ਸੰਘਰਸ਼ ਕਮੇਟੀ ਬਣਾਕੇ ਜਿੰਮੇਵਾਰ ਅਧਿਕਾਰੀਆਂ ਨੂੰ ਲੋਕਾਂ ਦੇ ਕੁਟੇਰਿਰੇ ’ਚ ਖੜ੍ਹੇ ਕਰਨ ਦਾ ਐਲਾਨ
ਮਾਨਸਾ, 19 ਫਰਵਰੀ( ਵਿਸ਼ਵਵਾਰਤਾ)-ਨਗਰ ਕੌਸਲ ਦੇ ਕਾਰਜ ਸਾਧਕ ਅਫ਼ਸਰ ਦੀ ਸਿਫਾਰਸ਼ ’ਤੇ ਮਾਨਸਾ ਸ਼ਹਿਰ ਦੇ ਦੋਨੋਂ ਥਾਣਿਆਂ ਵਿੱਚ ਆਪਣੀਆਂ ਜੱਦੀ-ਪੁਸ਼ਤੀ ਜ਼ਮੀਨਾਂ ਵੇਚਣ ਵਾਲੇ ਕਿਸਾਨਾਂ ਸਮੇਤ ਕਲੋਨਾਈਜ਼ਰਾਂ ਉਪਰ ਮਾਮਲਾ ਦਰਜ ਕਰਨ ਤੋਂ ਬਾਅਦ ਇਕੱਠੇ ਹੋਏ ਸ਼ਹਿਰੀ ਪੰਜਾਬ ਸਰਕਾਰ ’ਤੇ ਭੜਕ ਉਠੇ ਹਨ। ਇਕੱਠ ਦੌਰਾਨ ਸੰਬੋਧਨ ਕਰਨ ਵਾਲੇ ਸਾਰੇ ਬੁਲਾਰਿਆਂ ਨੇ ਇੱਕੋ ਸੁਰ ਕਿਹਾ ਕਿ ਜਦੋਂ ਜ਼ਮੀਨਾਂ ਵੇਚਣ ਵੇਲੇ ਸਰਕਾਰੀ ਫੀਸਾਂ ਭਰਕੇ ਉਨ੍ਹਾਂ ਦੀਆਂ ਰਜਿਸਟਰੀਆਂ ਕਰਵਾਈਆਂ ਹਨ ਅਤੇ ਬਾਅਦ ਵਿੱਚ ਖਰੀਦਦਾਰਾਂ ਨੇ ਆਪਣੇ ਘਰ ਪਾਉਣ ਨਗਰ ਕੌਸਲ ਤੋਂ ਨਕਸ਼ਾ ਪਾਸ ਕਰਵਾਉਣ ਸਮੇਤ ਬਿਜਲੀ,ਪਾਣੀ,ਸੀਵਰੇਜ਼ ਦਾ ਕੁਨੈਕਸ਼ਨ ਬਕਾਇਦਾ ਫੀਸ ਭਰਕੇ ਪਾਸ ਕਰਵਾਇਆ ਹੈ, ਜਦੋਂ ਕਿ ਸਰਕਾਰੀ ਪੈਸੇ ਨਾਲ ਕਲੌਨੀਆਂ ਵਿੱਚ ਸੜਕਾਂ ਉਸਰੀਆਂ ਹਨ ਅਤੇ ਸਟਰੀਟ ਲਾਈਟਾਂ ਲਾਈਆਂ ਗਈਆਂ ਹਨ, ਫਿਰ ਜ਼ਮੀਨਾਂ ਵੇਚਣ ਵਾਲਿਆਂ ’ਤੇ ਲੰਬੇ ਸਮੇਂ ਬਾਅਦ ਪਰਚਾ ਦਰਜ ਕਰਨ ਦੀ ਕੋਈ ਤੁੱਕ ਨਹੀਂ ਬਣਦੀ ਹੈ। ਭੜਕੇ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਅਧਿਕਾਰੀ ਆਪਣੀਆਂ ਖਾਮੀਆਂ ਛੁਪਾਉਣ ਲਈ ਹੁਣ ਜੱਦੀ ਪੁਸ਼ਤੀ ਜ਼ਮੀਨਾਂ ਦੇ ਮਾਲਕਾਂ ਅਤੇ ਕੋਠੀਆਂ ਪਾਉਣ ਵਾਲੇ ਲੋਕਾਂ ਉਤੇ ਪਰਚੇ ਦਰਜ ਕਰਕੇ ਨਵੀਂ ਬਿਪਤਾ ਖੜ੍ਹੀ ਕਰ ਰਹੇ ਹਨ, ਜਿਸ ਨੂੰ ਕਿਸੇ ਕੌਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਕੱਠ ਦੌਰਾਨ ਲੋਕਾਂ ਨੇ ਸਾਂਝੇ ਰੂਪ ਵਿੱਚ ਸੰਘਰਸ਼ ਸ਼ੁਰੂ ਕਰਨ ਲਈ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਹੈ।
ਹਰ ਵਰਗ ਦੇ ਜੁੜੇ ਹੋਏ ਇਸ ਇਕੱਠ ਨੂੰ ਸੰਬੋਧਨ ਕਰਦੇ ਹੋਏ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਨਿਰਮਲ ਸਿੰਘ ਝੰਡੂਕੇ ਨੇ ਕਿਹਾ ਕਿ ਜਦੋਂ ਇਨ੍ਹਾਂ ਕਲੋਨੀਆਂ ਵਿਚਲੀਆਂ ਕੋਠੀਆਂ ਦੇ ਨਕਸ਼ੇ ਪਾਸ ਹੋਏ ਹਨ, ਉਸ ਵੇਲੇ ਨਗਰ ਕੌਸਲ ਦੇ ਅਧਿਕਾਰੀਆਂ ਨੇ ਆਪਣੇ ਲਾਲਚਾਂ ਲਈ ਚੁੱਪ ਧਾਰੀ ਰੱਖੀ ਅਤੇ ਹੁਣ 15 ਤੋਂ 20 ਸਾਲਾਂ ਬਾਅਦ ਜ਼ਮੀਨੀ ਮਾਲਕਾਂ ਨੂੰ ਉਤੇ ਪਰਚੇ ਦਰਜ ਕਰਵਾਕੇ ਉਨ੍ਹਾਂ ਨੂੰ ਸਰਕਾਰ ਦੀ ਸ਼ਹਿ ’ਤੇ ਡਰਾਇਆ ਜਾ ਰਿਹਾ ਹੈ, ਜਿਸ ਲਈ ਬਕਾਇਦਾ ਸਾਂਝਾ ਸੰਘਰਸ਼ ਅੱਜ ਤੋਂ ਆਰੰਭ ਹੋ ਗਿਆ ਹੈ।
ਜ਼ਿਲ੍ਹਾ ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਮੁਨੀਸ਼ ਬੱਬੀ ਦਾਨੇਵਾਲੀਆ ਨੇ ਕਿਹਾ ਕਿ ਨਗਰ ਕੌਸਲ ਦੇ ਕਾਰਜ ਸਾਧਕ ਅਫ਼ਸਰ ਵੱਲੋਂ ਪੁਲੀਸ ਦੇ ਸੀਨੀਅਰ ਅਧਿਕਾਰੀਆਂ ਨੂੰ ਦਿੱਤੀ ਗਈ ਅਰਜ਼ੀ ਨਾਲ ਬੇਸ਼ੱਕ ਥਾਣਾ ਸਿਟੀ-1 ਅਤੇ 2 ਵਿੱਚ ਪਰਚੇ ਦਰਜ ਹੋ ਗਏ ਹਨ, ਪਰ ਇਨ੍ਹਾਂ ਪਰਚਿਆਂ ਲਈ ਜੇਕਰ ਪੁਲੀਸ ਸਮੇਤ ਹੋਰਨਾਂ ਅਧਿਕਾਰੀਆਂ ਵੱਲੋਂ ਕਿਸੇ ਨੂੰ ਪ੍ਰੇਸ਼ਾਨ ਕਰਨ ਦੀ ਕੋਸ਼ਿਸ ਕੀਤੀ ਤਾਂ ਸਾਂਝੇ ਰੂਪ ਵਿੱਚ ਅਧਿਕਾਰੀਆਂ ਘਿਰਾਓ ਕਰਨ ਤੋਂ ਬਿਲਕੁਲ ਸੰਕੋਚ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਕਾਨੂੰਨ ਦਾ ਸਹਾਰਾ ਵੀ ਲਿਆ ਜਾਵੇਗਾ ਅਤੇ ਇਹ ਪਰਚੇ ਬਿਲਕੁਲ ਗੈਰ-ਸੰਵਿਧਾਨਕ ਹਨ।
ਜਮਹੂਰੀ ਕਿਸਾਨ ਸਭਾ ਦੇ ਆਗੂ ਮੇਜਰ ਸਿੰਘ ਦੂਲੋਵਾਲ ਨੇ ਕਿਹਾ ਕਿ ਇਸ ਮਾਮਲੇ ਲਈ ਜਿੰਮੇਵਾਰ ਅਧਿਕਾਰੀਆਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਇਸ ਸਬੰਧੀ ਜਥੇਬੰਦਕ ਆਗੂ ਮਾਨਸਾ ਨਿਵਾਸੀਆਂ ਨੂੰ ਲਾਮਬੰਦ ਕਰਕੇ ਅੱਜ ਤੋਂ ਹੀ ਸੰਘਰਸ਼ ਦਾ ਐਲਾਨ ਕਰਦੇ ਹਨ।
ਇਸ ਮੌਕੇ ਇੱਕ ਸੰਘਰਸ਼ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਵਿੱਚ ਮੁਨੀਸ਼ ਬੱਬੀਦਾਨੇਵਾਲੀਆ, ਐਡਵੋਕੇਟ ਗੁਰਲਾਭ ਸਿੰਘ ਮਾਹਲ,ਡਾ. ਧੰਨਾ ਮੱਲ ਗੋਇਲ,ਕਿਸਾਨ ਆਗੂ ਨਿਰਮਲ ਸਿੰਘ ਝੂਡੁਕੇ, ਬਲਵਿੰਦਰ ਸਿੰਘ ਕਾਕਾ,ਮੇਜਰ ਸਿੰਘ ਦੂਲੋਵਾਲ,ਗੁਰਜੰਟ ਸਿੰਘ,ਐਡਵੋਕੇਟ ਕੁਲਵਿੰਦਰ ਸਿੰਘ ਉੱਡਤ, ਲਲਿਤ ਸ਼ਰਮਾ,ਪ੍ਰਸ਼ੋਤਮ ਅੱਗਰਵਾਲ, ਸੁਰਿੰਦਰ ਪੱਪੀ ਦਾਨੇਵਾਲੀਆ,ਰਾਹੁਲ ਰੁਪਾਲ ਸ਼ਰਮਾ,ਰਵੀ ਗਰਗ,ਇੰਦਰਸੈਨ ਅਕਲੀਆਂ,ਮਹਾਂਵੀਰ ਜੈਨ ਪਾਲੀ,ਮਾਧੋ ਮੂਰਰੀ ਸ਼ਰਮਾ,ਮੁਕੇਸ਼ ਕੁਮਾਰ,ਰਾਮ ਲਾਲ ਸ਼ਰਮਾ ਅਤੇ ਬਲਜੀਤ ਸ਼ਰਮਾ ਸ਼ਾਮਲ ਹਨ।