ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਬੰਦੀਛੋੜ ਦਿਵਸ ‘ਤੇ ਸਿਰਫ਼ ਘਿਓ ਦੇ ਦੀਵੇ ਬਾਲਣ ਦੇ ਆਦੇਸ਼
ਚੰਡੀਗੜ੍ਹ, 29 ਅਕਤੂਬਰ(ਵਿਸ਼ਵ ਵਾਰਤਾ) ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਇਕ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੇ 40 ਸਾਲ ਪੂਰੇ ਹੋਣ ਦੇ ਮੱਦੇਨਜ਼ਰ ਸਿੱਖ ਕੌਮ ਨੂੰ ਆਦੇਸ਼ ਕੀਤਾ ਗਿਆ ਹੈ ਕਿ 1 ਨਵੰਬਰ ਨੂੰ ਬੰਦੀਛੋੜ ਦਿਵਸ ਮੌਕੇ ਬੰਦੀਛੋੜ ਦਾਤਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀ ਯਾਦ ਵਿਚ ਕੇਵਲ ਘਿਓ ਦੇ ਦੀਵਿਆਂ ਦੀ ਹੀ ਦੀਪਮਾਲਾ ਕੀਤੀ ਜਾਵੇ ਅਤੇ ਬਿਜਲਈ ਸਜਾਵਟਾਂ ਨਾ ਕੀਤੀਆਂ ਜਾਣ। ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਤੋਂ ਜਾਰੀ ਲਿਖਤੀ ਬਿਆਨ ਵਿਚ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ 1 ਨਵੰਬਰ 1984 ਨੂੰ ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ ਵੱਖ-ਵੱਖ ਸੂਬਿਆਂ ਦੇ 110 ਸ਼ਹਿਰਾਂ ਵਿਚ ਇਕ ਗਿਣੀ-ਮਿੱਥੀ ਸਾਜ਼ਿਸ਼ ਤਹਿਤ ਕਾਂਗਰਸ ਹਕੂਮਤ ਦੀ ਸਰਪ੍ਰਸਤੀ ਹੇਠ ਸਿੱਖਾਂ ਦਾ ਬੇਰਹਿਮੀ ਦੇ ਨਾਲ ਕਤਲੇਆਮ ਕੀਤਾ ਗਿਆ ਸੀ, ਜੋ ਸਿੱਖ ਨਸਲਕੁਸ਼ੀ ਸੀ। ਉਨ੍ਹਾਂ ਕਿਹਾ ਕਿ 1 ਨਵੰਬਰ 2024 ਨੂੰ ਸਿੱਖ ਨਸਲਕੁਸ਼ੀ ਦੇ 40 ਵਰ੍ਹੇ ਹੋਣ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ 40 ਸਾਲਾਂ ਦੌਰਾਨ ਸਿੱਖਾਂ ਨੇ ਭਾਰਤੀ ਹਕੂਮਤ ਦੀ ਸਰਪ੍ਰਸਤੀ ਹੇਠ ਹੋਏ ਆਪਣੇ ਨਰਸੰਹਾਰ ਦੇ ਬਹੁਪੱਖੀ ਪ੍ਰਭਾਵਾਂ ਵਿਚੋਂ ਉਭਰਦਿਆਂ ਆਪਣੇ ਕੌਮੀ ਬਿਰਤਾਂਤ ਨੂੰ ਮੁੜ ਸਥਾਪਿਤ ਕਰਨ ਲਈ ਜਿਹੜਾ ਸੰਘਰਸ਼ਸ਼ੀਲ ਪੈਂਡਾ ਤਹਿ ਕੀਤਾ ਹੈ, ਉਹ ਵੀ ਅਦੁੱਤੀ ਅਤੇ ਲਾ-ਮਿਸਾਲ ਹੈ। ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਵਿਸ਼ਵ ਭਰ ਵਿਚ ਵੱਸਦੀਆਂ ਸਿੱਖ ਸੰਗਤਾਂ ਵਲੋਂ 1 ਨਵੰਬਰ ਵਾਲੇ ਦਿਨ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀ ਪਾਵਨ ਯਾਦ ਵਿਚ ਬੰਦੀਛੋੜ ਦਿਵਸ ਮਨਾਉਂਦਿਆਂ ਗੁਰਦੁਆਰਾ ਸਾਹਿਬਾਨ ਅਤੇ ਘਰਾਂ ਵਿਚ ਸਿਰਫ ਘਿਓ ਦੇ ਦੀਵਿਆਂ ਦੀ ਹੀ ਦੀਪਮਾਲਾ ਕੀਤੀ ਜਾਵੇ ਅਤੇ ਕਿਸੇ ਤਰ੍ਹਾਂ ਦੀ ਬਿਜਲਈ ਸਜਾਵਟ ਨਾ ਕੀਤੀ ਜਾਵੇ।