ਨਵਾਂਸ਼ਹਿਰ, 8 ਜੁਲਾਈ (ਵਿਸ਼ਵ ਵਾਰਤਾ)-
ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਅੱਜ ਬਰਸਤਾ ਦੌਰਾਨ ਵੀ ਮੈਡੀਕਲ ਟੀਮਾਂ ਸਰਗਰਮ ਰਹੀਆਂ ਅਤੇ ਵੱਖ-ਵੱਖ ਥਾਂਵਾਂ ਤੋਂ 198 ਸੈਂਪਲ ਲਏ ਗਏ।
ਜ਼ਿਲ੍ਹਾ ਐਪੀਡੋਮੋਲੋਜਿਸਟ ਡਾ. ਜਗਦੀਪ ਸਿੰਘ ਨੇ ਦੱਸਿਆ ਕਿ ਮੀਂਹ ਦੇ ਬਾਵਜੂਦ ਸੈਂਪਲਿੰਗ ਟੀਮਾਂ ਨੇ ਆਪਣੀ ਡਿਊਟੀ ਪ੍ਰਤੀ ਸੰਜੀਦਗੀ ਦਿਖਾਈ ਅਤੇ ਨਵਾਂਸ਼ਹਿਰ, ਰਾਹੋਂ, ਬੰਗਾ, ਮੁਕੰਦਪੁਰ, ਬਲਾਚੌਰ ਅਤੇ ਰੈਲ ਮਾਜਰਾ ਵਿਖੇ ਸੈਂਪਲਿੰਗ ਕੀਤੀ।
ਉਨ੍ਹਾਂ ਦੱਸਿਆ ਕਿ ਰਾਹੋਂ ਅਤੇ ਨਵਾਂਸ਼ਹਿਰ ਵਿਖੇ 37 ਸੈਂਪਲ, ਬੰਗਾ ਤੇ ਮੁਕੰਦਪੁਰ ਵਿਖੇ 52, ਬਲਾਚੌਰ ਅਤੇ ਰੈਲ ਮਾਜਰਾ ਵਿਖੇ 99 ਸੈਂਪਲ ਲਏ ਗਏ। ਉਨ੍ਹਾਂ ਦੱਸਿਆ ਕਿ ਇਹ ਸਾਰੇ ਸੈਂਪਲ ਕੋਵਿਡ-19 ਦੀ ਪੁਸ਼ਟੀ ਕਰਵਾਉਣ ਲਈ ਸਰਕਾਰੀ ਕਾਲਜ ਪਟਿਆਲਾ ਭੇਜੇ ਜਾ ਰਹੇ ਹਨ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ-19 ਤੋਂ ਬਚਾਅ ਲਈ ਜ਼ਿਆਦਾਤਰ ਘਰਾਂ ’ਚ ਰਹਿਣ ਨੂੰ ਤਰਜੀਹ ਦੇਣ ਅਤੇ ਲੋੜ ਪੈਣ ’ਤੇ ਘਰੋਂ ਬਿਨਾਂ ਮਾਸਕ ਲਾਏ ਨਾ ਨਿਕਲਣ। ਇਸ ਤੋਂ ਇਲਾਵਾ ਸਮਾਜਿਕ ਦੂਰੀ ਨੂੰ ਪੂਰੀ ਤਰ੍ਹਾਂ ਕਾਇਮ ਰੱਖਣ ਅਤੇ ਆਪਣੇ ਹੱਥਾਂ ਨੂੰ ਵਾਰ-ਵਾਰ ਸਾਬਣ ਨਾਲ ਧੋਣ ਜਾਂ ਸੈਨੇਟਾਈਜ਼ ਕਰਨ। ਇਸ ਤੋਂ ਇਲਾਵਾ ਜਨਤਕ ਥਾਂਵਾਂ ’ਤੇ ਬਿਲਕੁਲ ਵੀ ਨਾ ਥੁੱਕਿਆ ਜਾਵੇ।
ਡਾ. ਜਗਦੀਪ ਅਨੁਸਾਰ ਕੋਰੋਨਾ ਵਾਇਰਸ ਦੀ ਰੋਕਥਾਮ ਅਸੀਂ ਕੇਵਲ ਸਾਵਧਾਨੀਆਂ ਨਾਲ ਹੀ ਕਰ ਸਕਦੇ ਹਾਂ, ਇਸ ਲਈ ਹਰ ਵਿਅਕਤੀ ਜ਼ਿੰਮੇਂਵਾਰ ਨਾਗਰਿਕ ਹੋਣ ਦਾ ਸਬੂਤ ਦੇਵੇ ਅਤੇ ਖੁਦ ਇਨ੍ਹਾਂ ਸਾਵਧਾਨੀਆਂ ਦੀ ਪਾਲਣਾ ਕਰਨ ਦੇ ਨਾਲ-ਨਾਲ ਆਲੇ-ਦੁਆਲੇ ਦੇ ਲੋਕਾਂ ਨੂੰ ਇਸ ਲਈ ਪ੍ਰੇਰੇ।