ਅਧਿਆਪਕਾਂ ਦੀਆਂ ਵੱਖ ਵੱਖ ਅਸਾਮੀਆਂ ਦੀ ਭਰਤੀ ਵਾਸਤੇ ਡੇਟ ਸ਼ੀਟ ਜਾਰੀ
ਚੰਡੀਗੜ, 1 ਜੂਨ(ਵਿਸ਼ਵ ਵਾਰਤਾ)-ਪੰਜਾਬ ਦੇ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਵੱਲੋਂ ਅਧਿਆਪਕਾਂ ਦੀ ਜਲਦੀ ਤੋਂ ਜਲਦੀ ਭਰਤੀ ਕਰਨ ਦੇ ਨਿਰਦੇਸ਼ ’ਤੇ ਕਾਰਵਾਈ ਕਰਦਿਆਂ ਸਿੱਖਿਆ ਭਰਤੀ ਡਾਇਰੈਕਟੋਰੇਟ ਨੇ ਅਧਿਆਪਕਾਂ ਦੀਆਂ ਵੱਖ ਵੱਖ ਅਸਾਮੀਆਂ ਦੀ ਭਰਤੀ ਵਾਸਤੇ ਇਮਤਿਹਾਨ ਲੈਣ ਲਈ ਨੇ ਡੇਟ ਸ਼ੀਟ ਜਾਰੀ ਕਰ ਦਿੱਤੀ ਹੈ।
ਇਸ ਦੀ ਜਾਣਕਾਰੀ ਦਿੰਦੇ ਹੋਏ ਅੱਜ ਏਥ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ‘ਘਰ ਘਰ ਰੋਜ਼ਗਾਰ’ ਯੋਜਨਾ ਦੇ ਹੇਠ ਸਕੂਲ ਸਿੱਖਿਆ ਵਿਭਾਗ ਵਿੱਚ ਮਾਸਟਰ ਕਾਡਰ (ਬਾਰਡਰ ਏਰੀਆ) ਦੀ ਭਰਤੀ ਵਾਸਤੇ 31 ਮਾਰਚ 2021 ਨੂੰ ਇਸ਼ਤਿਹਾਰ ਦਿੱਤਾ ਸੀ। ਇਸ ਦੇ ਅਨੁਸਾਰ ਸਾਇੰਸ ਦੀਆਂ 518, ਅੰਗਰੇਜ਼ੀ ਦੀਆਂ 380, ਮੈਥ ਦੀਆਂ 395 ਅਸਾਮੀਆਂ ਭਰੀਆਂ ਜਾਣੀਆਂ ਹਨ। ਇਸੇ ਤਰਾਂ ਹੀ ਦਿਵਿਆਂਗ ਸ਼੍ਰੇਣੀ ਹੇਠ ਬੈਕਲਾਗ ਦੀਆਂ 90 ਅਸਾਮੀਆਂ ਭਰਨ ਲਈ 17 ਮਈ 2021 ਨੂੰ ਇਸ਼ਤਿਹਾਰ ਦਿੱਤਾ ਗਿਆ ਸੀ। ਇਸ ਭਰਤੀ ਲਈ ਅੰਗਰੇਜ਼ੀ ਦੇ ਵਿਸ਼ੇ ਦਾ ਟੈਸਟ 20 ਜੂਨ 2021 ਨੂੰ ਸਵੇਰੇ 9.30 ਵਜੇ ਤੋਂ 12.00 ਵਜੇ ਤੱਕ ਹੋਵੇਗਾ ਜਦਕਿ ਸਾਇੰਸ ਦੇ ਵਿਸ਼ੇ ਦਾ ਟੈਸਟ 20 ਜੂਨ 2021 ਨੂੰ ਬਾਅਦ ਦੁਪਹਿਰ 2 ਵਜੇ ਤੋਂ 4.30 ਵਜੇ ਤੱਕ ਹੋਵੇਗਾ। ਇਸੇ ਤਰਾਂ ਹੀ ਮੈਥ ਦਾ ਟੈਸਟ 21 ਜੂਨ 2021 ਨੂੰ ਸਵੇਰੇ 9.30 ਵਜੇ ਤੋਂ 12.00 ਵਜੇ ਤੱਕ ਹੋਵੇਗਾ।
ਬੁਲਾਰੇ ਨੇ ਅੱਗੇ ਦੱਸਿਆ ਕਿ ਪ੍ਰੀ-ਪ੍ਰਾਇਮਰੀ ਅਧਿਆਪਕਾਂ ਦੀਆਂ 8933 ਅਸਾਮੀਆਂ ਭਰਨ ਲਈ 23 ਨਵੰਬਰ 2020 ਨੂੰ ਇਸ਼ਤਿਹਾਰ ਦਿੱਤਾ ਗਿਆ ਸੀ। ਇਸ ਵਾਸਤੇ ਟੈਸਟ 27 ਜੂਨ 2021 ਨੂੰ ਸਵੇਰੇ 11 ਵਜੇ ਤੋਂ 12 ਵਜੇ ਤੱਕ ਹੋਵੇਗਾ। ਉਮੀਦਵਾਰਾਂ ਨੂੰ ਟੈਸਟ ਸਥਾਨ ਦੀ ਜਾਣਕਾਰੀ ਰੋਲ ਨੰਬਰ ਦੇ ਨਾਲ ਦਿੱਤੀ ਜਾਵੇਗੀ।
——-