਂਟਰ ਤੇ ਹਮਲਾ ਕਰ ਦਿੱਤਾ ਸੀ। ਅਮਰੀਕਾ ਵਿਚ ਇਸ ਨੂੰ 9/11 ਹਮਲੇ ਵਜੋਂ ਜਾਣਿਆ ਜਾਂਦਾ ਹੈ। ਇਸ ਹਮਲੇ ਵਿਚ 93 ਦੇਸ਼ਾਂ ਦੇ 2 ਹਜ਼ਾਰ 977 ਲੋਕ ਮਾਰੇ ਗਏ ਸਨ। ਇਸ ਹਮਲੇ ਵਿੱਚ ਓਸਾਮਾ ਬਿਨ ਲਾਦੇਨ, ਅਲ ਜਵਾਹਿਰੀ ਸਮੇਤ ਅਲਕਾਇਦਾ ਦੇ ਸਾਰੇ ਅੱਤਵਾਦੀਆਂ ਨੂੰ ਅਮਰੀਕੀ ਜਾਂਚ ਏਜੰਸੀ ਨੇ ਦੋਸ਼ੀ ਠਹਿਰਾਇਆ ਸੀ।ਅਮਰੀਕੀ ਹਮਲੇ ਵਿੱਚ ਜਵਾਹਿਰੀ ਦੋ ਵਾਰ ਬਚ ਗਿਆ ਸੀ।
ਅਮਰੀਕਾ ਨੇ ਜਵਾਹਿਰੀ ਨੂੰ ਮਾਰਨ ਦੀ ਪਹਿਲਾਂ ਵੀ ਕਈ ਵਾਰ ਕੋਸ਼ਿਸ਼ ਕੀਤੀ ਸੀ। 2001 ਵਿੱਚ, ਜਵਾਹਿਰੀ ਦੇ ਅਫਗਾਨਿਸਤਾਨ ਦੇ ਤੋਰਾ ਬੋਰਾ ਵਿੱਚ ਲੁਕੇ ਹੋਣ ਦੀ ਸੂਚਨਾ ਮਿਲੀ ਸੀ। ਹਾਲਾਂਕਿ, ਜਵਾਹਿਰੀ ਹਮਲਾ ਹੋਣ ਤੋਂ ਪਹਿਲਾਂ ਹੀ ਭੱਜ ਗਿਆ। ਹਾਲਾਂਕਿ ਇਸ ਹਮਲੇ ‘ਚ ਉਸ ਦੀ ਪਤਨੀ ਅਤੇ ਬੱਚੇ ਮਾਰੇ ਗਏ ਸਨ।