ਸਿੱਧੂ ਮੂਸੇਵਾਲਾ ਕਤਲ ਕਾਂਡ ’ਚ 27 ਮੁਲਜ਼ਮਾਂ ’ਤੇ ਦੋਸ਼ ਆਇਦ
ਮਾਨਸਾ ਦੀ ਜ਼ਿਲ੍ਹਾ ਅਤੇ ਸ਼ੈਸ਼ਨ ਅਦਾਲਤ ਦਾ ਵੱਡਾ ਫੈਸਲਾ
ਮਾਨਸਾ, 1 ਮਈ(ਵਿਸ਼ਵ ਵਾਰਤਾ)- ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਅੱਜ ਮਾਨਸਾ ਦੇ ਜ਼ਿਲ੍ਹਾ ਤੇ ਸੈਸ਼ਨ ਜੱਜ ਹਰੀ ਸਿੰਘ ਗਰੇਵਾਲ ਦੀ ਅਦਾਲਤ ਵੱਲੋਂ 27 ਮੁਲਜ਼ਮਾਂ ’ਤੇ ਦੋਸ਼ ਆਇਦ ਕਰ ਦਿੱਤੇ ਗਏ ਹਨ।
ਮੂਸੇਵਾਲਾ ਦੇ ਐਡਵੋਕੇਟ ਸਤਿੰਦਰਪਾਲ ਸਿੰਘ ਮਿੱਤਲ ਅਤੇ ਉਸਦੇ ਪਿਤਾ ਬਲਕੌਰ ਸਿੰਘ ਸਿੱਧੂ ਤੋਂ ਮਿਲੀ ਜਾਣਕਾਰੀ ਅਨੁਸਾਰ ਕਤਲ ਕੇਸ ਦੇ ਟਰਾਇਲ 20 ਮਈ ਤੋਂ ਸ਼ੁਰੂ ਹੋ ਜਾਣਗੇ।
ਜਾਣਕਾਰੀ ਅਨੁਸਾਰ ਪੁਲੀਸ ਵੱਲੋਂ ਗੈਂਗਸਟਰ ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ ਸਮੇਤ 31 ਜਣਿਆਂ ਖਿਲਾਫ਼ ਮਾਨਸਾ ਦੀ ਅਦਾਲਤ ’ਚ ਚਲਾਨ ਪੇਸ਼ ਕੀਤਾ ਗਿਆ ਸੀ, ਜਦੋਂ ਕਿ ਇਸ ਚਲਾਨ ਵਿੱਚ ਸ਼ਾਮਲ ਜਗਰੂਪ ਸਿੰਘ ਰੂਪਾ,ਮਨਪ੍ਰੀਤ ਸਿੰਘ ਮੰਨਾ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਪੁਲੀਸ ਮੁਕਾਬਲੇ ਦੌਰਾਨ ਮਾਰੇ ਗਏ ਸਨ ਅਤੇ ਮਨਮੋਹਨ ਸਿੰਘ ਮੋਹਣਾ ਤੇ ਮਨਦੀਪ ਸਿੰਘ ਤੂਫਾਨ ਗੋਇੰਦਵਾਲ ਸਾਹਿਬ ਜੇਲ੍ਹ ’ਚ ਗੈਂਗਸਟਰਾਂ ਦੀ ਆਪਸੀ ਲੜਾਈ ਦੌਰਾਨ ਮਰ ਗਏ ਸਨ।
ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਅੱਜ ਦਿਨ ਮਨ ਨੂੰ ਸਕੂਨ ਦੇਣ ਵਾਲਾ ਸੀ ਅਤੇ ਅੱਜ ਪਹਿਲੀ ਵਾਰ ਦਿਲ ਨੂੰ ਖੁਸ਼ੀ ਮਿਲੀ ਹੈ, ਕਿਉਂਕਿ ਕੇਸ ਕਿਸੇ ਇਨਸਾਫ਼ ਦੇਣ ਵਾਲੇ ਪਾਸੇ ਤੁਰਿਆ ਹੈ।
ਇਥੇ ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦਾ ਕਤਲ 29 ਮਈ, 2022 ਨੂੰ ਮਾਨਸਾ ਨੇੜੇ ਪਿੰਡ ਜਵਾਹਰਕੇ ਵਿਖੇ ਗੈਂਗਸਟਰਾਂ ਵੱਲੋਂ ਗੋਲੀਆਂ ਮਾਰਕੇ ਕੀਤਾ ਗਿਆ ਸੀ।