ਅਕਾਲੀ ਦਲ ਵੱਲੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਦਰੋਪਦੀ ਮੁਰਮੂ ਨੁੰ ਰਾਸ਼ਟਰਪਤੀ ਚੁਣੇ ਜਾਣ ਤੋਂ ਬਾਅਦ ਬੰਦੀ ਸਿੰਘਾਂ ਦੀ ਰਿਹਾਈ ਯਕੀਨੀ ਬਣਾਉਣ ਵਾਸਤੇ ਨਿੱਜੀ ਦਿਲਚਸਪੀ ਲੈਣ ਦੀ ਅਪੀਲ
ਚੰਡੀਗੜ੍ਹ, 13 ਜੁਲਾਈ (ਵਿਸ਼ਵ ਵਾਰਤਾ)- : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕੌਮੀ ਜਮਹੂਰੀ ਗਠਜੋੜ ਯਾਨੀ ਐਨ ਡੀ ਏ ਦੇ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਸ੍ਰੀਮਤੀ ਦਰੋਪਦੀ ਮੁਰਮੂ ਨੁੰ ਅਪੀਲ ਕੀਤੀ ਕਿ ਉਹ ਰਸ਼ਟਰਪਤੀ ਚੁਣੇ ਜਾਣ ਤੋਂ ਬਾਅਦ ਸਾਰੇ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਵਿਚ ਨਿੱਜੀ ਦਿਲਚਸਪੀ ਲੈਣ ਕਿਉਂਕਿ ਉਮਰ ਕੈਦ ਦੀਆਂ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਇਹ ਬੰਦੀ ਸਿੰਘ ਜੇਲ੍ਹਾਂ ਵਿਚ ਬੰਦ ਹਨ ਤੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਰਹਿਮ ਦੀ ਅਪੀਲ ਰਾਸ਼ਟਰਪਤੀ ਦੇ ਦਫਤਰ ਵਿਚ ਲੰਬਿਤ ਪਈ ਹੈ।
ਇਹ ਅਪੀਲ ਇਥੇ ਪਾਰਟੀ ਦੀ ਕੋਰ ਕਮੇਟੀ ਦੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਲਏ ਫੈਸਲੇ ਮਗਰੋਂ ਕੀਤੀ ਗਈ ਹੈ।
ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਨੁੰ ਲਿਖੇ ਪੱਤਰ ਵਿਚ ਅਕਾਲੀ ਦਲ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਸ੍ਰੀਮਤੀ ਮੁਰਮੂ, ਜੋ ਘੱਟ ਗਿਣਤੀਆਂ ਦਬੇ ਕੁਚਲੇ ਤੇ ਪਛੜੇ ਵਰਗਾਂ ਦੀ ਪ੍ਰਤੀਨਿਧਤਾ ਕਰਦੇ ਹਨ, ਸਿੱਖ ਕੌਮ ਦੇ ਲਟਕਦੇ ਮਸਲਿਆਂ ਖਾਸ ਤੌਰ ’ਤੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਹੱਲ ਕਰਵਾਉਣ ਵਿਚ ਮਦਦ ਕਰਨਗੇ।
ਇਸ ਅਪੀਲ ਵਿਚ ਜ਼ੋਰ ਦਿੱਤਾ ਗਿਆ ਕਿ ਉਮਰ ਕੈਦ ਦੀ ਸਜ਼ਾ ਪੂਰੀ ਹੋਣ ਦੇ ਬਾਵਜੂਦ ਬੰਦੀ ਸਿਘੰਾਂ ਨੁੰ ਜੇਲ੍ਹਾਂ ਵਿਚ ਬੰਦ ਰੱਖਣ ਤੋਂ ਦੁਨੀਆਂ ਭਰ ਵਿਚ ਵਸਦੇ ਸਿੱਖ ਗੰਭੀਰ ਚਿੰਤਤ ਹਨ ਤੇ ਉਹਨਾਂ ਨੂੰ ਆਸ ਹੈ ਕਿ ਰਾਸ਼ਟਰਪਤੀ ਬਣਨ ਮਗਰੋਂ ਸ੍ਰੀਮਤੀ ਮਰਮੂ ਸਿੱਖ ਕੌਮ ਦ ਸੰਤੁਸ਼ਟੀ ਅਨੁਸਾਰ ਮਸਲਾ ਹੱਲ ਕਰਵਾਉਣਗੇ।
ਵੇਰਵੇ ਸਾਂਝੇ ਕਰਦਿਆਂ ਪੱਤਰ ਵਿਚ ਦੱਸਿਆ ਗਿਆ ਕਿ ਸਭ ਤੋਂ ਪਹਿਲਾ ਕੇਸ ਭਾਈ ਬਲਵੰਤ ਸਿੰਘ ਰਾਜੋਆਣਾ ਦਾ ਹੈ, ਜੋ 28 ਸਾਲਾਂ ਤੋਂ ਜੇਲ੍ਹਾਂ ਵਿਚ ਬੰਦ ਹਨ। ਪੱਤਰ ਵਿਚ ਦੱਸਿਆ ਗਿਆ ਕਿ 2019 ਵਿਚ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ’ਤੇ ਕੇਂਦਰ ਸਰਕਾਰ ਨੇ ਉਹਨਾਂ ਦੀ ਸਜ਼ਾ ਮੁਆਫੀ ਦਾ ਐਲਾਨ ਕੀਤਾ ਸੀ। ਇਸ ਤੋਂ ਇਲਾਵਾ ਉਹਨਾਂ ਦੇ ਮਾਮਲੇ ਵਿਚ ਰਹਿਮ ਦੀ ਪਟੀਸ਼ਨ 2012 ਤੋਂ ਰਾਸ਼ਟਰਪਤੀ ਦੇ ਦਫਤਰ ਵਿਚ ਲੰਬਿਤ ਪਈ ਹੈ।
ਇਹ ਵੀ ਦੱਸਿਆ ਕਿ ਕਿਵੇਂ ਕੇਂਦਰ ਸਰਕਾਰ ਨੇ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ’ਤੇ 8 ਹੋਰ ਬੰਦੀ ਸਿੰਘਾਂ ਦੀ ਰਿਹਾਈ ਦਾ ਫੈਸਲਾ ਕੀਤਾ ਸੀ ਪਰ ਇਹ ਫੈਸਲਾ ਵੀ ਹਾਲੇ ਤੱਕ ਲਾਗੂ ਨਹੀਂ ਕੀਤਾ ਗਿਆ। ਪੱਤਰ ਵਿਚ ਇਹ ਵੀ ਦੱਸਿਆ ਕਿ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਫਾਈਲ ਪਿਛਲੇ 8 ਮਹੀਨਿਆਂ ਤੋਂ ਦਿੱਲੀ ਸਰਕਾਰ ਕੋਲ ਪਈ ਹੈ ਤੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਦੇ ਹਸਤਾਖ਼ਰ ਉਡੀਕ ਰਹੀ ਹੈ। ਇਹ ਵੀ ਦੱਸਿਆ ਕਿ ਜਗਤਾਰ ਸਿੰਘ ਹਵਾਰਾ, ਪਰਮਜੀਤ ਸਿੰਘ ਭਿਉਰਾ, ਜਗਤਾਰ ਸਿੰਘ ਤਾਰਾ, ਲਖਵਿੰਦਰ ਸਿੰਘ ਲੱਖਾ, ਗੁਰਮੀਤ ਸਿੰਘ ਅਤੇ ਸ਼ਮਸ਼ੇਰ ਸਿੰਘ ਉਹ ਬੰਦੀ ਸਿੰਘ ਹਨ ਜੋ 1995 ਤੋਂ ਜੇਲ੍ਹਾਂ ਵਿਚ ਬੰਦ ਹਨ। ਇਕ ਹੋਰ ਬੰਦੀ ਸਿੰਘ ਗੁਰਦੀਪ ਸਿਘੰ ਖਹਿਰਾ ਹਨ ਜੋ ਪਿਛਲੇ 32 ਸਾਲਾਂ ਤੋਂ 1990 ਤੋਂ ਅੰਮ੍ਰਿਤਸਰ ਕੇਂਦਰੀ ਜੇਲ੍ਹ ਵਿਚ ਬੰਦ ਹਨ।
ਪੱਤਰ ਵਿਚ ਇਹ ਵਿਸ਼ਵਾਸ ਪ੍ਰਗਟ ਕੀਤਾ ਗਿਆ ਕਿ ਕਮਜ਼ੋਰ ਤੇ ਦਬੇ ਕੁਚਲੇ ਵਰਗ ਦੇ ਪ੍ਰਤੀਨਿਧ ਹੋਣ ਦੇ ਨਾਅਤੇ ਸ੍ਰੀਮਤੀ ਮੁਰਮੂ ਸਿੱਖ ਕੌਮ ਦਾ ਦਰਦ ਸਮਝਣਗੇ ਅਤੇ ਢੁਕਵੀਂ ਕਾਰਵਾਈ ਕਰਨਗੇ। ਪੱਤਰ ਵਿਚ ਕਿਹਾ ਗਿਆ ਕਿ ਅਕਾਲੀ ਦਲ ਹਮੇਸ਼ਾ ਸਾਡੇ ਮਹਾਨ ਗੁਰੂ ਸਾਹਿਬਾਨ ਵੱਲੋਂ ਮਨੁੱਖਤਾ ਨੂੰ ਦਰਸਾਏ ਸਿਧਾਂਤਾਂ ‘ਤੇ ਚੱਲਦਾ ਹੈ ਤੇ ਇਸਦਾ ਮੰਨਣਾ ਹੈ ਕਿ ਇਹਨਾਂ ਆਦਰਸ਼ਾਂ ਤੋਂ ਹੀ ਪ੍ਰੇਰਿਤ ਹੋ ਕੇ ਪਾਰਟੀ ਨੇ ਉਹਨਾਂ ਦੀ ਹਮਾਇਤ ਦਾ ਫੈਸਲਾ ਕੀਤਾ ਹੈ।
ਸ੍ਰੀਮਤੀ ਮੁਰਮੂ ਨੂੰ ਇਹ ਵੀ ਦੱਸਿਆ ਗਿਆ ਕਿ ਪਾਰਟੀ ਦਾ 100 ਸਾਲਾਂ ਦਾ ਸ਼ਾਨਾਮੱਤਾ ਇਤਿਹਾਸ ਹੈ ਜਿਸ ਦੌਰਾਨ ਇਸਨੇ ਅਨੇਕਾਂ ਲੋਕ ਪੱਖੀ ਲਹਿਰਾਂ ਵਿਚ ਸ਼ਮੂਲੀਅਤ ਕੀਤੀ ਹੈ। ਅਕਾਲੀ ਦਲ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਐਮਰਜੰਸੀ ਲਗਾ ਕੇ ਲੋਕਤੰਤਰ ਦਾ ਗਲਾ ਘੁੱਟਣ ਦੇ ਯਤਨਾਂ ਦਾ ਪੁਰਜ਼ੋਰ ਵਿਰੋਧ ਕੀਤਾ। ਅਕਾਲੀ ਦਲ ਨੇ ਪੰਜਾਬ ਦੇ ਲੋਕਾਂ ਦੀਆਂ ਖੇਤਰੀ ਇੱਛਾਵਾਂ ਦੀ ਪ੍ਰਤੀਨਿਧਤਾ ਕੀਤੀ ਹੈ ਭਾਵੇਂ ਉਹ ਭਾਸ਼ਾ ਦਾ ਮਾਮਲਾ ਹੋਵੇ ਜਾਂ ਫਿਰ ਦਰਿਆਈ ਪਾਣੀਆਂ ਦਾ ਹੋਵੇ। ਦੁਨੀਆਂ ਭਰ ਵਿਚ ਵਸਦੀ ਸਿੱਖ ਕੌਮ ਤੇ ਉਸਦੀਆਂ ਆਸਾਂ ਦੀ ਪ੍ਰਤੀਨਿਧ ਜਮਾਤ ਹੈ।