ਮਿਸ ਯੂਨੀਵਰਸ ਹਰਨਾਜ਼ ਸੰਧੂ ਨੂੰ ਕਰਨਾ ਪੈ ਸਕਦਾ ਹੈ ਮੁਸ਼ਕਿਲਾਂ ਦਾ ਸਾਹਮਣਾ
ਅਦਾਕਾਰਾ ਉਪਾਸਨਾ ਸਿੰਘ ਨੇ ਹਰਨਾਜ਼ ਸੰਧੂ ਖਿਲਾਫ਼ ਦਰਜ ਕਰਵਾਇਆ ਮੁਕੱਦਮਾ
ਪੜ੍ਹੋ ਕੀ ਹੈ ਪੂਰਾ ਵਿਵਾਦ
ਚੰਡੀਗੜ੍ਹ,4 ਅਗਸਤ(ਵਿਸ਼ਵ ਵਾਰਤਾ)- ਮਿਸ ਯੂਨੀਵਰਸ ਦਾ ਖਿਤਾਬ ਜਿੱਤ ਕੇ ਦੇਸ਼ ਦਾ ਨਾਮ ਚਮਕਾਉਣ ਵਾਲੀ ਹਰਨਾਜ਼ ਕੌਰ ਸੰਧੂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਬਾਲੀਵੁੱਡ ਅਤੇ ਪੰਜਾਬੀ ਫਿਲਮ ਅਦਾਕਾਰਾ ਉਪਾਸਨਾ ਸਿੰਘ ਨੇ ਹਰਨਾਜ਼ ਖਿਲਾਫ ਚੰਡੀਗੜ੍ਹ ਵਿੱਚ ਸਿਵਲ ਪਟੀਸ਼ਨ ਦਾਇਰ ਕੀਤੀ ਹੈ। ਉਪਾਸਨ ਸਿੰਘ ਅੱਜ ਸਵੇਰੇ ਆਪਣੇ ਵਕੀਲ ਨਾਲ ਅਦਾਲਤ ਪਹੁੰਚੀ। ਉਪਾਸਨਾ ਦਾ ਇਲਜ਼ਾਮ ਹੈ ਕਿ ਉਹ ਇੱਕ ਫਿਲਮ ਦਾ ਨਿਰਮਾਣ ਕਰ ਰਹੀ ਸੀ, ਜਿਸ ਵਿੱਚ ਹਰਨਾਜ਼ ਕੰਮ ਕਰਨ ਲਈ ਰਾਜ਼ੀ ਹੋ ਗਈ ਸੀ, ਪਰ ਹੁਣ ਉਸਨੇ ਫੋਨ ਚੁੱਕਣਾ ਬੰਦ ਕਰ ਦਿੱਤਾ ਹੈ। ਜਿਸ ਨੂੰ ਲੈ ਕੇ ਉਹਨਾਂ ਨੇ ਕੋਰਟ ਦਾ ਰੁਖ ਕੀਤਾ ਹੈ।
ਦਾਇਰ ਕੇਸ ਅਨੁਸਾਰ ਉਪਾਸਨਾ ਸਿੰਘ ਨੇ ਜਾਣਕਾਰੀ ਦਿੱਤੀ ਕਿ “ਸਾਲ 2020 ਵਿੱਚ ਹਰਨਾਜ਼ ਨੇ ਫੈਮਿਨਾ ਮਿਸ ਇੰਡੀਆ ਪੰਜਾਬ ਦਾ ਖਿਤਾਬ ਜਿੱਤਿਆ ਸੀ। ਉਸ ਸਮੇਂ ਦੌਰਾਨ ਉਸਨੇ ਸੰਤੋਸ਼ ਐਂਟਰਟੇਨਮੈਂਟ ਸਟੂਡੀਓਜ਼ ਐਲਐਲਪੀ ਨਾਲ ਇੱਕ ਕਲਾਕਾਰ ਸਮਝੌਤਾ ਕੀਤਾ। ਇਸ ਸਟੂਡੀਓ ਨੂੰ ਉਪਾਸਨਾ ਸਿੰਘ ਚਲਾ ਰਹੀ ਹੈ। ਉਪਾਸਨਾ ਅਨੁਸਾਰ ਉਸ ਨੇ ‘ਬਾਈ ਜੀ ਕੁੱਟਣਗੇ’ ਨਾਂ ਦੀ ਪੰਜਾਬੀ ਫ਼ਿਲਮ ਬਣਾਉਣੀ ਸੀ। ਇਸ ਵਿੱਚ ਉਨ੍ਹਾਂ ਨੇ ਹਰਨਾਜ਼ ਨੂੰ ਮੁੱਖ ਭੂਮਿਕਾ ਦਿੱਤੀ ਹੈ। ਇਕਰਾਰਨਾਮੇ ਤਹਿਤ ਕਲਾਕਾਰਾਂ ਨੂੰ ਫ਼ਿਲਮ ਦੇ ਪ੍ਰਚਾਰ ਕਾਰਜਾਂ ਲਈ ਉਪਲਬਧ ਹੋਣਾ ਸੀ । ਪਰ ਮਿਸ ਯੂਨੀਵਰਸ ਬਣਨ ਤੋਂ ਬਾਅਦ ਹਰਨਾਜ਼ ਨੇ ਇਕਰਾਰਨਾਮੇ ਨੂੰ ਤੋੜ ਦਿੱਤਾ ਹੈ ਅਤੇ ਉਸਨੇ ਆਪਣੇ ਆਪ ਨੂੰ ਫਿਲਮ ਦੀ ਕਾਸਟ ਅਤੇ ਕਰੂ ਤੋਂ ਦੂਰ ਕਰ ਲਿਆ ਹੈ।” ਇਸ ਲਈ ਚੰਡੀਗੜ੍ਹ ਅਦਾਲਤ ਵਿੱਚ ਹਰਨਾਜ਼ ਖ਼ਿਲਾਫ਼ ਕੇਸ ਦਾਇਰ ਕੀਤਾ ਗਿਆ ਹੈ।