ਸਬਰ, ਸਿਦਕ ਤੇ ਸਿਰੜ ਦਾ ਸਤੰਭ- ਅਨਮੋਲ ਗਗਨ ਮਾਨ
ਚੰਡੀਗੜ੍ਹ,4ਜੁਲਾਈ(ਵਿਸ਼ਵ ਵਾਰਤਾ)-ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਆਪਣੇ ਮੰਤਰੀ ਮੰਡਲ ਦੀ ਪਹਿਲਾ ਵਿਸਥਾਰ ਕੀਤਾ ਗਿਆ ਹੈ । ਸੁਨਾਮ ਤੋਂ ਦੂਜੀ ਵਾਰ ਵਿਧਾਇਕ ਬਣੇ ਅਮਨ ਅਰੋੜਾ,ਅੰਮ੍ਰਿਤਸਰ ਦੱਖਣੀ ਦੇ ਡਾ.ਇੰਦਰਬੀਰ ਸਿੰਘ ਨਿੱਝਰ,ਸਮਾਣਾ ਦੇ ਚੇਤਨ ਸਿੰਘ ਜੌੜਾਮਾਜਰਾ,ਗੁਰੂ ਹਰਸਹਾਏ ਤੋਂ ਵਿਧਾਇਕ ਫੌਜਾ ਸਿੰਘ ਸਰਾਰੀ ਦੇ ਨਾਲ ਖਰੜ ਤੋਂ ਵਿਧਾਇਕ ਅਨਮੋਲ ਗਗਨ ਮਾਨ ਨੇ ਕੈਬਨਿਟ ਮੰਤਰੀ ਵਜੋਂ ਸਹੁੁੰ ਚੁੱਕੀ ਹੈ। ਇਸ ਦੇ ਨਾਲ ਦੱਸ ਦਈਏ ਕਿ ਅਨਮੋਲ ਗਗਨ ਮਾਨ ਮਸ਼ਹੂਰ ਪੰਜਾਬੀ ਗਾਇਕਾ ਹਨ ਅਤੇ ਪੰਜਾਬ ਦੇ ਮਾਨਸਾ ਜ਼ਿਲ੍ਹੇ ਨਾਲ ਸੰਬੰਧ ਰੱਖਦੇ ਹਨ। ਹਾਲਾਂਕਿ ਪਿਛਲੇ ਕਾਫੀ ਸਾਲਾਂ ਤੋਂ ਉਹ ਮੁਹਾਲੀ ਵਿਖੇ ਹੀ ਰਹਿ ਰਹੇ ਸਨ ਜਿਸ ਦੇ ਚੱਲਦਿਆਂ ਪਾਰਟੀ ਨੇ ਉਹਨਾਂ ਨੂੰ ਖਰੜ ਹਲਕੇ ਤੋਂ ਟਿਕਟ ਦਿੱਤੀ ਸੀ। ਜਿਸ ਵਿੱਚ ਉਹ ਜਿੱਤਣ ਵਿੱਚ ਕਾਮਯਾਬ ਵੀ ਰਹੇ। ਇਹ ਪਹਿਲਾ ਮੌਕਾ ਹੈ ਜਦੋਂ ਮਾਨਸਾ ਨਾਲ ਸੰਬੰਧਿਤ ਕਿਸੇ ਔਰਤ ਨੂੰ ਕੈਬਨਿਟ ਵਿੱਚ ਜਗ੍ਹਾ ਮਿਲੀ ਹੈ। ਜਿਕਰਯੋਗ ਹੈ ਕਿ ਵਿਧਾਇਕ ਬਣਨ ਤੋਂ ਪਹਿਲਾਂ ਉਹ ‘ਆਪ’ ਦੇ ਯੂਥ ਵਿੰਗ ਦੇ ਸੂਬਾ ਮੀਤ ਪ੍ਰਧਾਨ ਰਹਿ ਚੁੱਕੇ ਹਨ।ਉਹਨਾਂ ਨੇ ਚੋਣ ਪ੍ਰਚਾਰ ਦੌਰਾਨ ‘ਕੇਜਰੀਵਾਲ ਐਂਥਮ’ ਵੀ ਗਾਇਆ ਸੀ ਅਤੇ ਲੰਮੇ ਸਮੇਂ ਤੋਂ ਪਾਰਟੀ ਨਾਲ ਜੁੜੇ ਹੋਏ ਹਨ। ਵਿਧਾਇਕ ਬਣਨ ਤੋਂ ਬਾਅਦ ਵੀ ਉਹ ਸਰਗਰਮੀ ਨਾਲ ਕੰਮ ਕਰ ਰਹੇ ਹਨ ਅਤੇ ਇਸ ਦੌਰਾਨ ਉਹਨਾਂ ਨੇ ਪਾਰਟੀ ਦੇ ਮੇਨ ਬੁਲਾਰਿਆਂ ਵਿੱਚ ਵੀ ਆਪਣੀ ਜਗ੍ਹਾ ਬਣਾਈ ਹੈ।
ਅਨਮੋਲ ਗਗਨ ਮਾਨ ਦੀ ਕਿਸਮਤ ਕਹੋ ਜਾਂ ਆਮ ਆਦਮੀ ਪਾਰਟੀ ਦਾ ਕ੍ਰਿਸਮਾ, ਕਿ 32 ਸਾਲ ਦੀ ਉਮਰ ਵਿੱਚ ਹੀ ਉਸਨੇ ਉਹ ਕੁਝ ਹਾਸਲ ਕਰ ਲਿਆ ਜੋ ਬਹੁਤਿਆਂ ਨੂੰ ਸਾਰੀ ਉਮਰ ਖਤਮ ਕਰਨ ‘ਤੇ ਵੀ ਨਹੀਂ ਮਿਲਦਾ।
”ਹੋਣਹਾਰ ਬਿਰਵਾਨ ਦੇ ਚਿਕਨੇ ਚਿਕਨੇ ਪਾਤ” ਦੀ ਕਹਾਵਤ ਅਨੁਸਾਰ ਗਗਨਦੀਪ ਕੌਰ ਉਰਫ ਅਨਮੋਲ ਗਗਨ ਮਾਨ ਦਾ ਅੱਜ ਮੰਤਰੀ ਬਨਣਾ ਨਿਰਸੰਦੇਹ ਵੱਡੀ ਪ੍ਰਾਪਤੀ ਹੈ ਪਰ ਇਸ ਤੋਂ ਪਹਿਲਾਂ ਵੀ ਜਲਦੀ ਜਲਦੀ ਸਿਖਰਾਂ ਛੂਹਣ ਦੇ ਸੰਕੇਤ ਉਸ ਵਿੱਚ ਬਚਪਨ ਤੋਂ ਹੀ ਦਿੱਸਦੇ ਸਨ। ਅਜੇ ਉਹ 16 ਸਾਲ ਦੀ ਹੀ ਸੀ ਜਦੋਂ ਉਹ ਫੋਕ, ਭੰਗੜਾ ਤੇ ਗਿੱਧੇ ਵਿੱਚ ਸੰਸਾਰ ਪੱਧਰੇ ਮੁਕਾਬਲਿਆਂ ਲਈ ਚੁਣੀ ਗਈ ਅਤੇ ਇੰਗਲੈਂਡ ਅਤੇ ਰੂਸ ਵਿੱਚ ਆਪਣੀ ਕਲਾ ਦੇ ਜੌਹਰ ਦਿਖਾਏ।
ਮਾਨਸਾ ਜ਼ਿਲ੍ਹੇ ਦੇ ਛੋਟੇ ਜਿਹੇ ਪਿੰਡ ਖਿੱਲਣ ਦੇ ਕਿਰਤੀ ਕਿਸਾਨ ਪਰਿਵਾਰ ਦੀ ਕੁੜੀ ਅਨਮੋਲ ਗਗਨ ਮਾਨ ਦਾ ਕੈਬਨਿਟ ਮੰਤਰੀ ਦੀ ਕੁਰਸੀ ਤਕ ਪੁੱਜਣ ਦਾ ਸਫਰ ਸਖ਼ਤ ਮਿਹਨਤ ਅਤੇ ਇਮਾਨਦਾਰੀ ਦੇ ਬਲਬੂਤੇ ਹੈ। ਅਨਮੋਲ ਨੇ ਇਹ ਗੁਣ ਆਪਣੇ ਪਿਤਾ ਜੋਧਾ ਸਿੰਘ ਮਾਨ ਤੋਂ ਲਏ ਹਨ। ਰਾਜਨੀਤੀ ਅਤੇ ਕਲਾ ਦੀ ਗੁੜ੍ਹਤੀ ਵੀ ਉਸ ਨੂੰ ਪਰਿਵਾਰ ਵਿੱਚੋਂ ਮਿਲੀ ਹੈ। ਸਕੂਲ ਸਮੇਂ ਹੀ ਉਸ ਨੂੰ ਗੀਤ ਸੰਗੀਤ ਨਾਲ ਪਿਆਰ ਹੋ ਗਿਆ ਸੀ।
ਇੱਕਵੀਂ ਸਦੀ ਦੇ ਪਹਿਲੇ ਦਹਾਕੇ ਅਨਮੋਲ ਦਾ ਪਰਿਵਾਰ ਖਰੜ ਆ ਕੇ ਵਸ ਗਿਆ। ਅਨਮੋਲ ਐਮ ਸੀ ਐਮ ਕਾਲਜ ਚੰਡੀਗੜ੍ਹ ਦੀ ਵਿਦਿਆਰਥਣ ਬਣ ਗਈ। ਉਦੋਂ ਉਸਦਾ ਲਗਾਓ ਸਾਹਿਤ ਅਤੇ ਸੰਗੀਤ ਵਾਲੇ ਪਾਸੇ ਸੀ। ਉਸ ਨੈਤਿਕ ਕਦਰਾਂ ਕੀਮਤਾਂ ਅਤੇ ਉੱਚੇ ਜੀਵਨ ਮੁੱਲਾਂ ਵਾਲੇ ਆਰਟੀਕਲ ਲਿਖੇ। ਸਿਰਫ 18 ਸਾਲ ਦੀ ਉਮਰ ‘ਚ ਉਸ ਦੀ ਪੁਸਤਕ ‘ਅਸਲੀ ਇਨਸਾਨ ਕਿਵੇਂ ਬਣੀਏ’ ਛਪ ਗਈ। ਜਿਸ ਨੂੰ ਨੌਜਵਾਨਾਂ/ ਵਿਦਿਆਰਥੀਆਂ ਨੇ ਬਹੁਤ ਸਰਾਹਿਆ ਅਤੇ ਪੜ੍ਹਿਆ। ਸਾਹਿਤ ਤੋਂ ਉਸ ਦਾ ਝੁਕਾਅ ਸੰਗੀਤ ਵਾਲੇ ਪਾਸੇ ਹੋ ਗਿਆ, ਉਹ ਸ਼ਬਦਾਂ ਦੀ ਜਿਆਰਤ ਕਰਦੀ ਸੁਰਾਂ ਦੀ ਸੰਗਤ ਕਰਨ ਲੱਗੀ। ਗਾਇਕ ਬਨਣ ਦਾ ਸੁਪਨਾ ਸੰਜੋਈ ਬੈਠੀ ਗਗਨ ਨੇ ਪਹਿਲਾਂ ਤੂੰਬੀ ਸਿੱਖੀ ਤੇ ਫਿਰ ਹਰਮੋਨੀਅਮ ਸਿੱਖ ਕੇ ਗਾਉਣਾ ਸ਼ੁਰੂ ਕੀਤਾ।
ਜਦੋਂ ਉਸ ਦੀ ਆਵਾਜ਼ ਵਿੱਚ ਰਿਕਾਰਡ ਪਹਿਲਾ ਗੀਤ ਮਾਰਕੀਟ ਵਿੱਚ ਆਇਆ ਤਾਂ ਚਾਰੇ ਪਾਸੇ ਧੁੰਮਾਂ ਪੈ ਗਈਆਂ। ਉਹ ਗਗਨਦੀਪ ਕੌਰ ਤੋਂ ਅਨਮੋਲ ਗਗਨ ਮਾਨ ਬਣ ਗਈ। ਦਿਨਾਂ ਵਿੱਚ ਹੀ ਪੰਜਾਬੀ ਗਾਇਕੀ ਦੇ ਅੰਬਰਾਂ ਤੇ ਛਾ ਗਈ। ਨਾਰੀ ਸਸ਼ਕਤੀਕਰਨ ਤੇ ਪੰਜਾਬੀਆਂ ਦੇ ਮਹਾਨ ਵਿਰਸੇ ਵਾਲੇ ਉਸ ਦੇ ਗੀਤ ਫ਼ਿਜ਼ਾਵਾਂ ਵਿੱਚ ਗੂੰਜਣ ਲੱਗੇ। ਪੈਸੇ ਦੀ ਪ੍ਰਵਾਹ ਨਾ ਕਰਦਿਆਂ ਅਨਮੋਲ ਨੇ ਕੁੜੀਆਂ ਦਾ ਸੰਗੀਤਕ ਬੈਂਡ ਬਣਾਇਆ, ਜਿਸ ਦੀ ਦੁਨੀਆਂ ਵਿੱਚ ਕਿਧਰੇ ਮਿਸਾਲ ਨਹੀਂ ਮਿਲਦੀ। ਪੰਜਾਬ ਦੀ ਧੀ ਨੇ ਕੌਮੀ ਤੇ ਕੌਮਾਂਤਰੀ ਪੱਧਰ ਉੱਤੇ ਪੰਜਾਬੀਅਤ ਦਾ ਰੰਗ ਵਖੇਰਿਆ। ਲੱਖਾਂ ਦੀ ਗਿਣਤੀ ਵਾਲੇ ਮੇਲਿਆਂ ‘ਚ ਅਨਮੋਲ ਨੇ ਆਮ ਆਦਮੀ ਦੇ ਦਰਦ ਨੂੰ ਵੀ ਦੱਸਿਆ ਤੇ ਗਾਇਆ। ਉਸ ਦੇ ਗਾਣੇ ਦੇ ਨਾਲੋਂ ਲੋਕ ਉਸ ਦੇ ਲੈਕਚਰ ਨੂੰ ਵੀ ਗੀਤ ਵਾਂਗ ਹੀ ਮਾਣਦੇ ਰਹੇ।
ਫਿਰ ਆਮ ਅਦਮੀ ਪਾਰਟੀ ਦੇ ਸੁਪਰੀਮੋ ਤੇ ਉਸਦੀ ਟੀਮ ਦੀ ਨਜ਼ਰ ਇਸ ਗਾਇਕਾ ‘ਤੇ ਪਈ ਤੇ ਉਨ੍ਹਾਂ ਨੂੰ ਇਸ ਵਿੱਚੋਂ ਗਾਇਕੀ ਤੋਂ ਵੱਧ ਲੋਕ ਮਸਲਿਆਂ ਦੀ ਸੂਝਵਾਨ ਹੋਣ ਦੀ ਝਲਕ ਦਿਸੀ। ਕੇਜਰੀਵਾਲ ਦੀ ਆਮ ਆਦਮੀ ਪਾਰਟੀ ‘ਚ ਕੰਮ ਕਰਕੇ ਲੋਕਾਂ ਦੀ ਸੇਵਾ ਕਰਨ ਦੀ ਸਲਾਹ ਬਾਰੇ ਅਨਮੋਲ ਗਗਨ ਤੋਂ ਨਾਂਹ ਨਾ ਹੋਈ ਅਤੇ ਉਹ ਗਾਇਕੀ ਛੱਡ ਕੇ ਸਿਆਸੀ ਅਖਾੜੇ ਵਿੱਚ ਕੱਦ ਪਈ। ਲੋਕ ਹਿੱਤਾਂ ਲਈ ਜੂਝਣ ਦੀ ਮਨ ‘ਚ ਤਮੰਨਾ ਲੈ ਕੇ ਤੁਰੀ ਅਤੇ ਜ਼ੁਰਅਤ ਤੇ ਧੜੱਲੇ ਵਾਲੀ ਇਸ ਮੁਟਿਆਰ ‘ਚ ਕੁਝ ਕਰਨ ਦਾ ਜ਼ਜ਼ਬਾ ਸੀ, ਜੋ ਜਲਦੀ ਹੀ ਉਹ ਆਮ ਆਦਮੀ ਪਾਰਟੀ ਦੀਆਂ ਕੌਮੀ ਪੱਧਰ ਦੀਆਂ ਸਰਗਰਮੀਆਂ ਵਿੱਚ ਸਰਗਰਮ ਹੋ ਗਈ। ਪਾਰਟੀ ਨੇ ਉਸ ਨੂੰ ਜੋ ਵੀ ਕੰਮ ਦਿੱਤਾ, ਉਹ ਉਸ ਤੋਂ ਅੱਗੇ ਵਧ ਕੇ ਕਰਦੀ ਗਈ। ਫਿਰ ਉਸ ਨੂੰ ਯੂਥ ਵਿੰਗ ਦੀ ਕੋ- ਕਨਵੀਨਰ ਬਣਾ ਦਿੱਤਾ। ਚੋਣਾਂ ਤੋਂ ਪਹਿਲਾਂ ਉਨ੍ਹਾਂ ਨੂੰ ਖਰੜ ਦਾ ਹਲਕਾ ਇੰਚਾਰਜ ਲਗਾ ਦਿੱਤਾ ਜਿਸ ਦੀ ਅੰਤਿਮ ਸੀਮਾ ਉਸ ਨੇ 38000 ਵੋਟ ਦੇ ਫਰਕ ਨਾਲ ਪਾਰ ਕੀਤੀ। ਅੱਜ ਇਸ ਹੋਣਹਾਰ ਤੇ ਲੋਕਾਂ ਲਈ ਕੁਝ ਕਰ ਗੁਜ਼ਰਨ ਦੀ ਤਮੰਨਾ ਰੱਖਣ ਵਾਲੀ ਮੁਟਿਆਰ ਨੂੰ ਭਗਵੰਤ ਸਿੰਘ ਮਾਨ ਸਰਕਾਰ ਵਿੱਚ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਗਿਆ ਹੈ।
ਅਨਮੋਲ ਗਗਨ ਦੇ ਮਨ ਵਿੱਚ ਹਲਕਾ ਖਰੜ ਦੇ ਵਿਕਾਸ ਲਈ ਵੱਡੀਆਂ ਯੋਜਨਾਵਾਂ ਹਨ। ਜਿਨ੍ਹਾਂ ਦੀ ਪੂਰਤੀ ਲਈ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਸ ਨੂੰ ਮੰਤਰੀ ਦੀ ਜ਼ਿੰਮੇਵਾਰੀ ਸੌਂਪੀ ਹੈ। ਜਿਸ ਬਾਰੇ ਅਨਮੋਲ ਗਗਨ ਮਾਨ ਦਾ ਕਹਿਣਾ ਹੈ ਕਿ ਮੈਂ ਆਪਣੇ ਆਗੂਆਂ ਦੀ ਸੋਚ ਤੇ ਖਰੀ ਉੱਤਰਾਂਗੀ ਅਤੇ ਖਰੜ ਅਤੇ ਸਮੁੱਚੇ ਪੰਜਾਬ ਦੇ ਲੋਕਾਂ ਦੀ ਸੇਵਾ ਲਈ ਦਿਨ ਰਾਤ ਇਕ ਕਰ ਦਿਆਂਗੀ।