ਚੰਡੀਗੜ੍ਹ, 1 ਸਤੰਬਰ (ਵਿਸ਼ਵ ਵਾਰਤਾ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਹਰਿਆਣਾ ਦੇ ਸ਼ਾਹਬਾਦ ਮਾਰਕੰਡਾ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਤਿੰਨ ਬੀੜਾਂ ਦੇ ਸੜ ਜਾਣ ਦੀ ਮੰਦਭਾਗੀ ਘਟਨਾ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ ਅਤੇ ਨਾਲ ਹੀ ਹਰਿਆਣਾ ਸਰਕਾਰ ਨੂੰ ਜ਼ੋਰ ਦੇ ਕੇ ਕਿਹਾ ਹੈ ਕਿ ਉਹ ਇਸ ਬੇਅਦਬੀ ਦੀ ਘਟਨਾ ਦੇ ਦੋਸ਼ੀਆਂ ਨੂੰ ਫੜਣ ਲਈ ਤੁਰੰਤ ਜਾਂਚ ਦੇ ਆਦੇਸ਼ ਦੇਵੇ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਉਹਨਾਂ ਨੂੰ ਇਹ ਜਾਣ ਕੇ ਬਹੁਤ ਦੁੱਖ ਹੋਇਆ ਹੈ ਕਿ ਵੀਰਵਾਰ ਸਵੇਰੇ ਹਰਿਆਣਾ ਦੇ ਕੁਰੂਕਸ਼ੇਤਰ ਜ਼ਿਲ੍ਹੇ ਅੰਦਰ ਸ਼ਾਹਬਾਦ ਮਾਰਕੰਡਾ ਵਿਚ ਪੈਂਦੇ ਪਿੰਡ ਨਾਹਰ ਮਾਜਰਾ ਦੇ ਗੁਰਦੁਆਰਾ ਸਾਹਿਬ ਦੀ ਪਰਿਕਰਮਾ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਤਿੰਨ ਬੀੜਾਂ ਅੱਗ ਨਾਲ ਸੜ੍ਹੀਆਂ ਪਾਈਆਂ ਗਈਆਂ। ਉਹਨਾਂ ਕਿਹਾ ਕਿ ਇਸ ਮੰਦਭਾਗੀ ਘਟਨਾ ਨੇ ਸਿੱਖ ਭਾਈਚਾਰੇ ਨੂੰ ਦੁੱਖ ਅਤੇ ਸ਼ੋਕ ਨਾਲ ਭਰ ਦਿੱਤਾ ਹੈ। ਇਹ ਘਟਨਾ ਕੁੱਝ ਸ਼ਰਾਰਤੀ ਤੱਤਾਂ ਦਾ ਕਾਰਾ ਵੀ ਹੋ ਸਕਦੀ ਹੈ ਜੋ ਕਿ ਅਸਥਿਰ ਸਥਿਤੀ ਦਾ ਫਾਇਦਾ ਚੁੱਕਣ ਲਈ ਫਿਰਕੂ ਅਸ਼ਾਂਤੀ ਫੈਲਾਉਣ ਦੀ ਸਾਜ਼ਿਸ਼ ਰਚ ਰਹੇ ਹੋਣ।
ਇਸ ਬੇਅਦਬੀ ਦੀ ਘਟਨਾ ਲਈ ਜ਼ਿੰਮੇਵਾਰ ਅਨਸਰਾਂ ਨੂੰ ਫੜਣ ਵਾਸਤੇ ਹਰਿਆਣਾ ਸਰਕਾਰ ਨੂੰ ਤੁਰੰਤ ਜਾਂਚ ਕਰਵਾਉਣ ਦੀ ਤਾਕੀਦ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸਰਕਾਰ ਨੂੰ ਸ਼ਰਾਰਤੀ ਤੱਤਾਂ ਨਾਲ ਸਖ਼ਤੀ ਨਾਲ ਨਜਿੱਠਣਾ ਚਾਹੀਦਾ ਹੈ ਤਾਂ ਕਿ ਅਜਿਹੀਆਂ ਬੇਅਦਬੀ ਦੀਆਂ ਘਟਨਾਵਾਂ ਨਾਲ ਸਮਾਜ ਦੀ ਫਿਰਕੂ ਸਦਭਾਵਨਾ ਤਾਰ ਤਾਰ ਨਾ ਹੋਵੇ। ਉਹਨਾਂ ਨੇ ਹਰਿਆਣਾ ਸਰਕਾਰ ਨੂੰ ਜ਼ੋਰ ਦੇ ਕੇ ਕਿਹਾ ਕਿ ਉਹ ਸਾਰੇ ਗੁਰਦੁਆਰਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਾਰੇ ਸੰਵੇਦਨਸ਼ੀਲ ਇਲਾਕਿਆਂ ਵਿਚ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕਰੇ। ਉਹਨਾਂ ਨੇ ਹਰਿਆਣਾ ਵਿਚ ਰਹਿੰਦੇ ਸਾਰੇ ਸਿੱਖਾਂ ਨੂੰ ਵੀ ਅਪੀਲ ਕੀਤੀ ਕਿ ਉਹ ਚੌਕਸ ਰਹਿ ਕੇ ਗੁਰਦੁਆਰਿਆਂ ਦੀ ਰਾਖੀ ਕਰਨ ਤਾਂ ਕਿ ਸ਼ਰਾਰਤੀ ਤੱਤ ਨੇੜੇ ਵੀ ਨਾ ਫਟਕਣ।
ਹਰਿਆਣਾ ‘ਚ ਬੀੜਾਂ ਸੜਣ ਦੀ ਘਟਨਾ ਨਿੰਦਣਯੋਗ : ਸੁਖਬੀਰ ਬਾਦਲ
Advertisement
Advertisement