ਚੰਡੀਗੜ 23 ਨਵੰਬਰ(ਵਿਸ਼ਵ ਵਾਰਤਾ ) ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜ਼ੋਰ ਦੇ ਕੇ ਕਿਹਾ ਕਿ ਉਹ ਉਹਨਾਂ ਸ਼ਰਾਰਤੀ ਤੱਤਾਂ ਦੀਆਂ ਫਿਰਕੂ ਤਣਾਅ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਨੂੰ ਤੁਰੰਤ ਨੱਥ ਪਾਉਣ, ਜਿਹੜੇ ਕਿ ਦਿਆਲ ਸਿੰਘ ਈਵਨਿੰਗ ਕਾਲਜ ਦਾ ਨਾਂ ਵੰਦੇ ਮਾਤਰਮ ਕਾਲਜ ਰੱਖਣਾ ਚਾਹੁੰਦੇ ਹਨ।
ਪ੍ਰਧਾਨ ਮੰਤਰੀ ਨੂੰ ਇੱਕ ਚਿੱਠੀ ਲਿਖਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਰਾਸ਼ਟਰ ਨਿਰਮਾਤਾ ਦਿਆਲ ਸਿੰਘ ਮਜੀਠੀਆ ਦੇ ਨਾਂ ਬਣੇ ਦਿਆਲ ਸਿੰਘ ਕਾਲਜ ਦਾ ਨਾਂ ਬਦਲਣ ਦਾ ਬੇਲੋੜਾ ਅਤੇ ਖਤਰਨਾਕ ਵਿਵਾਦ ਸਾਡੇ ਦੇਸ਼ ਦੀਆਂ ਲੋਕਤੰਤਰੀ ਅਤੇ ਧਰਮ ਨਿਰਪੱਖ ਕਦਰਾਂ ਕੀਮਤਾਂ ਉੱਤੇ ਬਦਨੁਮਾ ਧੱਬਾ ਲਗਾਵੇਗਾ। ਉਹਨਾਂ ਕਿਹਾ ਕਿ ਦੇਸ਼ ਵਿਚ ਅਜਿਹੀਆਂ ਅਣਗਿਣਤ ਸੰਸਥਾਵਾਂ ਹਨ, ਜਿਹੜੀਆਂ ਭਗਤ ਸਿੰਘ, ਮਹਾਤਮਾ ਗਾਂਧੀ ਅਤੇ ਹੋਰ ਹਸਤੀਆਂ ਦੇ ਨਾਂ ਉੱਤੇ ਚੱਲ ਰਹੀਆਂ ਹਨ ਅਤੇ ਕੋਈ ਵੀ ਉਹਨਾਂ ਦਾ ਨਾਂ ਬਦਲ ਕੇ ਵੰਦੇ ਮਾਤਰਮ ਰੱਖਣ ਬਾਰੇ ਨਹੀਂ ਸੋਚ ਸਕਦਾ। ਕੋਈ ਵਿਅਕਤੀ ਸਿਰਫ ਸ਼ਰਾਰਤ ਕਰਨ ਲਈ ਹੀ ਅਜਿਹੇ ਕਦਮ ਨੂੰ ਜਾਇਜ਼ ਠਹਿਰਾ ਸਕਦਾ ਹੈ। ਉਹਨਾਂ ਕਿਹਾ ਕਿ ਅਜਿਹੀਆਂ ਹਰਕਤਾਂ ਪਿੱਛੇ ਕੰਮ ਕਰਦੇ ਦਿਮਾਗਾਂ ਨੂੰ ਸਮਝਣਾ ਕਾਫੀ ਮੁਸ਼ਕਿਲ ਹੁੰਦਾ ਹੈ। ਜਿਸ ਤਰ•ਾਂ ਦਿਆਲ ਸਿੰਘ ਕਾਲਜ ਦਾ ਨਾਂ ਬਦਲਣ ਦੀ ਦਲੀਲ ਨੂੰ ਸਮਝਣਾ ਮੁਸ਼ਕਿਲ ਹੈ।
ਇਸ ਵਿਵਾਦ ਬਾਰੇ ਜਾਣਕਾਰੀ ਦਿੰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਦਿਆਲ ਸਿੰਘ ਇੱਕ ਬਹੁਤ ਹੀ ਮਹਾਨ ਦੇਸ਼-ਭਗਤ ਅਤੇ ਦਾਨੀ ਵਿਅਕਤੀ ਸੀ, ਜਿਸ ਨੇ 1895 ਵਿਚ ਇੱਕ ਐਜੂਕੇਸ਼ਨਲ ਟਰੱਸਟ ਦੀ ਸਥਾਪਨਾ ਲਈ ਆਪਣੀ ਅਸਟੇਟ ਦੇ ਦਿੱਤੀ ਸੀ। ਦਿਆਲ ਸਿੰਘ ਕਾਲਜ ਦੀ ਸਥਾਪਨਾ 1910 ਵਿਚ ਲਾਹੌਰ ਵਿਚ ਹੋਈ ਸੀ। ਵੰਡ ਤੋਂ ਮਗਰੋਂ ਦਿਆਲ ਸਿੰਘ ਕਾਲਜ ਕਰਨਾਲ ਅਤੇ ਦਿੱਲੀ ਵਿਚ ਬਣ ਗਿਆ ਸੀ। 1959 ਵਿਚ ਇਸ ਕਾਲਜ ਨੇ ਦਿੱਲੀ ਯੂਨੀਵਰਸਿਟੀ ਦੇ ਇੱਕ ਸਹਿਯੋਗੀ ਕਾਲਜ ਵਜੋਂ ਰਾਜਧਾਨੀ ਵਿਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਅਤੇ ਬਾਅਦ ਵਿਚ 1978 ਵਿਚ ਦਿੱਲੀ ਯੂਨੀਵਰਸਿਟੀ ਨੇ ਇਸ ਕਾਲਜ ਨੂੰ ਆਪਣੇ ਅਧੀਨ ਲੈ ਲਿਆ ਸੀ।
ਸਰਦਾਰ ਬਾਦਲ ਨੇ ਕਿਹਾ ਕਿ ਕਾਲਜ ਦੇ ਸਾਰੇ ਰਿਕਾਰਅ ਦਿਆਲ ਸਿੰਘ ਟਰੱਸਟ ਦੇ ਨਾਂ ਉੱਤੇ ਹਨ। ਇਸ ਤੋਂ ਬਾਅਦ 22 ਜੂਨ 1978 ਨੂੰ ਦਿਆਲ ਸਿੰਘ ਕਾਲਜ ਟਰੱਸਟ ਸੁਸਾਇਟੀ ਅਤੇ ਦਿੱਲੀ ਯੂਨੀਵਰਸਿਟੀ (ਪੋਆਇੰਟ 12) ਵਿਚਕਾਰ ਹੋਈ ਤਬਦੀਲੀ ਸੰਧੀ (ਟਰਾਂਸਫਰ ਡੀਡ) ਵਿਚ ਇਹ ਫੈਸਲਾ ਲਿਆ ਗਿਆ ਕਿ ਯੂਨੀਵਰਸਿਟੀ ਅਧੀਨ ਲਏ ਜਾਣ ਮਗਰੋਂ ਵੀ ਇਹ ਸੰਸਥਾ ਦਾ ਨਾਂ ਇਹੀ ਰਹੇਗਾ। ਉਹਨਾਂ ਕਿਹਾ ਕਿ ਗਵਰਨਿੰਗ ਬਾਡੀ ਵੱਲੋਂ ਦਿਆਲ ਸਿੰਘ ਕਾਲਜ ਦਾ ਨਾਂ ਬਦਲ ਕੇ ਵੰਦੇ ਮਾਤਰਮ ਰੱਖਣਾ ਇਸ ਕਲਾਜ਼ ਦੀ ਉਲੰਘਣਾ ਹੈ।
ਅਕਾਲੀ ਦਲ ਦੇ ਪ੍ਰਧਾਨ ਨੇ ਖੁਲਾਸਾ ਕੀਤਾ ਕਿ ਵੰਦੇ ਮਾਤਰਮ ਵਰਗੇ ਪਵਿੱਤਰ ਉਚਾਰਣ ਦੇ ਨਾਂ ਉੱਤੇ ਇੱਕ ਬੇਲੋੜਾ ਵਿਵਾਦ ਖੜ•ਾ ਕੀਤਾ ਜਾ ਰਿਹਾ ਹੈ ਅਤੇ ਜਿਸ ਨਾਲ ਮੁਲਕ ਅੰਦਰ ਇੱਕ ਵੱਡਾ ਟਕਰਾਅ ਵਾਲਾ ਵਿਵਾਦ ਖੜ•ਾ ਹੋ ਸਕਦਾ ਹੈ। ਉਹਨਾਂ ਕਿਹਾ ਕਿ ਵੰਦੇ ਮਾਤਰਮ ਦਾ ਉਚਾਰਣ ਹਰੇਕ ਭਾਰਤੀ ਦੇ ਅੰਦਰ ਦੇਸ਼ਭਗਤੀ ਦਾ ਮਹਾਨ ਜਜ਼ਬਾ ਪੈਦਾ ਕਰਦਾ ਹੈ, ਇਸ ਲਈ ਇਸ ਉਚਾਰਣ ਨੂੰ ਸੌੜੇ ਸਿਆਸੀ ਵਿਵਾਦਾਂ ਤੋਂ ਦੂਰ ਰੱਖਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਸ ਮੁੱਦੇ ਉੱਤੇ ਫਿਰਕੂ ਭਾਵਨਾਵਾਂ ਭੜਕਣੀਆਂ ਸ਼ੁਰੂ ਹੋ ਚੁੱਕੀਆਂ ਹਨ। ਇਹਨਾਂ ਨੂੰ ਇੱਥੇ ਹੀ ਦਬਾ ਦੇਣ ਦੀ ਲੋੜ ਹੈ। ਸ਼ਰਾਰਤੀ ਅਨਸਰਾਂ ਨੂੰ ਪੰਜਾਬ ਅਤੇ ਦਿੱਲੀ ਦੀ ਫਿਰਕੂ ਸਦਭਾਵਨਾ ਨੂੰ ਭੰਗ ਕਰਨ ਦਾ ਕੋਈ ਵੀ ਬਹਾਨਾ ਨਹੀਂ ਦੇਣਾ ਚਾਹੀਦਾ।
ਇਹ ਕਹਿੰਦਿਆਂ ਕਿ ਇਹ ਮੁੱਦਾ ਅਸਲ ਵਿਚ ਉਸ ਮਹਾਨ ਰਾਸ਼ਟਰਵਾਦੀ ਸਰਦਾਰ ਦਿਆਲ ਸਿੰਘ ਮਜੀਠੀਆ ਵੱਲੋਂ ਮੁਲਕ ਨੂੰ ਦਿੱਤੀ ਦੇਸ਼ ਭਗਤੀ ਦੀ ਵਿਰਾਸਤ ਨੂੰ ਸਾਂਭਣ ਦਾ ਮੁੱਦਾ ਹੈ, ਜਿਹਨਾਂ ਨੇ ਦ ਟ੍ਰਿਬਿਊਨ ਅਖਬਾਰ ਅਤੇ ਪੰਜਾਬ ਨੈਸ਼ਨਲ ਬੈਂਕ ਵਰਗੀਆਂ ਸੰਸਥਾਵਾਂ ਇਸ ਮੁਲਕ ਨੂੰ ਦਿੱਤੀਆਂ ਹਨ, ਸਰਦਾਰ ਬਾਦਲ ਨੇ ਪ੍ਰਧਾਨ ਮੰਤਰੀ ਨੂੰ ਬੇਨਤੀ ਕੀਤੀ ਕਿ ਉਹ ਤੁਰੰਤ ਦਖ਼ਲ ਦੇ ਕੇ ਇਸ ਮੁੱਦੇ ਉੱਤੇ ਉੱਠ ਰਹੀ ਭੜਕਾਹਟ ਉੱਤੇ ਕਾਬੂ ਪਾਉਣ। ਉਹਨਾਂ ਕਿਹਾ ਕਿ ਤੁਹਾਡੇ ਵੱਲੋਂ ਦਿੱਤਾ ਦਖ਼ਲ ਹੀ ਮੁਲਕ ਅੰਦਰ ਫਿਰਕੂ ਸਦਭਾਵਨਾ ਅਤੇ ਸ਼ਾਂਤੀ ਨੂੰ ਮਜ਼ਬੂਤ ਕਰੇਗਾ।
Weather Update : ਪੰਜਾਬ ‘ਚ ਡਿੱਗਿਆ ਪਾਰਾ ; ਕਈ ਜ਼ਿਲ੍ਹਿਆਂ ਵਿੱਚ ਕੋਲਡ ਵੇਵ ਦਾ ਅਲਰਟ ਜਾਰੀ
Weather Update : ਪੰਜਾਬ ‘ਚ ਡਿੱਗਿਆ ਪਾਰਾ ; ਕਈ ਜ਼ਿਲ੍ਹਿਆਂ ਵਿੱਚ ਕੋਲਡ ਵੇਵ ਦਾ ਅਲਰਟ ਜਾਰੀ ਚੰਡੀਗੜ੍ਹ, 30ਦਸੰਬਰ (ਵਿਸ਼ਵ...