ਹਾਈਕੋਰਟ ਦੇ ਹੁਕਮ ਤੋਂ ਬਾਅਦ ਅੱਜ ਤੋਂ ਖੁੱਲ੍ਹੇਗਾ ਪੰਜਾਬ ਦੇ ਮੁੱਖ ਮੰਤਰੀ ਹਾਊਸ ਦੇ ਬਾਹਰ ਦਾ ਰਸਤਾ
ਚੰਡੀਗੜ੍ਹ, 1ਮਈ(ਵਿਸ਼ਵ ਵਾਰਤਾ) ਚੰਡੀਗੜ੍ਹ ਦੇ ਸੈਕਟਰ-2 ਸਥਿਤ ਪੰਜਾਬ ਦੇ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਦੇ ਬਾਹਰ ਸੜਕ ਸਾਲਾਂ ਤੋਂ ਬੰਦ ਪਈ ਹੈ। ਇਹ ਸੜਕ ਪੰਜਾਬ ਇੰਜਨੀਅਰਿੰਗ ਕਾਲਜ ਦੇ ਸਾਹਮਣੇ ਤੋਂ ਸ਼ੁਰੂ ਹੋ ਕੇ ਰਾਕ ਗਾਰਡਨ, ਹਾਈ ਕੋਰਟ, ਪੰਜਾਬ ਅਤੇ ਹਰਿਆਣਾ ਸਿਵਲ ਸਕੱਤਰੇਤ, ਬਰਡ ਪਾਰਕ, ਚੰਡੀਗੜ੍ਹ ਸੁਖਨਾ ਝੀਲ ਨੂੰ ਸਿੱਧੀ ਜੋੜਦੀ ਹੈ। ਪਰ ਇਸ ਨੂੰ ਸੁਰੱਖਿਆ ਕਾਰਨਾਂ ਕਰਕੇ ਬੰਦ ਕਰ ਦਿੱਤਾ ਗਿਆ ਸੀ, ਜਿਸ ਦੀ ਸੁਣਵਾਈ ਕਰਦਿਆਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਸ ਨੂੰ 1 ਮਈ ਤੋਂ ਖੋਲ੍ਹਣ ਦੇ ਹੁਕਮ ਦਿੱਤੇ ਹਨ। ਪੁਲਿਸ ਨੂੰ ਇਸ ‘ਤੇ ਟਰਾਇਲ ਪੂਰਾ ਕਰਕੇ ਅੱਗੇ ਵਿਸਥਾਰਤ ਜਵਾਬ ਦੇਣ ਲਈ ਵੀ ਕਿਹਾ ਗਿਆ ਹੈ। ਦੱਸਣਯੋਗ ਹੈ ਕਿ ਚੰਡੀਗੜ੍ਹ ਵਿੱਚ ਟ੍ਰੈਫਿਕ ਵਿਵਸਥਾ ਨੂੰ ਸੁਧਾਰਨ ਲਈ ਇਸ ਮਾਮਲੇ ਦਾ ਨੋਟਿਸ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਖੁਦ ਲਿਆ ਸੀ। ਇਸ ਦੌਰਾਨ ਖੁਲਾਸਾ ਹੋਇਆ ਕਿ ਪੰਜਾਬ ਦੇ ਮੁੱਖ ਮੰਤਰੀ ਨਿਵਾਸ ਦੇ ਬਾਹਰੋਂ ਲੰਘਦੀ ਸੜਕ ਸਾਲਾਂ ਤੋਂ ਬੰਦ ਪਈ ਹੈ। ਇਸ ਸਬੰਧੀ ਪੁਲੀਸ ਵੱਲੋਂ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੱਤਾ ਗਿਆ। ਹਾਲਾਂਕਿ ਸੁਰੱਖਿਆ ਕਾਰਨਾਂ ਦੀ ਪਟੀਸ਼ਨ ‘ਤੇ ਹਾਈਕੋਰਟ ਨੇ ਚੰਡੀਗੜ੍ਹ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੂੰ ਕਿਹਾ ਸੀ ਕਿ ਜਦੋਂ ਹਰਿਆਣਾ ਦੇ ਮੁੱਖ ਮੰਤਰੀ ਦੀ ਰਿਹਾਇਸ਼ ਦੇ ਬਾਹਰ ਸੜਕ ਆਮ ਲੋਕਾਂ ਲਈ ਖੁੱਲ੍ਹੀ ਹੈ ਤਾਂ ਫਿਰ ਪੰਜਾਬ ਲਈ ਵੱਖਰਾ ਪ੍ਰਬੰਧ ਕਿਉਂ ਹੈ। ਇਸ ਮਾਮਲੇ ਦੀ ਕਈ ਵਾਰ ਸੁਣਵਾਈ ਹੋਈ, ਜਿਸ ਤੋਂ ਬਾਅਦ ਇਹ ਹੁਕਮ ਜਾਰੀ ਕੀਤਾ ਗਿਆ।