ਅਕਾਲੀ ਦਲ ਆਉਂਦੀਆਂ ਲੋਕ ਸਭਾ ਚੋਣਾਂ ਵਿਚ ਹਰਿਆਣਾ ਵਿਚ ਇਨੈਲੋ ਦੀ ਹਮਾਇਤ ਕਰੇਗਾ
ਅਭੈ ਚੌਟਾਲਾ ਨੇ ਕਿਹਾ ਕਿ ਇਨੈਲੋ ਅਤੇ ਅਕਾਲੀ ਦਲ ਦੇ ਇਕੱਠੇ ਹੋਣ ਨਾਲ ਹਰਿਆਣਾ ਦੇ ਲੋਕਾਂ ਦੀਆਂ ਆਸਾਂ ਪੂਰੀਆਂ ਹੋ ਸਕਣਗੀਆਂ
ਚੰਡੀਗੜ੍ਹ, 22 ਅਪ੍ਰੈਲ, 2024 (ਵਿਸ਼ਵ ਵਾਰਤਾ): ਸ਼੍ਰੋਮਣੀ ਅਕਾਲੀ ਦਲ ਆਉਂਦੀਆਂ ਲੋਕ ਸਭਾ ਚੋਣਾਂ ਦੌਰਾਨ ਹਰਿਆਣਾ ਵਿਚ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੀ ਹਮਾਇਤ ਕਰੇਗਾ।
ਇਸ ਬਾਰੇ ਫੈਸਲਾ ਪਾਰਟੀ ਦ ਹਰਿਆਣਾ ਯੂਨਿਟ ਦੀ ਹੋਈ ਮੀਟਿੰਗ ਵਿਚ ਲਿਆ ਗਿਆ ਜਿਸਦੀ ਪ੍ਰਧਾਨਗੀ ਪਾਰਟੀ ਦੇ ਸੀਨੀਅਰ ਆਗੂ ਤੇ ਹਰਿਆਣਾ ਇਕਾਈ ਦੇ ਇੰਚਾਰਜ ਸਰਦਾਰ ਬਲਵਿੰਦਰ ਸਿੰਘ ਭੂੰਦੜ ਨੇ ਕੀਤੀ। ਅਕਾਲੀ ਦਲ ਦੇ ਹਰਿਆਣਾ ਇਕਾਈ ਦੇ ਪ੍ਰਧਾਨ ਸਰਦਾਰ ਸ਼ਰਨਜੀਤ ਸਿੰਘ ਸੋਥਾ ਵੀ ਇਸ ਮੌਕੇ ਹਾਜ਼ਰ ਸਨ।
ਇਨੈਲੋ ਦੇ ਜਨਰਲ ਸਕੱਤਰ ਸ੍ਰੀ ਅਭੈ ਚੌਟਾਲਾ ਵੀ ਅਕਾਲੀ ਦਲ ਦੇ ਮੁੱਖ ਦਫਤਰ ਵਿਚ ਹੋਈ ਮੀਟਿੰਗ ਵਿਚ ਸ਼ਾਮਲ ਹੋਏ ਤੇ ਉਹਨਾਂ ਨੇ ਹਰਿਆਣਾ ਇਕਾਈ ਵੱਲੋਂ ਦਿਲੋਂ ਇਨੈਲੋ ਦੀ ਹਮਾਇਤ ਕਰਨ ਦੇ ਫੈਸਲੇ ਲਈ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਇਨੈਲੋ ਅਤੇ ਅਕਾਲੀ ਦਲ ਰਵਾਇਤੀ ਗਠਜੋੜ ਦੇ ਭਾਈਵਾਲਾ ਹਨ ਅਤੇ ਇਹਨਾਂ ਦੀ ਏਕਤਾ ਸਦਕਾ ਆਉਂਦੀਆਂ ਚੋਣਾਂ ਵਿਚ ਇਨੈਲੋ ਜੇਤੂ ਹੋ ਕੇ ਨਿਤਰੇਗੀ। ਉਹਨਾਂ ਇਹ ਵੀ ਦੱਸਿਆ ਕਿ ਕਿਵੇਂ ਖੇਤਰੀ ਪਾਰਟੀਆਂ ਨੂੰ ਹਾਸ਼ੀਏ ’ਤੇ ਲਿਆ ਕੇ ਖ਼ਤਮ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਸਿਰਫ ਖੇਤਰੀ ਪਾਰਟੀਆਂ ਹੀ ਖਿੱਤੇ ਦੇ ਲੋਕਾਂ ਦੀਆਂ ਆਸਾਂ ਪੂਰੀਆਂ ਕਰ ਸਕਦੀਆਂ ਹਨ ਅਤੇ ਉਹਨਾਂ ਨੂੰ ਵਿਸ਼ਵਾਸ ਹੈ ਕਿ ਇਨੈਲੋ ਅਤੇ ਅਕਾਲੀ ਦਲ ਦੇ ਹੱਥ ਮਿਲਾਉਣ ਨਾਲ ਹਰਿਆਣਾ ਦੇ ਲੋਕਾਂ ਦੀਆਂ ਆਸਾਂ ਪੂਰੀਆਂ ਹੋ ਸਕਣਗੀਆਂ।
ਇਸ ਮੌਕੇ ਸਰਦਾਰ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਪਾਰਟੀ ਨੇ ਹਰਿਆਣਾ ਵਿਚ ਆਪਣੇ ਕੇਡਰ ਤੋਂ ਫੀਡਬੈਕ ਲਈ ਹੈ ਜਿਸ ਵਿਚ ਵਰਕਰਾਂ ਨੇ ਕਿਹਾ ਹੈ ਕਿ ਅਕਾਲੀ ਦਲ ਨੂੰ ਇਨੈਲੋ ਦੀ ਹਮਾਇਤ ਕਰਨੀ ਚਾਹੀਦੀ ਹੈ ਜੋ ਇਕਲੌਤੀ ਪਾਰਟੀ ਹੈ ਜੋ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਨਾਲ-ਨਾਲ ਗਰੀਬਾਂ ਅਤੇ ਦਬੇ ਕੁਚਲੇ ਲੋਕਾਂ ਲਈ ਖੜ੍ਹਦੀ ਹੈ। ਉਹਨਾਂ ਕਿਹਾ ਕਿ ਪਾਰਟੀ ਜਲਦੀ ਹੀ ਆਪਣੀ ਹਰਿਆਣਾ ਟੀਮ ਨੂੰ ਫੀਲਡ ਵਿਚ ਤਾਇਨਾਤ ਕਰੇਗੀ ਅਤੇ ਇਨੈਲੋ ਦੀ ਹਮਾਇਤ ਵਾਸਤੇ ਡਿਊਟੀਆਂ ਲਗਾਈਆਂ ਜਾਣਗੀਆਂ। ਉਹਨਾਂ ਇਹ ਵੀ ਦੱਸਿਆਕਿ ਹਰਿਆਣਾ ਇਕਾਈ ਨੇ ਸਰਬਸੰਮਤੀ ਨਾਲ ਹੀ ਫੈਸਲਾ ਲਿਆ ਹੈ।
ਇਸ ਮੌਕੇ ਮੀਟਿੰਗ ਵਿਚ ਸ਼੍ਰੋਮਣੀ ਕਮੇਟੀ ਮੈਂਬਰ ਬਲਦੇਵ ਸਿੰਘ ਕਾਇਮਪੁਰੀ, ਹਰਭਜਨ ਸਿੰਘ ਮਸਾਣਾ ਅਤੇ ਜਗਸੀਰ ਸਿੰਘ ਮਾਂਗੇਆਣਾ ਤੇ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਗੁਰਦੀਪ ਸਿੰਘ ਭਾਨੋ ਖੇੜੀ ਵੀ ਹਾਜ਼ਰ ਸਨ।