ਅਨਮੋਲ ਗਗਨ ਮਾਨ ਨੇ ਧਰਮਸ਼ਾਲਾ ਹਿਮਾਚਲ ਪ੍ਰਦੇਸ਼ ‘ਚ ਰਾਜਾਂ ਦੇ ਸੈਰ-ਸਪਾਟਾ ਮੰਤਰੀਆਂ ਦੀ ਤਿੰਨ ਰੋਜ਼ਾ ਰਾਸ਼ਟਰੀ ਕਾਨਫਰੰਸ ਵਿੱਚ ਲਿਆ ਹਿੱਸਾ
ਚੰਡੀਗੜ੍ਹ, 21ਸਤੰਬਰ(ਵਿਸ਼ਵ ਵਾਰਤਾ)-ਪੰਜਾਬ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਹਿਮਾਚਲ ਪ੍ਰਦੇਸ਼ ਵਿੱਚ ਧਰਮਸ਼ਾਲਾ ਵਿਖੇ ਦੇਸ਼ ਦੇ ਵੱਖ-ਵੱਖ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਸੈਰ-ਸਪਾਟਾ ਮੰਤਰੀਆਂ ਦੀ ਹੋਈ ਤਿੰਨ ਰੋਜਾ ਰਾਸ਼ਟਰੀ ਕਾਨਫਰੰਸ ਵਿੱਚ ਹਿੱਸਾ ਲਿਆ । ਭਾਰਤ ਸਰਕਾਰ ਸੈਰ-ਸਪਾਟਾ ਮੰਤਰਾਲਾ ਵੱਲੋਂ ਦੇਸ਼ ‘ਚ ਸੈਰ-ਸਪਾਟੇ ਦੇ ਵਿਕਾਸ ਨਾਲ ਜੁੜੇ ਮੁੱਦਿਆਂ ‘ਤੇ ਚਰਚਾ ਕਰਨ ਲਈ 18 ਤੋਂ 20 ਸਤੰਬਰ ਤੱਕ ਇਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਸੀ। ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਪੰਜਾਬ ‘ਚ ਸੈਰ ਸਪਾਟੇ ਦੀਆਂ ਅਸੀਮ ਸੰਭਾਵਨਾਵਾਂ ਅਤੇ ਪੰਜਾਬ ਨੂੰ ਅੰਤਰਰਾਸ਼ਟਰੀ ਪੱਧਰ ਤੇ ਟੂਰਿਜ਼ਮ ਹੱਬ ਵਜੋਂ ਵਿਕਸਿਤ ਕੀਤੇ ਜਾਣ ਦੇ ਉਦੇਸ਼ ਨਾਲ ਇਸ ਕਾਨਫਰੰਸ ਵਿੱਚ ਹਿੱਸਾ ਲਿਆ ਗਿਆ।
ਪੰਜਾਬ ‘ਚ ਸੈਰ ਸਪਾਟੇ ਉਦਯੋਗ ਦੇ ਵਿਕਾਸ ਅਤੇ ਇਸ ਨੂੰ ਹੋਰ ਉਜਾਗਰ ਕਰਨ ਲਈ ਨੈਸ਼ਨਲ ਕਾਨਫਰੰਸ ਵਿੱਚ ਪੰਜਾਬ ਦੀ ਨੁਮਾਇੰਦਗੀ ਕਰਦਿਆਂ ਉਨ੍ਹਾ ਕਿਹਾ ਕਿ ਅੱਜ ਦੇਸ-ਵਿਦੇਸ਼ ਵਿੱਚ ਸੈਰ ਸਪਾਟੇ ਨੂੰ ਮੁੱਖ ਤਰਜੀਹ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਦੇਸ- ਵਿਦੇਸ਼ ਦੇ ਸੈਲਾਨੀਆਂ ਲਈ ਟੂਰਿਜ਼ਮ ਹੱਬ ਬਣਾਉਣ ਅਤੇ ਇਸ ਨੂੰ ਪੂਰੀ ਤਰ੍ਹਾਂ ਵਿਕਸਿਤ ਕਰਨ ਲਈ ਸ.ਭਗਵੰਤ ਸਿੰਘ ਮਾਨ ਮੁੱਖ ਮੰਤਰੀ ਦੀ ਅਗਾਵਾਈ ਹੇਠ ਸੂਬਾ ਸਰਕਾਰ ਲਗਾਤਾਰ ਯਤਨਸ਼ੀਲ ਹੈ। ਇਸ ਮੌਕੇ ਉਨ੍ਹਾਂ ਨੇ ਰਾਸ਼ਟਰੀ ਕਾਨਫਰੰਸ ਵਿੱਚ ਵਿੱਚ ਸ਼ਾਮਲ ਹੋਏ ਵੱਖ ਵੱਖ ਨੁਮਾਇੰਦਿਆਂ ਨੂੰ ਪੰਜਾਬ ਦੇ ਅਮੀਰ ਵਿਰਸੇ, ਇਤਿਹਾਸਿਕ ਇਮਾਰਤਾਂ ਅਤੇ ਇਥੋਂ ਦੀ ਜੀਵਨ ਸੈਲੀ ਬਾਰੇ ਜਾਣਕਾਰੀ ਸਾਂਝੀ ਕੀਤਾ।
ਉਨ੍ਹਾਂ ਕਿਹਾ ਕਿ ਪੰਜਾਬ ਦੀ ਵਿਰਾਸਤ ਅਤੇ ਸੱਭਿਆਚਾਰ ਇਸਦੀ ਪੁਰਾਣੀ ਸ਼ਾਨ ਨੂੰ ਦਰਸਾਉਂਦੇ ਹਨ। ਪੰਜਾਬ ਵਿੱਚ ਯਾਤਰਾ ਦਾ ਅਨੁਭਵ ਸੱਭਿਆਚਾਰ, ਵਿਰਾਸਤ, ਇਤਿਹਾਸ ਅਤੇ ਲੋਕਾਂ ਦਾ ਆਪਸੀ ਪਿਆਰ ਪ੍ਰੇਰਨਾ ਦਾ ਸਰੋਤ ਹਨ । ਉਹਨਾਂ ਕਿਹਾ ਕਿ ਸੈਰ ਸਪਾਟੇ ਵੱਜੋਂ ਪੰਜਾਬ ਜਲਦੀ ਹੀ ਦੇਸ਼ ਦੁਨੀਆਂ ਦੇ ਨਕਸੇ ਤੇ ਨਜਰ ਆਵੇਗਾ।
ਹਿਮਾਚਲ ਦੇ ਧਰਮਸ਼ਾਲਾ ਵਿਖੇ ਹੋਈ ਇਸ ਕਾਨਫਰੰਸ ਦੀ ਪ੍ਰਧਾਨਗੀ ਕੇਂਦਰੀ ਸੱਭਿਆਚਾਰ ਅਤੇ ਸੈਰ-ਸਪਾਟਾ ਮੰਤਰੀ ਸ੍ਰੀ ਜੀ.ਕਿਸ਼ਨ ਰੈੱਡੀ ਵੱਲੋਂ ਕੀਤੀ ਗਈ। ਰਾਸ਼ਟਰੀ ਕਾਨਫਰੰਸ ਵਿੱਚ ਕੇਂਦਰੀ ਮੰਤਰੀ, ਵੱਖ-ਵੱਖ ਰਾਜਾਂ ਸੈਰਸਪਾਟਾ ਮੰਤਰੀ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸੈਰ-ਸਪਾਟਾ ਮੰਤਰੀ, ਪ੍ਰਸ਼ਾਸਕ ਅਤੇ ਸਰਕਾਰ ਦੇ ਸੀਨੀਅਰ ਅਧਿਕਾਰੀ, ਰਾਜ ਸਰਕਾਰਾਂ ਅਤੇ ਸੈਰ-ਸਪਾਟਾ ਅਤੇ ਪ੍ਰਾਹੁਣਚਾਰੀ ਐਸੋਸੀਏਸ਼ਨਾਂ ਦੇ ਮੁਖੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਸ ਰਾਸਟਰੀ ਕਾਨਫਰੰਸ ਦਾ ਮੁੱਖ ਉਦੇਸ਼ ਸੈਰ ਸਪਾਟਾ ਦੇ ਲੋੜੀਦੇ ਬੁਨਿਆਦੀ ਢਾਚੇ ਦੇ ਵਿਕਾਸ ਨੂੰ ਹੋਰ ਪ੍ਰਫੁੱਲਤ ਕਰਨਾ ਰਿਹਾ। ਇਸ ਕਾਨਫਰੰਸ ਵਿੱਚ ਸੈਰ-ਸਪਾਟੇ ਦੇ ਵਿਕਾਸ ਨਾਲ ਜੁੜੇ ਮੁੱਦਿਆ ਅਤੇ ਮੌਕਿਆਂ ਤੇ ਵਿਸ਼ੇਸ ਚਰਚਾ ਕੀਤੀ ਗਈ।