ਅਕਾਲੀ ਦਲ-ਭਾਜਪਾ ਦਾ ਗੱਠਜੋੜ ਤੈਅ !
ਪ੍ਰਧਾਨ ਮੰਤਰੀ ਮੋਦੀ ਨਾਲ ਮੀਟਿੰਗ ਤੋਂ ਬਾਅਦ ਸਿਆਸੀ ਹਲਚਲ ਤੇਜ਼
ਕੈਪਟਨ ਅਮਰਿੰਦਰ ਸਿੰਘ ਵੀ ਚਾਹੁੰਦੇ ਹਨ ਪੰਜਾਬ ’ਚ ਭਾਜਪਾ ਤੇ ਅਕਾਲੀ ਦਾ ਗਠਜੋੜ
ਕਿਸਾਨਾਂ ਦੇ ਮਸਲਿਆਂ ਦੇ ਛੇਤੀ ਹੱਲ ਦਾ ਜਤਾਇਆ ਭਰੋਸਾ
ਚੰਡੀਗੜ੍ਹ,20 ਫਰਵਰੀ(ਵਿਸ਼ਵ ਵਾਰਤਾ)- ਬੀਤੇ ਦਿਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਗਈ। ਕੈਪਟਨ ਅਮਰਿੰਦਰ ਨੇ ਕਿਹਾ ਕਿ ਉਨ੍ਹਾਂ ਦੀ ਪ੍ਰਧਾਨ ਮੰਤਰੀ ਨਾਲ ਪੰਜਾਬ ਨਾਲ ਸਬੰਧਤ ਵਿਆਪਕ ਮੁੱਦਿਆਂ ਸਮੇਤ ਕਿਸਾਨਾਂ ਦੇ ਮੁੱਦਿਆਂ ‘ਤੇ ਵਿਸਥਾਰਪੂਰਵਕ ਮੀਟਿੰਗ ਹੋਈ ਹੈ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਕਿਸਾਨੀ ਦੇ ਮਸਲੇ ਦਾ ਜਲਦੀ ਹੀ ਤਸੱਲੀ ਬਖਸ਼ ਹੱਲ ਕਰ ਲਿਆ ਜਾਵੇਗਾ। ਕੈਪਟਨ ਅਮਰਿੰਦਰ ਸਿੰਘ ਦੇ ਨਾਲ ਉਨ੍ਹਾਂ ਦੀ ਬੇਟੀ ਅਤੇ ਪੰਜਾਬ ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਜੈ ਇੰਦਰ ਕੌਰ ਵੀ ਮੌਜੂਦ ਸਨ।
ਕੈਪਟਨ ਦੀ ਪ੍ਰਧਾਨ ਮੰਤਰੀ ਮੋਦੀ ਨਾਲ ਮੀਟਿੰਗ ਤੋਂ ਬਾਅਦ ਪੰਜਾਬ ਵਿੱਚ ਅਕਾਲੀ ਦਲ -ਭਾਜਪਾ ਗਠਜੋੜ ਨੂੰ ਲੈ ਕੇ ਸਿਆਸੀ ਹਲਚਲ ਹੋਰ ਵੀ ਤੇਜ਼ ਹੋ ਗਈ ਹੈ। ਦੱਸਣਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਇਹ ਬਿਆਨ ਦੇ ਚੁੱਕੇ ਹਨ ਕਿ ਉਹ ਇਸ ਗੱਠਜੋੜ ਦੇ ਹੱਕ ਵਿਚ ਹਨ। ਉਨ੍ਹਾਂ ਆਖਿਆ ਕਿ ਅਸੀਂ ਖੁੱਲ੍ਹੇ ਹੱਥਾਂ ਨਾਲ ਗੱਠਜੋੜ ਲਈ ਤਿਆਰ ਹਾਂ। ਉਨ੍ਹਾਂ ਨੂੰ ਪੂਰੀ ਆਸ ਹੈ ਕਿ ਇਹ ਸਭ ਹੋਵੇਗਾ। ਜੇਕਰ ਭਾਜਪਾ ਤੇ ਅਕਾਲੀ ਦਲ ਇਕੱਠੇ ਹੋ ਜਾਣ ਤਾਂ ਸਾਨੂੰ ਕੋਈ ਵੀ ਹਰਾ ਨਹੀਂ ਸਕਦਾ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਵੀ ਇਸੇ ਦੇ ਹੱਕ ਵਿਚ ਹਨ। ਕੈਪਟਨ ਅਮਰਿੰਦਰ ਸਿੰਘ ਦੇ ਇਸ ਬਿਆਨ ਤੋਂ ਬਾਅਦ ਹੀ ਪੰਜਾਬ ਵਿੱਚ ਸਿਆਸੀ ਸਰਗਰਮੀ ਵਧ ਗਈ ਹੈ। ਇਹ ਸੰਭਾਵਨਾ ਕਿ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਜਲਦ ਹੀ ਪੰਜਾਬ ਵਿੱਚ ਇੱਕ ਵਾਰ ਫਿਰ ਇਕੱਠੇ ਨਜ਼ਰ ਆ ਸਕਦੇ ਹਨ ਕਿਉਂਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੋਵਾਂ ਪਾਰਟੀਆਂ ਵਿਚਾਲੇ ਗਠਜੋੜ ਦੇ ਸੰਕੇਤ ਦਿੱਤੇ ਹਨ। ਉਨ੍ਹਾਂ ਨੇ ਖੁਦ ਇਸ ਮੁੱਦੇ ‘ਤੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨਾਲ ਗੱਲਬਾਤ ਕੀਤੀ ਹੈ। ਵਰਨਣਯੋਗ ਹੈ ਕਿ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਵੀ ਦੋਵਾਂ ਪਾਰਟੀਆਂ ਨੂੰ ਮੁੜ ਇਕਜੁੱਟ ਕਰਨ ਦੇ ਹੱਕ ਵਿਚ ਹਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਹਾਲ ਹੀ ‘ਚ ਸੰਕੇਤ ਦਿੱਤਾ ਹੈ ਕਿ ਇਸ ਮੁੱਦੇ ‘ਤੇ ਦੋਵਾਂ ਪਾਰਟੀਆਂ ਵਿਚਾਲੇ ਗੱਲਬਾਤ ਚੱਲ ਰਹੀ ਹੈ ਅਤੇ ਜਲਦ ਹੀ ਕੁਝ ਤੈਅ ਹੋ ਸਕਦਾ ਹੈ। ਕੈਪਟਨ ਨੇ ਕਿਹਾ ਕਿ ਪੰਜਾਬ ਵਿੱਚ ਅਕਾਲੀ ਦਲ ਅਤੇ ਭਾਜਪਾ ਦੇ ਗਠਜੋੜ ਦੀ ਬਹੁਤ ਲੋੜ ਹੈ। ਜੇਕਰ ਇਹ ਦੋਵੇਂ ਪਾਰਟੀਆਂ ਇਕੱਠੀਆਂ ਹੋ ਕੇ ਚੋਣ ਮੈਦਾਨ ਵਿੱਚ ਉਤਰਦੀਆਂ ਹਨ ਤਾਂ ਸਾਰੀਆਂ ਪਾਰਟੀਆਂ ਲਈ ਚੁਣੌਤੀ ਪੇਸ਼ ਕਰਨਗੀਆਂ। ਉਨ੍ਹਾਂ ਕਿਹਾ ਕਿ ਗਠਜੋੜ ਦੀ ਪ੍ਰਕਿਰਿਆ ਜਲਦੀ ਹੀ ਮੁਕੰਮਲ ਕਰ ਲਈ ਜਾਵੇਗੀ। ਪੇਂਡੂ ਖੇਤਰਾਂ ਵਿੱਚ ਅਕਾਲੀ ਦਲ ਮਜ਼ਬੂਤ ਹੈ, ਜਦੋਂ ਕਿ ਸ਼ਹਿਰੀ ਖੇਤਰਾਂ ਵਿੱਚ ਭਾਜਪਾ ਮਜ਼ਬੂਤ ਹੈ। ਹਾਲਾਂਕਿ ਉਨ੍ਹਾਂ ਨੇ ਸੀਟਾਂ ਦੀ ਵੰਡ ਬਾਰੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਕੈਪਟਨ ਨੇ ਕਿਹਾ ਕਿ ਇਸ ਸਬੰਧੀ ਸਥਿਤੀ ਜਲਦੀ ਹੀ ਸਪੱਸ਼ਟ ਹੋ ਜਾਵੇਗੀ।
13 ਫਰਵਰੀ ਤੋਂ ਕਿਸਾਨਾਂ ਵੱਲੋਂ ਮੁੜ ਕਿਸਾਨ ਅੰਦੋਲਨ ਕੀਤਾ ਜਾ ਰਿਹਾ ਹੈ, ਕਿਸਾਨ ਪੰਜਾਬ- ਹਰਿਆਣਾ ਦੀ ਸਰਹੱਦ ਤੇ ਦਿੱਲੀ ਜਾਣ ਲਈ ਡਟੇ ਹੋਏ ਹਨ, ਇਸ ਨੂੰ ਲੈ ਕੇ ਕੈਪਟਨ ਨੇ ਕਿਹਾ ਕਿ ਉਹ ਹਮੇਸ਼ਾ ਕਿਸਾਨਾਂ ਦੇ ਨਾਲ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਹੁੰਦਿਆਂ ਵੀ ਉਨ੍ਹਾਂ ਕਿਹਾ ਸੀ ਕਿ ਕਿਸਾਨਾਂ ਨੂੰ ਆਪਣਾ ਪੱਖ ਪੇਸ਼ ਕਰਨ ਲਈ ਦਿੱਲੀ ਜਾਣ ਦਿੱਤਾ ਜਾਵੇ। ਹੁਣ ਵੀ ਕੇਂਦਰ ਸਰਕਾਰ ਅਤੇ ਕਿਸਾਨਾਂ ਵਿਚਾਲੇ ਗੱਲਬਾਤ ਚੱਲ ਰਹੀ ਹੈ। ਮੀਟਿੰਗਾਂ ਦਾ ਦੌਰ ਜਾਰੀ ਹੈ। ਉਮੀਦ ਹੈ ਕਿ ਇਹ ਮਾਮਲਾ ਜਲਦੀ ਹੀ ਖਤਮ ਹੋ ਜਾਵੇਗਾ। ਇੱਥੇ ਇਹ ਵਰਨਣਯੋਗ ਹੈ ਕਿ ਪੰਜਾਬ ਵਿੱਚ ਮੌਜੂਦਾ ਕਿਸਾਨ ਅੰਦੋਲਨ ਕਾਰਨ ਅਕਾਲੀ ਦਲ ਅਤੇ ਭਾਜਪਾ ਦਾ ਗੱਠਜੋੜ ਫਸਿਆ ਹੋਇਆ ਹੈ। ਅਕਾਲੀ ਦਲ ਦੇ ਮੁੱਖ ਵੋਟਰ ਪੇਂਡੂ ਖੇਤਰਾਂ ਵਿੱਚ ਹਨ ਅਤੇ ਕਿਸਾਨ ਇਸ ਵਿੱਚ ਅਹਿਮ ਸਥਾਨ ਰੱਖਦੇ ਹਨ। ਦੂਜੇ ਪਾਸੇ ਭਾਜਪਾ ਦਾ ਵੋਟ ਬੈਂਕ ਸ਼ਹਿਰੀ ਖੇਤਰਾਂ ਵਿੱਚ ਹੈ। ਜਿਵੇਂ ਹੀ ਮੌਜੂਦਾ ਕਿਸਾਨ ਅੰਦੋਲਨ ਦਾ ਕੋਈ ਹੱਲ ਨਿਕਲ ਜਾਂਦਾ ਹੈ ਤਾਂ ਦੋਵਾਂ ਪਾਰਟੀਆਂ ਦਾ ਗਠਜੋੜ ਲਗਭਗ ਤੈਅ ਹੈ !