ਕੇਦਰੀ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਪੰਜਾਬ ਪੱਛੜਿਆ : ਰਵੀਇੰਦਰ ਸਿੰਘ
ਚੰਡੀਗੜ 5 ਫਰਵਰੀ (ਵਿਸ਼ਵ ਵਾਰਤਾ ) ਅਕਾਲੀ ਦਲ 1920 ਦੇ ਪ੍ਰਧਾਨ ਸ ਰਵੀਇੰਦਰ ਸਿੰਘ ਸਾਬਕਾ ਸਪੀਕਰ ਨੇ ਅੱਜ ਦੇੇ ਭਾਰਤ ਬੰਦ ਦੀ ਹਿਮਾਇਤ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਲੋਕਤੰਤਰ ਦੇ ਅਸੂਲਾਂ ਪ੍ਰਤੀ ਗੰਭੀਰ ਨਾ ਹੋੋਣ ਕਰਕੇ ਕਿਸਾਨੀ ਮੰਗਾਂ ਨੂੰ ਨਹੀ ਮੰਨ ਰਹੀ ਸਗੋ ਇਸ ਸੰਘਰਸ਼ ਨੂੰ ਦਬਾਉਣ ,ਲਮਕਾਉਣ ਲਈ ਸਾਜਿਸ਼ ਘੜ ਰਹੀ ਹੈ । ਉਨਾ ਦੱਸਿਆ ਕਿ ਕਹਿਰ ਦੀ ਸਰਦੀ ਚ ਕਿਸਾਨ,ਬੀਬੀਆਂ ਬੱਚੇ ਤੇ ਬਜੁਰਗ ਸੰਘਰਸ਼ ਕਰ ਰਹੇ ਤੇ ਕੋਈ ਅਸਰ ਨਹੀ । ਉਕਤ ਆਗੂ ਦੋਸ਼ ਲਾਇਆ ਕਿ ਮੋਦੀ ਸਰਕਾਰ ਪੰਜਾਬ ਨਾਲ ਵਿਤਕਰਾ ਹਰ ਫਰੰਟ ਤੇ ਕਰਨ ਕਰਕੇ ਸਰਹੱਦੀ ਸੂਬਾ ਸਮੇ ਦਾ ਹਾਣੀ ਨਹੀ ਬਣ ਸਕਿਆ ਜੋ ਕਿਸੇ ਸਮੇ ਦੇਸ਼ ਦਾ ਸਭ ਤੋ ਖੁਸ਼ਹਾਲ ਤੇ ਵਿਕਸਤ ਪ੍ਰਾਂਤ ਸੀ ਪਰ ਕੇਦਰੀ ਸਰਕਾਰਾਂ ਨੇ ਕਦੇ ਵੀ ਸਿੱਖ ਪ੍ਰਭਾਵ ਵਾਲੇ ਸਟੇਟ ਨੂੰ ਕੋਈ ਵਿਸ਼ੇਸ਼ ਪੈਕੇਜ ਨਹੀ ਦਿੱਤਾ । ਪੰਜਾਬ ਦੇ ਯੋਗਦਾਨ ਦੀ ਗੱਲ ਕਰਦਿਆਂ ਉਨਾ ਕਿਹਾ ਕਿ ਅਜਾਦੀ ਤੋ ਪਹਿਲਾਂ ਤੇ ਬਾਅਦ ਵਿੱਚ ਪੰਜਾਬੀਆਂ ਦਾ ਅਹਿਮ ਰੋਲ ਹੈ । ਦੇਸ਼ ਲਈ ਅਥਾਹ ਕੁਰਬਾਨੀਆਂ ਕਰਨ ਵਾਲੀ ਸਿੱਖ ਕੌਮ ਨੂੰ ਦੇਣ ਦੀ ਥਾਂ ਇਸ ਨੂੰ ਅਣਡਿੱਠ ਕੀਤਾ ਜਾ ਰਿਹਾ ਹੈ । ਉਨਾ ਚੇਤਾਵਨੀ ਭਰੇ ਲਹਿਜੇ ਚ ਕਿਹਾ ਕਿ ਖੇਤੀ ਕਾਨੂੰਨ ਰੱਦ ਨਾ ਕੀਤੇ ਗਏ ਤਾਂ ਸਿਆਸੀ ਅਸਥਿਰਤਾ ਦਾ ਵਧਣਾ ਕੁਦਰਤੀ ਹੈ ਤੇ ਲੋਕ ਕੇਦਰ ਸਰਕਾਰ ਖਿਲਾਫ ਲਾਮਬੰਦੀ ਕਰਨਗੇ । ਕਿਸਾਨੀ ਨੂੰ ਕਦੇ ਵੀ ਪੂੰਜੀਪਤੀਆਂ ਵਾਲੀਆਂ ਸਹੂਲਤਾਂ ਨਾ ਮਿਲਣ ਕਰਕੇ ਖੇਤੀਬਾੜੀ ਪੱਛੜੀ ਹੈ । ਉਨਾ ਖੇਤੀਬਾੜੀ ਨੂੰ ਸਹੂਲਤਾਂ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਉਹ ਕਾਲੇ ਖੇਤੀ ਕਾਨੂੰਨ ਰੱਦ ਕਰਕੇ ਸਿਆਸੀ,ਸਮਾਜੀ ਮਾਹੌਲ ਸੁਖਾਵਾ ਬਣਾਵੇ । ਸ ਰਵੀਇੰਦਰ ਸਿੰਘ ਨੇ ਮੁੜ ਲੋਕਾਂ ਤੇ ਜੋਰ ਦਿੱਤਾ ਕਿ ਉਹ ਅੱਜ ਬੰਦ ਸਫਲ ਕਰਨ ਲਈ ਚੱਕਾ ਜਾਮ ਕਰਨ ।