ਨਵੀਂ ਦਿੱਲੀ, 1 ਸਤੰਬਰ -ਪ੍ਰਧਾਨ ਮੰਤਰੀ, ਸ੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿਖੇ ਰਾਜਸਵ ਗਿਆਨ ਸੰਗਮ ਦਾ ਉਦਘਾਟਨ ਕੀਤਾ ਅਤੇ ਕੇਂਦਰ ਅਤੇ ਰਾਜ ਸਰਕਾਰਾਂ ਦੇ ਟੈਕਸ ਪ੍ਰਸ਼ਾਸਕਾਂ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਅਧਿਕਾਰੀਆਂ ਨੂੰ ਜ਼ੋਰ ਦੇ ਕੇ ਕਿਹਾ ਕਿ ਉਹ ਆਪਣੇ ਕਾਰਜ ਸਭਿਆਚਾਰ ਵਿੱਚ ਸੁਧਾਰ ਕਰਨ ਤਾਂ ਕਿ ਉਨ੍ਹਾਂ ਦੀ ਕਾਰਗੁਜ਼ਾਰੀ ਵਿੱਚ ‘ਲੋਡ਼ਵੰਦੀ’ ਅਤੇ ‘ਭੌਤਿਕ ਅਹਿਮੀਅਤ’ ਦੀ ਭਾਵਨਾ ਆਵੇ। ਜੀਐੱਸਟੀ ਦੇ ਲਾਭਾਂ ਨੂੰ ਗਿਣਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨਾਲ ਦੇਸ਼ ਵਿੱਚ ਆਰਥਿਕ ਇਕਮੁੱਠਤਾ ਪੈਦਾ ਹੋਈ ਹੈ, ਸਿਸਟਮ ਵਿੱਚ ਪਾਰਦਰਸ਼ਤਾ ਆਈ ਹੈ ਅਤੇ ਦੋ ਮਹੀਨੇ ਦੇ ਸਮੇਂ ਵਿੱਚ 17 ਲੱਖ ਨਵੇਂ ਵਪਾਰੀਆਂ ਨੂੰ ਅਪ੍ਰਤੱਖ ਟੈਕਸਾਂ ਦੇ ਦਾਇਰੇ ਵਿੱਚ ਲਿਆਂਦਾ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਰੇ ਵਪਾਰੀਆਂ ਤੱਕ ਜੀਐੱਸਟੀ ਦਾ ਵੱਧ ਤੋ ਵੱਧ ਲਾਭ ਪਹੁੰਚਾਉਣ ਲਈ ਸਾਨੂੰ ਇਹ ਯਕੀਨੀ ਬਣਾਉਣ ਲਈ ਕੰਮ ਕਰਨਾ ਚਾਹੀਦਾ ਹੈ ਕਿ ਸਾਰੇ ਵਪਾਰੀ , ਭਾਵੇਂ ਕਿ ਉਹ ਮੁਕਾਬਲਤਨ ਛੋਟੇ ਹੀ ਹੋਣ ਅਤੇ ਉਨ੍ਹਾਂ ਦੀ ਵਿਕਰੀ 20 ਲੱਖ ਤੋਂ ਘੱਟ ਵੀ ਹੋਵੇ, ਉਹ ਆਪਣੇ ਆਪ ਨੂੰ ਜੀਐੱਸਟੀ ਵਿੱਚ ਰਜਿਸਟਰ ਕਰਵਾਉਣ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਇਸ ਦਿਸ਼ਾ ਵਿੱਚ ਕੰਮ ਕਰਨ ਅਤੇ ਇਸ ਵਰਗ ਲਈ ਇਕ ਸਿਸਟਮ ਤਿਆਰ ਕਰਨ। ਪ੍ਰਧਾਨ ਮੰਤਰੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਦੇਸ਼ ਦਾ ਟੈਕਸ ਢਾਂਚਾ 2022 ਤੱਕ, ਜਿਸ ਵੇਲੇ ਕਿ ਅਜ਼ਾਦੀ ਦੀ 75ਵੀਂ ਵਰ੍ਹੇਗੰਢ ਹੈ, ਸੁਧਾਰਨ ਲਈ ਟੀਚੇ ਮਿੱਥਣ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਇਕ ਅਜਿਹਾ ਮਾਹੌਲ ਤਿਆਰ ਕਰਨ ਲਈ ਕੰਮ ਕਰ ਰਹੀ ਹੈ ਜਿਸ ਵਿੱਚ ਭ੍ਰਿਸ਼ਟਾਚਾਰੀਆਂ ਦਾ ਭਰੋਸਾ ਟੁੱਟੇ ਅਤੇ ਇਮਾਨਦਾਰੀ ਨਾਲ ਟੈਕਸ ਦੇਣ ਵਾਲਿਆਂ ਦੇ ਮਨ ਵਿੱਚ ਭਰੋਸਾ ਪੈਦਾ ਹੋਵੇ। ਇਸ ਸਬੰਧ ਵਿੱਚ ਉਨ੍ਹਾਂ ਕੇਂਦਰ ਸਰਕਾਰ ਵਲੋਂ ਚੁੱਕੇ ਜਾ ਰਹੇ ਕਦਮਾਂ, ਜਿਵੇਂ ਕਿ ਨੋਟਬੰਦੀ ਅਤੇ ਕਾਲੇ ਧਨ ਅਤੇ ਬੇਨਾਮੀ ਜਾਇਦਾਦਾਂ ਵਿਰੁੱਧ ਸਖਤ ਕਾਨੂੰਨ ਲਾਗੂ ਕਰਨ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਟੈਕਸ ਪ੍ਰਸ਼ਾਸਨ ਲੈਣ-ਦੇਣ ਵਿੱਚ ਮਨੁੱਖੀ ਦਖਲ ਘੱਟ ਤੋਂ ਘੱਟ ਹੋਣਾ ਚਾਹੀਦਾ ਹੈ ।
ਉਨ੍ਹਾਂ ਈ- ਅਸੈਸਮੈਂਟ ਅਤੇ ਕਾਰਜਸ਼ੈਲੀ ਵਿੱਚ ਟੈਕਨੋਲੋਜੀ ਦੀ ਮਦਦ ਨਾਲ ਗੁੰਮਨਾਮਪਨ ਨੂੰ ਹੱਲਾਸ਼ੇਰੀ ਦੇਣ ਉੱਤੇ ਜ਼ੋਰ ਦਿੱਤਾ ਤਾਂਕਿ ਸ਼ਰਾਰਤੀ ਅਨਸਰ ਕਾਨੂੰਨੀ ਰਸਤੇ ਵਿੱਚ ਕੋਈ ਰੁਕਾਵਟ ਖਡ਼ੀ ਨਾ ਕਰ ਸਕਣ। ਸ੍ਰੀ ਨਰੇਂਦਰ ਮੋਦੀ ਨੇ ਟੈਕਸਾਂ ਨਾਲ ਸੰਬੰਧਤ ਬਹੁਤ ਸਾਰੇ ਕੇਸਾਂ ਦੀ ਸੁਣਵਾਈ ਅਪੀਲੀ ਪੱਧਰ ਵਗੈਰਾ ਉੱਤੇ ਲਟਕਣ ਉੱਤੇ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਇਨ੍ਹਾਂ ਕੇਸਾਂ ਵਿੱਚ ਬਹੁਤ ਸਾਰੀ ਰਕਮ ਫਸੀ ਪਈ ਹੈ ਜੋ ਕਿ ਗਰੀਬਾਂ ਦੀ ਭਲਾਈ ਲਈ ਵਰਤੀ ਜਾ ਸਕਦੀ ਹੈ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਰਾਜਸਵ ਗਿਆਨ ਸੰਗਮ ਦੌਰਾਨ ਹੀ ਕੋਈ ਕਾਰਜ ਯੋਜਨਾ ਤਿਆਰ ਕਰਨ ਜਿਸ ਨਾਲ ਲਟਕ ਰਹੇ ਕੇਸਾਂ ਦਾ ਤੁਰੰਤ ਨਿਪਟਾਰਾ ਹੋ ਸਕੇ। ਪ੍ਰਧਾਨ ਮੰਤਰੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਅਣ ਐਲਾਨੀ ਆਮਦਨ ਅਤੇ ਜਾਇਦਾਦ ਦਾ ਪਤਾ ਲਗਾਉਣ ਲਈ ਅੰਕਡ਼ਾ ਵਿਸ਼ਲੇਸ਼ਣ ਔਜ਼ਾਰਾਂ ਦੀ ਵਰਤੋਂ ਕਰਨ । ਉਨ੍ਹਾਂ ਕਿਹਾ ਕਿ ਭਾਵੇਂ ਕਿ ਅਫਸਰਾਂ ਵਲੋਂ ਹਰ ਸਾਲ ਟੈਕਸ ਆਮਦਨ ਵਧਾਉਣ ਦੇ ਯਤਨ ਹੁੰਦੇ ਹਨ ਪਰ ਜਿੰਨੀ ਆਮਦਨ ਹੋਣ ਦਾ ਅੰਦਾਜ਼ਾ ਲਗਾਇਆ ਜਾਂਦਾ ਹੈ ਉਹ ਟੀਚਾ ਪੂਰਾ ਹੁੰਦਾ ਨਹੀਂ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ‘ਟੈਕਸ ਵਧਣ ਪਰ ਹਾਸਲ ਨਾ ਹੋਣ’ ਦੇ ਮਸਲੇ ਦੇ ਹੱਲ ਲਈ ਇਕ ਸਮਾਂਬੱਧ ਪ੍ਰੋਗਰਾਮ ਲਿਆਉਣ। ਉਨ੍ਹਾਂ ਕਿਹਾ ਕਿ ਇਮਾਨਦਾਰੀ ਨਾਲ ਟੈਕਸ ਭਰਨ ਵਾਲਿਆਂ ਨੂੰ ਬੇਈਮਾਨਾਂ ਦੇ ਮਾਡ਼ੇ ਕਾਰਿਆਂ ਦੀ ਸਜ਼ਾ ਲਗਾਤਾਰ ਭੁਗਤਣ ਨਹੀਂ ਦਿੱਤੀ ਜਾ ਸਕਦੀ। ਇਸ ਸਬੰਧ ਵਿੱਚ ਉਨ੍ਹਾਂ ਇਹ ਵੀ ਸੁਝਾਅ ਦਿੱਤਾ ਕਿ ਟੈਕਸ ਵਿਭਾਗਾਂ ਵਿੱਚ ਮਾਨਵ ਸੰਸਾਧਨ ਪ੍ਰਬੰਧਨ ਵਿੱਚ ਸੁਧਾਰ ਕੀਤਾ ਜਾਵੇ ਤਾਂਕਿ ਅੰਕਡ਼ਿਆਂ ਦੇ ਵਿਸ਼ਲੇਸ਼ਣ ਅਤੇ ਜਾਂਚ ਦਾ ਕੰਮ ਕਰਨ ਵਾਲਾ ਵਿੰਗ ਮਜ਼ਬੂਤ ਹੋ ਸਕੇ। ਪ੍ਰਧਾਨ ਮੰਤਰੀ ਨੇ ਆਸ ਪ੍ਰਗਟਾਈ ਕਿ ਇਹ ਦੋ ਦਿਨਾ ਗਿਆਨ ਸੰਗਮ ਟੈਕਸ ਪ੍ਰਸ਼ਾਸਨ ਵਿੱਚ ਸੁਧਾਰ ਦੇ ਠੋਸ ਵਿਚਾਰ ਲੈ ਕੇ ਆਵੇਗਾ।