ਇੱਕ ਹੋਰ ਮੰਤਰੀ ਈਡੀ ਨੇ ਕੀਤਾ ਗ੍ਰਿਫਤਾਰ
ਪੜ੍ਹੋ ਕਿਹੜੇ ਘੁਟਾਲੇ ਵਿੱਚ ਆਇਆ ਹੈ ਨਾਮ ਅਤੇ ਘਰ ਤੋਂ ਬਰਾਮਦ ਹੋਈ ਕਿੰਨੇ ਕਰੋੜ ਦੀ ਨਕਦੀ
ਚੰਡੀਗੜ੍ਹ,23 ਜੁਲਾਈ(ਵਿਸ਼ਵ ਵਾਰਤਾ)-ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਕੈਬਨਿਟ ਦੇ ਕੱਦਾਵਰ ਮੰਤਰੀ ਪਾਰਥਾ ਚੈਟਰਜੀ ਨੂੰ ਈਡੀ ਨੇ ਗ੍ਰਿਫ਼ਤਾਰ ਕਰ ਲਿਆ ਹੈ। ਕਰੀਬ 24 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਅੱਜ ਸਵੇਰੇ ਚੈਟਰਜੀ ‘ਤੇ ਇਹ ਕਾਰਵਾਈ ਕੀਤੀ ਗਈ। ਉਸ ‘ਤੇ ਅਧਿਆਪਕ ਭਰਤੀ ਘੁਟਾਲੇ ਦਾ ਦੋਸ਼ ਹੈ। ਚੈਟਰਜੀ ਦੇ ਘਰ ਦੇ ਬਾਹਰ ਸੀਆਰਪੀਐਫ ਤਾਇਨਾਤ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਪਾਰਥ ਚੈਟਰਜੀ ਦੀ ਕਰੀਬੀ ਅਰਪਿਤਾ ਮੁਖਰਜੀ ਨੂੰ ਵੀ ਹਿਰਾਸਤ ‘ਚ ਲਿਆ ਗਿਆ ਹੈ।
ਸ਼ੁੱਕਰਵਾਰ ਨੂੰ ਈਡੀ ਦੀ ਟੀਮ ਨੇ ਪਾਰਥਾ ਚੈਟਰਜੀ, ਸਿੱਖਿਆ ਰਾਜ ਮੰਤਰੀ ਪਰੇਸ਼ ਸੀ ਅਧਿਕਾਰੀ, ਵਿਧਾਇਕ ਮਾਨਿਕ ਭੱਟਾਚਾਰੀਆ ਦੇ ਘਰ ਸਮੇਤ 13 ਥਾਵਾਂ ‘ਤੇ ਛਾਪੇਮਾਰੀ ਕੀਤੀ। ਛਾਪੇਮਾਰੀ ਦੌਰਾਨ ਚੈਟਰਜੀ ਦੀ ਕਰੀਬੀ ਅਰਪਿਤਾ ਦੇ ਘਰੋਂ 20 ਕਰੋੜ ਰੁਪਏ ਦੀ ਨਕਦੀ ਬਰਾਮਦ ਹੋਈ। ਈਡੀ ਦੇ ਅਧਿਕਾਰੀਆਂ ਨੇ 500 ਅਤੇ 200 ਦੇ ਨੋਟ ਗਿਣਨ ਲਈ ਕਾਊਂਟਿੰਗ ਮਸ਼ੀਨਾਂ ਦੀ ਮਦਦ ਲਈ ਸੀ।